ਚੰਡੀਗੜ੍ਹ, 8 ਮਈ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ‘ਟੀਬੀ ਮੁਕਤ ਹਰਿਆਣਾ’ ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਸੂਬਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਵਿਆਪਕ ਜਨ-ਜਾਗਰੂਕਤਾ ਮੁਹਿੰਮ, ਆਧੁਨਿਕ ਤਕਨੀਕ ਅਤੇ ਭਾਈਚਾਰਕ ਭਾਗੀਦਾਰੀ ਸਦਕਾ ਟੀਬੀ ਦੇ ਖਾਤਮੇ ਨੂੰ ਨਵੀਂ ਗਤੀ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ 24 ਮਾਰਚ 2026 (ਵਿਸ਼ਵ ਟੀਬੀ ਦਿਵਸ) ਤੋਂ ਸ਼ੁਰੂ ਕੀਤੀ ਗਈ 100 ਦਿਨਾਂ ਦੀ ਟੀਬੀ ਖਾਤਮਾ ਮੁਹਿੰਮ (ਫੇਜ਼-2) ਦੀ 30 ਦਿਨਾਂ ਦੀ ਅੰਤਰਿਮ ਪ੍ਰਗਤੀ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਹੁਣ ਤੱਕ 10,978 ਨਵੇਂ ਟੀਬੀ ਮਰੀਜ਼ਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਹ ਸਫਲਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਤਕਨੀਕਾਂ ਅਤੇ ਸਰਗਰਮ ਕੇਸ ਖੋਜ (Active Case Finding) ਰਣਨੀਤੀ ਕਾਰਨ ਸੰਭਵ ਹੋਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਹੁਣ ਰਾਜ ਦੀ ਰਣਨੀਤੀ ਸਿਰਫ਼ ਮਰੀਜ਼ਾਂ ਦੇ ਸਾਹਮਣੇ ਆਉਣ ਦੀ ਉਡੀਕ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਜਾ ਕੇ ਲੱਛਣ ਰਹਿਤ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਛਿਪੇ ਹੋਏ ਮਾਮਲਿਆਂ ਦੀ ਸਮੇਂ ਸਿਰ ਪਛਾਣ ਹੋ ਸਕੇ।
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਹਰਿਆਣਾ ਵਿੱਚ ਤਕਨੀਕ ਦੀ ਪ੍ਰਭਾਵੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ "ਏਆਈ-ਸਮਰੱਥ ਹੈਂਡਹੈਲਡ ਐਕਸ-ਰੇ ਮਸ਼ੀਨਾਂ" ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਤੁਰੰਤ ਜਾਂਚ ਦੀ ਸਹੂਲਤ ਦੇ ਰਹੀਆਂ ਹਨ। ‘ਕਫ ਅਗੇਂਸਟ ਟੀਬੀ’ (CATB) ਐਪ ਖੰਘ ਦੀ ਆਵਾਜ਼ ਦਾ ਵਿਸ਼ਲੇਸ਼ਣ ਕਰਕੇ ਸੰਭਾਵੀ ਮਰੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਰਿਹਾ ਹੈ।
ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਮਿਸ਼ਨ ਡਾਇਰੈਕਟਰ ਡਾ. ਆਰ.ਐਸ. ਢਿੱਲੋਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੀ ਸਫਲਤਾ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਅਹਿਮ ਭੂਮਿਕਾ ਨਿਭਾਈ ਹੈ। 65 ਮੋਬਾਈਲ ਮੈਡੀਕਲ ਯੂਨਿਟਾਂ ਨੂੰ ‘ਚਲਦੀ-ਫਿਰਦੀ ਲੈਬ’ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਨਾਲ ਦੂਰ-ਦਰਾਡੇ ਦੇ ਖੇਤਰਾਂ ਵਿੱਚ ਵੀ ਜਾਂਚ ਸੰਭਵ ਹੋ ਸਕੀ ਹੈ। ਇਸ ਦੇ ਨਾਲ ਹੀ ਲੋਕ ਪ੍ਰਤੀਨਿਧੀਆਂ ਅਤੇ ਪੰਚਾਇਤੀ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਨਾਲ ਟੀਬੀ ਨਾਲ ਜੁੜੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਮਦਦ ਮਿਲੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਟੀਬੀ ਦੀ ਜਾਂਚ ਨੂੰ ਆਮ ਸਿਹਤ ਜਾਂਚ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਅਨੀਮੀਆ ਦੀ ਜਾਂਚ ਵੀ ਸ਼ਾਮਲ ਹੈ, ਤਾਂ ਜੋ ਸਮੁੱਚੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜੀਓਸਪੇਸ਼ੀਅਲ ਤਕਨੀਕ ਰਾਹੀਂ 2,111 ਸੰਵੇਦਨਸ਼ੀਲ ਪਿੰਡਾਂ ਅਤੇ ਵਾਰਡਾਂ ਦੀ ਪਛਾਣ ਕਰਕੇ ਉੱਥੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਉਕਤ ਮੁਹਿੰਮ ਤਹਿਤ 24 ਮਾਰਚ ਤੋਂ 5 ਮਈ 2026 ਤੱਕ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੌਰਾਨ ਕੁੱਲ 1620 ਕੈਂਪ ਲਗਾਏ ਗਏ, ਜਿਨ੍ਹਾਂ ਵਿੱਚੋਂ 938 ਉੱਚ ਜੋਖਮ ਵਾਲੇ ਖੇਤਰਾਂ ਵਿੱਚ ਲਗਾਏ ਗਏ। ਇਸੇ ਤਰ੍ਹਾਂ 1,81,221 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ, 49,953 NAAT ਟੈਸਟ ਕੀਤੇ ਗਏ, 10,978 ਨਵੇਂ ਟੀਬੀ ਮਰੀਜ਼ਾਂ ਦੀ ਪਛਾਣ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮਿਆਦ ਦੌਰਾਨ 335 ਨਵੇਂ ਨਿਕਸ਼ੈ ਮਿੱਤਰ ਰਜਿਸਟਰਡ ਕੀਤੇ ਗਏ ਜਦਕਿ 8502 ਪੋਸ਼ਣ ਕਿੱਟਾਂ ਵੰਡੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਟੀਬੀ ਦੇ ਮੁਕੰਮਲ ਖਾਤਮੇ ਲਈ ਵਚਨਬੱਧ ਹੈ ਅਤੇ ਹਰ ਮਰੀਜ਼ ਤੱਕ ਇਲਾਜ ਤੇ ਸਹਾਇਤਾ ਪਹੁੰਚਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਸਲਸਵਿਹ/2026
*****