ਚੰਡੀਗੜ੍ਹ, 8 ਮਈ - ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸੇਵਾ (ਕਾਰਜਕਾਰੀ ਸ਼ਾਖਾ) ਦੇ ਅਧਿਕਾਰੀਆਂ ਦੀ ਸਾਲ 2025–26 ਦੀ ਸਾਲਾਨਾ ਕਾਰਗੁਜ਼ਾਰੀ ਮੁਲਾਂਕਣ ਰਿਪੋਰਟ (ਏਪੀਆਰ) ਦਰਜ ਕਰਨ ਦੀ ਸਮਾਂ-ਸੀਮਾ ਇੱਕ ਮਹੀਨੇ ਲਈ ਵਧਾ ਦਿੱਤੀ ਹੈ।
ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਹੁਣ ਐਚਸੀਐਸ ਅਧਿਕਾਰੀਆਂ ਨੂੰ 31 ਮਈ ਦੀ ਬਜਾਏ 30 ਜੂਨ, 2026 ਤੱਕ ਆਪਣਾ ਸਵੈ-ਮੁਲਾਂਕਣ ਪੇਸ਼ ਕਰਨਾ ਹੋਵੇਗਾ। ਰਿਪੋਰਟਿੰਗ ਅਥਾਰਟੀ ਨੂੰ 31 ਅਗਸਤ ਤੱਕ ਮੁਲਾਂਕਣ ਪੂਰਾ ਕਰਨਾ ਹੋਵੇਗਾ। ਰਿਵਿਊਇੰਗ ਅਥਾਰਟੀ ਨੂੰ 31 ਅਕਤੂਬਰ ਤੱਕ ਸਮੀਖਿਆ ਕਰਨੀ ਹੋਵੇਗੀ, ਜਦੋਂ ਕਿ ਸਵੀਕਾਰ ਕਰਨ ਵਾਲੀ ਅਥਾਰਟੀ ਵੱਲੋਂ 31 ਦਸੰਬਰ, 2026 ਤੱਕ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਵਰਨਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ ਨੂੰ HCS (ਕਾਰਜਕਾਰੀ ਸ਼ਾਖਾ) ਅਧਿਕਾਰੀਆਂ ਦੀ ਸਾਲ 2025-26 ਦੀ ਸਾਲਾਨਾ ਕਾਰਗੁਜ਼ਾਰੀ ਮੁਲਾਂਕਣ ਰਿਪੋਰਟ ਰਾਜ ਦੇ ਇੰਟਰਾ-ਨੈਟ ਪੋਰਟਲ ਰਾਹੀਂ ਆਨਲਾਈਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਐਚਸੀਐਸ ਅਧਿਕਾਰੀਆਂ ਦੀ ਪੀਏਆਰ ਵੈੱਬਸਾਈਟ http://intrahry.gov.in 'ਤੇ ਆਨਲਾਈਨ ਦਰਜ ਕੀਤੀ ਜਾਵੇਗੀ ਅਤੇ ਇਸ ਨੂੰ 31 ਦਸੰਬਰ, 2026 ਤੱਕ ਅੰਤਿਮ ਰੂਪ ਦੇਣਾ ਲਾਜ਼ਮੀ ਹੋਵੇਗਾ।
ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਬੋਰਡਾਂ ਤੇ ਨਿਗਮਾਂ ਦੇ ਮੁਖੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਅਧਿਕਾਰੀ ਐਚਆਰਐਮਐਸ ਪੋਰਟਲ 'ਤੇ ਉਪਲਬਧ ਆਪਣੇ ਪੇਈ (Payee) ਕੋਡ ਅਤੇ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਪੋਰਟਲ 'ਤੇ ਲੌਗਇਨ ਕਰ ਸਕਣਗੇ। ਤਸਦੀਕ ਲਈ ਰਜਿਸਟਰਡ ਮੋਬਾਈਲ ਨੰਬਰ 'ਤੇ ਵਨ-ਟਾਈਮ ਪਾਸਵਰਡ (OTP) ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਡਿਜੀਟਲ ਸਿਗਨੇਚਰ ਸਰਟੀਫਿਕੇਟ (DSC) ਜਾਂ ਸਕੈਨ ਕੀਤੇ ਹਸਤਾਖਰ ਅਪਲੋਡ ਕਰਕੇ ਵੀ ਪ੍ਰਮਾਣਿਕਤਾ ਕੀਤੀ ਜਾ ਸਕੇਗੀ।
40 ਸਾਲ ਤੋਂ ਵੱਧ ਉਮਰ ਦੇ HCS ਅਧਿਕਾਰੀਆਂ ਲਈ ਸਿਹਤ ਜਾਂਚ ਲਾਜ਼ਮੀ ਕੀਤੀ ਗਈ ਹੈ ਅਤੇ ਸਵੈ-ਮੁਲਾਂਕਣ ਦੇ ਨਾਲ ਮੈਡੀਕਲ ਰਿਪੋਰਟ ਦਾ ਸਾਰ ਵੀ ਅਪਲੋਡ ਕਰਨਾ ਹੋਵੇਗਾ।
ਕਾਰਜ ਪ੍ਰਦਰਸ਼ਨ ਦਾ ਮੁਲਾਂਕਣ 1 ਤੋਂ 10 ਦੇ ਪੈਮਾਨੇ 'ਤੇ ਸੰਖਿਆਤਮਕ ਗ੍ਰੇਡਿੰਗ ਪ੍ਰਣਾਲੀ ਰਾਹੀਂ ਕੀਤਾ ਜਾਵੇਗਾ। ਇਸ ਵਿੱਚ ਕਾਰਜ ਪ੍ਰਦਰਸ਼ਨ, ਨਿੱਜੀ ਗੁਣਾਂ ਅਤੇ ਕਾਰਜਸ਼ੀਲ ਯੋਗਤਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਆਨਲਾਈਨ ਪ੍ਰਣਾਲੀ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਜੇਕਰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸਬੰਧਤ ਅਥਾਰਟੀ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਰਿਪੋਰਟ ਆਪਣੇ ਆਪ ਅਗਲੇ ਪੱਧਰ 'ਤੇ ਭੇਜ ਦਿੱਤੀ ਜਾਵੇਗੀ, ਤਾਂ ਜੋ ਮੁਲਾਂਕਣ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਸਕੇ।
ਸਲਸਵਿਹ/2026
*****