ਚੰਡੀਗੜ੍ਹ, 8 ਮਈ- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ “ਸਮਾਵੇਸ਼ੀ, ਸ਼ਾਂਤੀਪੂਰਨ, ਮਜ਼ਬੂਤ ਅਤੇ ਨਿਰੰਤਰ ਵਿਸ਼ਵ ਲਈ ਲੋਕਤੰਤਰ” ਵਿਸ਼ੇ ਨੂੰ ਕੇਂਦਰ ਵਿੱਚ ਰੱਖਦੇ ਹੋਏ ਈਵੀਐਮ, ਡਾਕ ਮਤ ਪੱਤਰ, ਵੋਟਿੰਗ ਪ੍ਰਕਿਰਿਆ ਅਤੇ ਖੇਤਰੀ ਪੱਧਰ ਦੀਆਂ ਚੁਣੌਤੀਆਂ 'ਤੇ ਇੱਕ ਮਹੱਤਵਪੂਰਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਹਿੱਸਾ ਲੈ ਕੇ ਚੋਣ ਪ੍ਰਕਿਰਿਆਵਾਂ ਨੂੰ ਹੋਰ ਵੱਧ ਪ੍ਰਭਾਵੀ ਅਤੇ ਪਾਰਦਰਸ਼ੀ ਬਣਾਉਣ 'ਤੇ ਵਿਚਾਰ-ਵਟਾਂਦਰਾ ਕੀਤਾ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਏ. ਸ੍ਰੀਨਿਵਾਸ ਨੇ ਵਰਕਸ਼ਾਪ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਲ 2026 ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਭਾਰਤ ਨੇ ‘ਇੰਟਰਨੈਸ਼ਨਲ ਆਈ.ਡੀ.ਈ.ਏ.’ ਦੇ ਕੌਂਸਲ ਆਫ ਮੈਂਬਰ ਸਟੇਟਸ ਦੀ ਅਗਵਾਈ ਸੰਭਾਲੀ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਿੰਮੇਵਾਰੀ ਭਾਰਤ ਚੋਣ ਕਮਿਸ਼ਨ ਦੀ ਅਗਵਾਈ ਅਤੇ ‘ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ’ ਦੇ ਸਹਿਯੋਗ ਨਾਲ ਨਿਭਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸੇ ਪਹਿਲ ਦੇ ਤਹਿਤ ਹਰਿਆਣਾ ਨੂੰ “ਬੈਲਟਿੰਗ ਇਨਕਲੂਡਿੰਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਜ਼, ਪੋਸਟਲ ਬੈਲਟਸ” ਵਿਸ਼ੇ 'ਤੇ ਅਧਿਐਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਉਦੇਸ਼ ਲਈ ਮਾਹਿਰਾਂ ਅਤੇ ਸਲਾਹਕਾਰਾਂ ਦੀ ਇੱਕ ਥੀਮੈਟਿਕ ਟੀਮ ਗਠਿਤ ਕੀਤੀ ਗਈ ਹੈ, ਜਿਸ ਨੇ ਅਧਿਐਨ ਦੇ ਕਈ ਮਹੱਤਵਪੂਰਨ ਪੜਾਅ ਸਫਲਤਾਪੂਰਵਕ ਪੂਰੇ ਕਰ ਲਏ ਹਨ।
ਵਰਕਸ਼ਾਪ ਦੌਰਾਨ ਸ਼੍ਰੀ ਸ਼ੰਭੂ, ਐਚ.ਸੀ.ਐਸ. ਅਧਿਕਾਰੀ ਨੇ “ਇਲੈਕਟ੍ਰਾਨਿਕ ਵੋਟਿੰਗ ਮਸ਼ੀਨ: ਗੈਪਸ ਐਂਡ ਚੈਲੇਂਜਿਸ” ਵਿਸ਼ੇ 'ਤੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ, ਜਦਕਿ ਸ਼੍ਰੀਮਤੀ ਸ਼ਾਲਿਨੀ ਚੇਤਲ, ਐਚ.ਸੀ.ਐਸ. ਅਧਿਕਾਰੀ ਨੇ “ਪੋਸਟਲ ਬੈਲਟ: ਇਸ਼ੂਜ਼ ਇਨ ਦਾ ਫੀਲਡ” ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਇਲਾਵਾ, ਪਰੀਕਸ਼ਿਤ ਗੋਇਲ, ਸੁਬੋਧ ਸ਼ਰਮਾ ਅਤੇ ਐਮ.ਡੀ.ਯੂ. ਰੋਹਤਕ ਦੀ ਪ੍ਰੋਫੈਸਰ ਨਿਧੀ ਨੇ ਵੀ ਚੋਣ ਪ੍ਰਕਿਰਿਆ, ਤਕਨੀਕੀ ਚੁਣੌਤੀਆਂ ਅਤੇ ਲੋਕਤੰਤਰੀ ਵਿਵਸਥਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਸਬੰਧੀ ਵੱਖ-ਵੱਖ ਪਹਿਲੂਆਂ 'ਤੇ ਆਪਣੇ ਵਿਚਾਰ ਰੱਖੇ।
ਵਰਕਸ਼ਾਪ ਵਿੱਚ ਮਾਹਰਾਂ ਨੇ ਈਵੀਐਮ ਅਤੇ ਡਾਕ ਮਤ ਪੱਤਰ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ, ਸਮਾਵੇਸ਼ੀ ਅਤੇ ਭਰੋਸੇਮੰਦ ਬਣਾਉਣ ਲਈ ਸੁਝਾਅ ਸਾਂਝੇ ਕੀਤੇ। ਇਸ ਦੇ ਨਾਲ ਹੀ, ਚੋਣ ਪ੍ਰਕਿਰਿਆਵਾਂ ਵਿੱਚ ਤਕਨੀਕ ਦੀ ਬਿਹਤਰ ਵਰਤੋਂ ਅਤੇ ਖੇਤਰੀ ਪੱਧਰ 'ਤੇ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ 'ਤੇ ਵੀ ਗੰਭੀਰ ਚਰਚਾ ਕੀਤੀ ਗਈ।
ਸਲਸਵਿਹ/2026
*****