ਚੰਡੀਗੜ੍ਹ, 18 ਮਈ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਹੋਈ ਕੈਬਨਿਟ ਦੀ ਮੀਟਿੱਗ ਵਿੱਚ ਬੀਤੀ 17 ਨਵੰਬਰ, 2021 ਦੀ ਨੋਟੀਫਿਕੇਸ਼ਨ ਤਹਿਤ ਸਾਲ 2024-25 ਦੌਰਾਨ ਜਾਰੀ BC-A ਅਤੇ BC-B ਨਾਨ-ਕ੍ਰੀਮੀ ਲੇਅਰ ਸਰਟੀਫਿਕੇਟਾਂ ਨੂੰ ਵੈਧਤਾ ਦੇਣ ਦੇ ਸਬੰਧ ਵਿੱਚ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਕੈਬਨਿਟ ਵੱਲੋਂ ਲਿਆ ਗਿਆ ਇਹ ਫੈਸਲਾ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਸਾਲ 2024 ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਪੋਸਟ ਗ੍ਰੈਜੂਏਟ ਟੀਚਰ (PGT) ਦੀਆਂ 3069 ਅਸਾਮੀਆਂ ਲਈ ਜਾਰੀ ਭਰਤੀ ਇਸ਼ਤਿਹਾਰਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਬੀਤੀ 23 ਜੁਲਾਈ, 2024 ਨੂੰ ਜਾਰੀ ਭਰਤੀ ਇਸ਼ਤਿਹਾਰ ਅਨੁਸਾਰ, BC-A ਅਤੇ BC-B ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਨਵੀਨਤਮ ਸਰਕਾਰੀ ਹਦਾਇਤਾਂ ਅਤੇ 16 ਜੁਲਾਈ, 2024 ਦੀ ਨੋਟੀਫਿਕੇਸ਼ਨ ਦੇ ਅਨੁਰੂਪ ਨਵੇਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਲੋੜ ਸੀ।
16 ਜੁਲਾਈ, 2024 ਦੀ ਨਵੀਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ, 17 ਨਵੰਬਰ, 2021 ਦੀ ਨੋਟੀਫਿਕੇਸ਼ਨ ਤਹਿਤ ਪਹਿਲਾਂ ਜਾਰੀ ਕੀਤੇ ਗਏ ਸਰਟੀਫਿਕੇਟਾਂ ਨੂੰ ਐਚਪੀਐਸਸੀ ਵੱਲੋਂ ਵੈਧ ਨਹੀਂ ਮੰਨਿਆ ਜਾ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਕਈ ਬਿਨੈਕਾਰਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਕਈ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ।
ਕੈਬਨਿਟ ਨੂੰ ਸੂਚਿਤ ਕੀਤਾ ਗਿਆ ਕਿ 16 ਜੁਲਾਈ, 2024 ਦੀ ਨੋਟੀਫਿਕੇਸ਼ਨ ਵਿੱਚ ਕੀਤਾ ਗਿਆ ਮੁੱਖ ਬਦਲਾਅ ਸਿਰਫ ਕ੍ਰੀਮੀ ਲੇਅਰ ਦੀ ਸਥਿਤੀ ਨਿਰਧਾਰਤ ਕਰਨ ਲਈ ਸਾਲਾਨਾ ਆਮਦਨ ਸੀਮਾ ਨੂੰ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰਨ ਨਾਲ ਸਬੰਧਤ ਹੈ। ਇਸ ਲਈ, ਜਿਹੜੇ ਉਮੀਦਵਾਰ 2021 ਦੀ ਨੋਟੀਫਿਕੇਸ਼ਨ ਅਨੁਸਾਰ ਨਾਨ-ਕ੍ਰੀਮੀ ਲੇਅਰ ਦੇ ਅੰਤਰਗਤ ਵਰਗੀਕ੍ਰਿਤ ਸਨ, ਉਹ ਸੋਧੇ ਹੋਏ ਮਾਪਦੰਡਾਂ ਤਹਿਤ ਵੀ ਨਾਨ-ਕ੍ਰੀਮੀ ਲੇਅਰ ਸ਼੍ਰੇਣੀ ਵਿੱਚ ਹੀ ਬਣੇ ਰਹਿਣਗੇ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਕੈਬਨਿਟ ਨੇ ਮਨਜ਼ੂਰੀ ਦਿੱਤੀ ਕਿ 17 ਨਵੰਬਰ, 2021 ਦੀ ਨੋਟੀਫਿਕੇਸ਼ਨ ਤਹਿਤ ਸਾਲ 2024-25 ਦੌਰਾਨ, 23 ਜੁਲਾਈ, 2024 ਤੋਂ ਪਹਿਲਾਂ ਜਾਰੀ ਕੀਤੇ ਗਏ BC-A/BC-B (ਨਾਨ-ਕ੍ਰੀਮੀ ਲੇਅਰ) ਸਰਟੀਫਿਕੇਟਾਂ ਨੂੰ ਸਾਰੇ ਉਦੇਸ਼ਾਂ ਲਈ ਵੈਧ ਮੰਨਿਆ ਜਾਵੇਗਾ। ਇਸ ਫੈਸਲੇ ਨਾਲ ਪ੍ਰਭਾਵਿਤ ਉਮੀਦਵਾਰਾਂ ਨੂੰ ਕਾਫੀ ਰਾਹਤ ਮਿਲਣ ਅਤੇ ਭਰਤੀ ਪ੍ਰਕਿਰਿਆ ਵਿੱਚ ਨਿਰਪੱਖਤਾ ਯਕੀਨੀ ਹੋਵੇਗੀ।
ਸਲਸਵਿਹ/2026
*****