ਚੰਡੀਗੜ੍ਹ, 19 ਮਈ — ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਊਰਜਾ ਸੰਭਾਲ, ਵਾਤਾਵਰਣ ਸੁਰੱਖਿਆ ਅਤੇ ਵਿਕਸਤ ਭਾਰਤ ਦੇ ਨਿਰਮਾਣ ਨੂੰ ਲੈ ਕੇ ਕੀਤੇ ਗਏ ਸੱਦੇ ਨੂੰ ਜਨ ਅੰਦੋਲਨ ਦਾ ਰੂਪ ਦੇਣ ਦੀ ਦਿਸ਼ਾ ਵਿੱਚ ਹਰਿਆਣਾ ਸਰਕਾਰ ਨੇ ਠੋਸ ਪਹਿਲ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਸਵੇਰੇ ਸਾਈਕਲ ਰਾਹੀਂ ਸਫ਼ਰ ਕਰਕੇ ਸੂਬਾ ਵਾਸੀਆਂ ਨੂੰ ਇੰਧਨ ਦੀ ਬਚਤ, ਵਾਤਾਵਰਣ ਸੰਭਾਲ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਸਵੇਰੇ-ਸਵੇਰੇ ਚੰਡੀਗੜ੍ਹ ਦੀ ਸੁਖਨਾ ਲੇਕ ਪਹੁੰਚੇ, ਜਿੱਥੇ ਉਨ੍ਹਾਂ ਨੇ ਮਾਰਨਿੰਗ ਵਾਕ ਕਰਨ ਆਏ ਲੋਕਾਂ ਨਾਲ ਮੁਲਾਕਾਤ ਕਰਕੇ ਸਿਹਤਮੰਦ ਭਾਰਤ-ਸਿਹਤਮੰਦ ਹਰਿਆਣਾ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਗਲੋਬਲ ਪ੍ਰਸਥਿਤੀਆਂ ਅਤੇ ਮਿਡਲ ਈਸਟ (ਮੱਧ ਪੂਰਬ) ਵਿੱਚ ਬਣੇ ਹਾਲਾਤ ਦੇ ਮੱਦੇਨਜ਼ਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਊਰਜਾ ਸੰਭਾਲ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀ ਬਚਤ ਕਰਨ, ਸੁਰੱਖਿਅਤ ਯਾਤਰਾ ਕਰਨ, ਇਲੈਕਟ੍ਰਿਕ ਵਾਹਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਬੇਲੋੜੀ ਇੰਧਨ ਦੀ ਖਪਤ ਨੂੰ ਘਟਾਉਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਸੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਜ ਪੱਧਰ 'ਤੇ ਮਿਆਰੀ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਹੈ। ਇਸ ਦੇ ਤਹਿਤ ਵਰਚੁਅਲ ਮੀਟਿੰਗਾਂ ਨੂੰ ਉਤਸ਼ਾਹਿਤ ਕਰਨ, ਵਰਕ ਫ੍ਰੌਮ ਹੋਮ ਵਰਗੇ ਵਿਕਲਪ ਅਪਣਾਉਣ ਅਤੇ ਸਰਕਾਰੀ ਕਾਰਜਪ੍ਰਣਾਲੀ ਵਿੱਚ ਊਰਜਾ ਬਚਤ ਨੂੰ ਪ੍ਰਾਥਮਿਕਤਮਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਅਤੇ ਮੁਹਿੰਮਾਂ ਰਾਹੀਂ ਆਮ ਜਨਤਾ ਨੂੰ ਵੀ ਇਸ ਮੁਹਿੰਮ ਨਾਲ ਜੋੜੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਦਾ ਸੰਕਲਪ ਕੇਵਲ ਸਰਕਾਰ ਦਾ ਨਹੀਂ ਬਲਕਿ ਹਰ ਨਾਗਰਿਕ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਵੀ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਸੀ, ਉਦੋਂ ਪੂਰੇ ਦੇਸ਼ ਨੇ ਇੱਕਜੁੱਟ ਹੋ ਕੇ ਉਸਦਾ ਪਾਲਣ ਕੀਤਾ ਸੀ ਅਤੇ ਸਮੂਹਿਕ ਯਤਨਾਂ ਸਦਕਾ ਭਾਰਤ ਉਸ ਸੰਕਟ ਵਿੱਚੋਂ ਸਫ਼ਲਤਾਪੂਰਵਕ ਬਾਹਰ ਨਿਕਲਿਆ ਸੀ। ਉਸੇ ਤਰ੍ਹਾਂ ਅੱਜ ਵੀ ਜੇਕਰ ਸਾਰੇ ਨਾਗਰਿਕ ਊਰਜਾ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਨੂੰ ਆਪਣਾ ਫ਼ਰਜ਼ ਮੰਨ ਕੇ ਅੱਗੇ ਆਉਣਗੇ ਤਾਂ ਦੇਸ਼ ਹਰ ਚੁਣੌਤੀ ਦਾ ਮਜ਼ਬੂਤੀ ਨਾਲ ਸਾਹਮਣਾ ਕਰੇਗਾ।
ਸਲਸਵਿਹ/ 2026
*****