health services
azadi ka amrit mahotsav

ਹਰਿਆਣਾ ਸਰਕਾਰ ਨੇ ਘਟਦੇ ਲਿੰਗਾਨੁਪਾਤ ਨੂੰ ਲੈ ਕੇ ਸਿਹਤ ਅਧਿਕਾਰੀਆਂ 'ਤੇ ਕੀਤੀ ਸਖ਼ਤ ਕਾਰਵਾਈ

ਪ੍ਰਭਾਵਸ਼ਾਲੀ ਮਾਨੀਟਰਿੰਗ ਅਤੇ ਲਾਗੂਕਰਨ ਵਿੱਚ ਲਾਪਰਵਾਹੀ ਵਰਤਣ 'ਤੇ ਚਾਰ ਸੀਨੀਅਰ ਡਾਕਟਰ ਮੁਅੱਤਲ, ਵਿਭਾਗੀ ਕਾਰਵਾਈ ਦੇ ਦਿੱਤੇ ਹੁਕਮ

Posted On: 19 May 2026 2:52PM

ਚੰਡੀਗੜ੍ਹ, 19 ਮਈ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਘਟਦੇ ਲਿੰਗਾਨੁਪਾਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਲਿੰਗਾਨੁਪਾਤ ਸੁਧਾਰ ਨਾਲ ਜੁੜੇ ਉਪਾਵਾਂ ਦੀ ਪ੍ਰਭਾਵਸ਼ਾਲੀ ਮਾਨੀਟਰਿੰਗ, ਲਾਗੂਕਰਨ ਵਿੱਚ ਕਥਿਤ ਲਾਪਰਵਾਹੀ ਅਤੇ ਮਾੜੇ ਪ੍ਰਦਰਸ਼ਨ ਦੇ ਦੋਸ਼ਾਂ ਹੇਠ ਚਾਰ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਗੈਰ-ਕਾਨੂੰਨੀ ਲਿੰਗ ਜਾਂਚ, ਕੰਨਿਆ ਭਰੂਣ ਹੱਤਿਆ ਰੋਕਣ ਅਤੇ ਸੂਬੇ ਵਿੱਚ ਲਿੰਗ ਸੰਤੁਲਨ ਮਜ਼ਬੂਤ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜ਼ਿਲ੍ਹਾ ਸੋਨੀਪਤ ਦੇ ਪ੍ਰਾਇਮਰੀ ਸਿਹਤ ਕੇਂਦਰ, ਪੁਰਖਾਸ ਵਿੱਚ ਤਾਇਨਾਤ ਐਸ.ਐਮ.ਓ. ਡਾ. ਟੀਨਾ ਆਨੰਦ, ਯਮੁਨਾਨਗਰ ਦੇ ਪ੍ਰਾਇਮਰੀ ਸਿਹਤ ਕੇਂਦਰ, ਰਾਦੌਰ ਵਿੱਚ ਤਾਇਨਾਤ ਐਸ.ਐਮ.ਓ. ਡਾ. ਵਿਜੇ ਪਰਮਾਰ, ਰੋਹਤਕ ਦੇ ਪ੍ਰਾਇਮਰੀ ਸਿਹਤ ਕੇਂਦਰ, ਚਿੜੀ ਵਿੱਚ ਤਾਇਨਾਤ ਐਸ.ਐਮ.ਓ. ਡਾ. ਸਤਪਾਲ ਅਤੇ ਨਾਰਨੌਲ ਦੇ ਪ੍ਰਾਇਮਰੀ ਸਿਹਤ ਕੇਂਦਰ, ਸਹਿਲਾਂਗ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਡਾ. ਪ੍ਰਭਾ ਸ਼ਾਮਲ ਹਨ। ਮੁਅੱਤਲੀ ਦੀ ਮਿਆਦ ਦੌਰਾਨ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਕ੍ਰਮਵਾਰ ਰੋਹਤਕ, ਅੰਬਾਲਾ, ਝੱਜਰ ਅਤੇ ਰੇਵਾੜੀ ਦੇ ਸਿਵਲ ਸਰਜਨ ਦਫ਼ਤਰਾਂ ਨਾਲ ਸਬੰਧਤ (ਅਟੈਚ) ਕੀਤਾ ਗਿਆ ਹੈ।

ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਹਰਿਆਣਾ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 2016 ਦੇ ਨਿਯਮ-7 ਤਹਿਤ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਹੁਕਮਾਂ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਲਿੰਗਾਨੁਪਾਤ ਸੁਧਾਰ ਨਾਲ ਸਬੰਧਤ ਉਪਾਵਾਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਲਾਗੂਕਰਨ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਅਤੇ ਮਾੜੇ ਪ੍ਰਦਰਸ਼ਨ ਕਾਰਨ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ।

ਸਲਸਵਿਹ/ 2026

 

 

*****

 


(Release ID: 1773)