ਚੰਡੀਗੜ੍ਹ, 19 ਮਈ- ਹਰਿਆਣਾ ਸਰਕਾਰ ਨੇ ਆਈ.ਏ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਸਮੇਤ ਸਾਰੇ ਸਰਕਾਰੀ ਕਰਮਚਾਰੀਆਂ ਦੇ ਸਰਵਿਸ ਰਿਕਾਰਡ ਦੇ ਬਿਹਤਰ ਪ੍ਰਬੰਧਨ ਅਤੇ ਪੈਨਸ਼ਨ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਲਾਸਟ ਪੇ ਸਰਟੀਫਿਕੇਟ ਦੇ ਫਾਰਮੈਟ ਵਿੱਚ ਸੋਧ ਕੀਤੀ ਹੈ।
ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧੀ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਬੋਰਡਾਂ-ਨਿਗਮਾਂ, ਯੂਨੀਵਰਸਿਟੀਆਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਵਿਸਤ੍ਰਿਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਆਈ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਦੀ ਬਦਲੀ ਜਾਂ ਸੇਵਾਮੁਕਤੀ ਦੇ ਸਮੇਂ ਸਬੰਧਤ ਵਿਭਾਗਾਂ ਵੱਲੋਂ ਸੇਵਾ ਤਸਦੀਕ (ਸਰਵਿਸ ਵੈਰੀਫਿਕੇਸ਼ਨ), ਛੁੱਟੀ ਦੀ ਤਨਖਾਹ (ਲੀਵ ਪੇ) ਅਤੇ ਪੈਨਸ਼ਨ ਯੋਗਦਾਨ ਨਾਲ ਸਬੰਧਤ ਚਲਾਨ ਸਮੇਂ ਸਿਰ ਉਪਲਬਧ ਨਹੀਂ ਹੋ ਪਾਉਂਦੇ, ਜਿਸ ਕਾਰਨ ਪੈਨਸ਼ਨ ਮਾਮਲਿਆਂ ਦੇ ਨਿਪਟਾਰੇ ਵਿੱਚ ਬੇਲੋੜੀ ਦੇਰੀ ਹੁੰਦੀ ਹੈ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿੱਤ ਵਿਭਾਗ ਵੱਲੋਂ 1 ਅਪ੍ਰੈਲ, 2026 ਨੂੰ ਜਾਰੀ ਨੋਟੀਫਿਕੇਸ਼ਨ ਤਹਿਤ ਪੰਜਾਬ ਟ੍ਰੇਜ਼ਰੀ ਨਿਯਮਾਵਲੀ, ਭਾਗ-ਦੋ ਵਿੱਚ ਪਰਿਭਾਸ਼ਿਤ ਐਲ.ਪੀ.ਸੀ. ਫਾਰਮੈਟ ਵਿੱਚ ਸੋਧ ਕੀਤੀ ਗਈ ਹੈ। ਨਵੀਂ ਵਿਵਸਥਾ ਦੇ ਤਹਿਤ ਹੁਣ ਹਰ ਵਿਭਾਗ ਨੂੰ ਅਧਿਕਾਰੀ ਦੀ ਬਦਲੀ ਜਾਂ ਫਾਰਗ (ਰੀਲੀਵ) ਹੋਣ ਦੇ ਸਮੇਂ ਹੀ ਸੇਵਾ ਨੂੰ ਤਸਦੀਕ ਕਰਨਾ ਲਾਜ਼ਮੀ ਹੋਵੇਗਾ, ਤਾਂ ਜੋ ਸਰਵਿਸ ਰਿਕਾਰਡ ਦੀ ਲਗਾਤਾਰ ਅਤੇ ਸਮੇਂ ਸਿਰ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇ।
ਨਿਰਦੇਸ਼ਾਂ ਅਨੁਸਾਰ ਹੁਣ ਸਾਰੇ ਐਲ.ਪੀ.ਸੀ. ਕੇਵਲ ਸੋਧੇ ਹੋਏ ਫਾਰਮੈਟ ਵਿੱਚ ਹੀ ਜਾਰੀ ਕੀਤੇ ਜਾਣਗੇ। ਨਿਰਧਾਰਤ ਫਾਰਮੈਟ ਵਿੱਚ ਕ੍ਰਮ ਸੰਖਿਆ-10 'ਤੇ ਸੇਵਾ ਤਸਦੀਕ ਦਾ ਵੇਰਵਾ ਸਮਰੱਥ ਅਥਾਰਟੀ (ਸਕਸ਼ਮ ਅਧਿਕਾਰੀ) ਵੱਲੋਂ ਸੁਚੱਜੇ ਢੰਗ ਨਾਲ ਤਸਦੀਕ ਕਰਨਾ ਲਾਜ਼ਮੀ ਹੋਵੇਗਾ।
ਇਸ ਤੋਂ ਇਲਾਵਾ, ਆਈ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਦੇ ਸਬੰਧ ਵਿੱਚ ਜਾਰੀ ਹਰੇਕ ਐਲ.ਪੀ.ਸੀ. ਦੀ ਕਾਪੀ ਮੁੱਖ ਸਕੱਤਰ ਦਫ਼ਤਰ ਦੀ ਸਰਵਿਸਿਜ਼ ਬ੍ਰਾਂਚ-4 ਨੂੰ ਵੀ ਭੇਜੀ ਜਾਵੇਗੀ, ਤਾਂ ਜੋ ਸਰਵਿਸ ਰਿਕਾਰਡ ਦੀ ਉਚਿਤ ਸਾਂਭ-ਸੰਭਾਲ ਕੀਤੀ ਜਾ ਸਕੇ ਅਤੇ ਪੈਨਸ਼ਨ ਤੇ ਸੇਵਾਮੁਕਤੀ ਦੇ ਮਾਮਲਿਆਂ ਦਾ ਨਿਪਟਾਰਾ ਸਮੇਂ ਸਿਰ ਹੋ ਸਕੇ। ਬੋਰਡਾਂ ਅਤੇ ਨਿਗਮਾਂ ਵਿੱਚ ਤਾਇਨਾਤ ਆਈ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਨਾਲ ਸਬੰਧਤ ਛੁੱਟੀ ਦੀ ਤਨਖਾਹ ਅਤੇ ਪੈਨਸ਼ਨ ਯੋਗਦਾਨ ਦੇ ਚਲਾਨ ਵੀ ਮੁੱਖ ਸਕੱਤਰ ਦਫ਼ਤਰ ਨੂੰ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਲਸਵਿਹ/ 2026
*****