ਚੰਡੀਗੜ੍ਹ, 22 ਮਈ- ਹਰਿਆਣਾ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਾਜ ਸਰਕਾਰ ਹੁਣ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕੰਮਕਾਜ ਦੀ ਨਿਗਰਾਨੀ ਡਿਜੀਟਲ ਤਰੀਕੇ ਨਾਲ ਕਰੇਗੀ। ਇਸ ਦੇ ਲਈ ਸੋਧਿਆ ਹੋਇਆ ਏਸੀਆਰ (ਸਾਲਾਨਾ ਗੁਪਤ ਰਿਪੋਰਟ) ਫਰੇਮਵਰਕ ਅਤੇ ਡਿਜੀਟਲ ਪਰਫਾਰਮੈਂਸ ਮਾਨੀਟਰਿੰਗ ਸਿਸਟਮ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗ ਮੁਖੀਆਂ, ਬੋਰਡਾਂ ਅਤੇ ਨਿਗਮਾਂ, ਯੂਨੀਵਰਸਿਟੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਰੀ ਨਿਰਦੇਸ਼ਾਂ ਅਨੁਸਾਰ ਹੁਣ ਰਵਾਇਤੀ ਏਸੀਆਰ ਵਿਵਸਥਾ ਨੂੰ ਹੌਲੀ-ਹੌਲੀ ਪੂਰੀ ਤਰ੍ਹਾਂ ਡਿਜੀਟਲ ਬਣਾਇਆ ਜਾਵੇਗਾ। ਵਿਭਾਗਵਾਰ ਅਜਿਹੇ ਨਵੇਂ ਏਸੀਆਰ ਫਾਰਮੈਟ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿੱਚ ਕਰਮਚਾਰੀਆਂ ਦੇ ਕੰਮਾਂ, ਪ੍ਰਾਪਤੀਆਂ ਅਤੇ ਪ੍ਰਦਰਸ਼ਨ ਨੂੰ ਮਾਪਣਯੋਗ ਅਤੇ ਨਤੀਜਾ-ਅਧਾਰਿਤ ਤਰੀਕੇ ਨਾਲ ਦਰਜ ਕੀਤਾ ਜਾਵੇਗਾ, ਤਾਂ ਜੋ ਕਰਮਚਾਰੀਆਂ ਦੇ ਪ੍ਰਦਰਸ਼ਨ ਦਾ ਨਿਰਪੱਖ ਮੁਲਾਂਕਣ ਯਕੀਨੀ ਬਣਾਇਆ ਜਾ ਸਕੇ।
ਸਰਕਾਰ ਨੇ ਸਾਰੇ ਵਿਭਾਗਾਂ ਤੋਂ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਦੇ ਪੱਧਰ 'ਤੇ ਏਸੀਆਰ ਸਭ ਤੋਂ ਵੱਧ ਪੈਂਡਿੰਗ ਪਈਆਂ ਹਨ। ਇਸ ਦੇ ਪਿੱਛੇ ਸਰਕਾਰ ਦਾ ਉਦੇਸ਼ ਏਸੀਆਰ ਦੀ ਪੈਂਡੈਂਸੀ ਨੂੰ ਖਤਮ ਕਰਕੇ ਵਧੇਰੇ ਜਵਾਬਦੇਹੀ ਅਤੇ ਸਮਾਂਬੱਧ ਮੁਲਾਂਕਣ ਯਕੀਨੀ ਬਣਾਉਣਾ ਹੈ।
ਨਿਰਦੇਸ਼ਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਅਪ੍ਰੈਲ 2027 ਤੋਂ ਮੈਨੂਅਲ ਏਸੀਆਰ ਪ੍ਰਣਾਲੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਮੁਲਾਂਕਣ ਡਿਜੀਟਲ ਪਲੇਟਫਾਰਮ ਰਾਹੀਂ ਹੋਣਗੇ। ਐਨਆਈਸੀ ਜਾਂ ਨਾਮਜ਼ਦ ਤਕਨੀਕੀ ਟੀਮ ਇੱਕ ਅਜਿਹਾ ਆਨਲਾਈਨ ਪਲੇਟਫਾਰਮ ਤਿਆਰ ਕਰੇਗੀ, ਜੋ ਕਰਮਚਾਰੀਆਂ ਦੇ ਕਾਰਜ ਪ੍ਰਦਰਸ਼ਨ ਅਤੇ ਪ੍ਰਾਪਤੀਆਂ ਨੂੰ ਸਿੱਧਾ ਏਸੀਆਰ ਪ੍ਰਣਾਲੀ ਨਾਲ ਜੋੜੇਗਾ। ਇਹ ਪੂਰੀ ਵਿਵਸਥਾ ਐਚਆਰਐਮਐਸ ਪੋਰਟਲ ਨਾਲ ਇੰਟੀਗ੍ਰੇਟਿਡ ਰਹੇਗੀ। ਇਸ ਨਾਲ ਕਰਮਚਾਰੀਆਂ ਦੇ ਕੰਮ ਦਾ ਅਸਲ ਸਮੇਂ ਵਿੱਚ ਮੁਲਾਂਕਣ ਸੰਭਵ ਹੋ ਸਕੇਗਾ।
ਮੁੱਖ ਸਕੱਤਰ ਦੀ ਵੈੱਬਸਾਈਟ 'ਤੇ ਇੱਕ ਵਿਸ਼ੇਸ਼ "ਆਨਰ ਬੋਰਡ" ਵਿਕਸਿਤ ਕੀਤਾ ਜਾਵੇਗਾ, ਜਿਸ ਵਿੱਚ ਨਿਰਧਾਰਤ ਮਾਪਦੰਡਾਂ ਦੇ ਅਧਾਰ 'ਤੇ ਕਰਮਚਾਰੀਆਂ ਦੀ ਪ੍ਰਦਰਸ਼ਨ-ਅਧਾਰਿਤ ਰੈਂਕਿੰਗ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਵਿਵਸਥਾ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਲਾਗੂ ਕੀਤੀ ਜਾਵੇਗੀ। ਇਸ ਦੇ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਦੇ ਨਾਲ-ਨਾਲ ਕਮਜ਼ੋਰ ਪ੍ਰਦਰਸ਼ਨ ਵਾਲੇ ਕਰਮਚਾਰੀਆਂ ਦੀ ਰੈਂਕਿੰਗ ਵੀ ਦਿਖਾਈ ਜਾਵੇਗੀ।
ਸਰਕਾਰ ਦਾ ਮੰਨਣਾ ਹੈ ਕਿ ਨਵੀਂ ਡਿਜੀਟਲ ਅਤੇ ਪ੍ਰਦਰਸ਼ਨ-ਅਧਾਰਿਤ ਏਸੀਆਰ ਪ੍ਰਣਾਲੀ ਨਾਲ ਪ੍ਰਸ਼ਾਸਨਿਕ ਕੁਸ਼ਲਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਸ਼ਲਾਘਾਯੋਗ ਸੁਧਾਰ ਹੋਵੇਗਾ ਅਤੇ ਕਰਮਚਾਰੀਆਂ ਵਿੱਚ ਬਿਹਤਰ ਕਾਰਜ ਸੱਭਿਆਚਾਰ ਅਤੇ ਮੁਕਾਬਲੇ ਦੀ ਭਾਵਨਾ ਨੂੰ ਹੁਲਾਰਾ ਮਿਲੇਗਾ।
ਸਲਸਵਿਹ/ 2026
*****