ਚੰਡੀਗੜ੍ਹ, 23 ਮਈ - ਹਰਿਆਣਾ ਸਰਕਾਰ ਵੱਲੋਂ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਸਮੇਤ ਵੱਕਾਰੀ ਪਦਮ ਪੁਰਸਕਾਰਾਂ ਦੀਆਂ ਸਿਫ਼ਾਰਸ਼ਾਂ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਸਰਵਉੱਚ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਇਨ੍ਹਾਂ ਪੁਰਸਕਾਰਾਂ ਦੀ ਘੋਸ਼ਣਾ 26 ਜਨਵਰੀ, 2027 ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤੀ ਜਾਵੇਗੀ।
ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪਦਮ ਪੁਰਸਕਾਰਾਂ ਲਈ ਸਿਫ਼ਾਰਸ਼ਾਂ political 2.hry@gmail.com ਜਾਂ hrathee.cso@hry.gov.in 'ਤੇ 10 ਜੂਨ, 2026 ਤੱਕ ਭੇਜੀਆਂ ਜਾ ਸਕਦੀਆਂ ਹਨ। ਕੇਂਦਰ ਸਰਕਾਰ ਵੱਲੋਂ ਕੇਵਲ ਆਨਲਾਈਨ ਪੋਰਟਲ ਰਾਹੀਂ ਭੇਜੀਆਂ ਗਈਆਂ ਨਾਮਜ਼ਦਗੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ। ਇਨ੍ਹਾਂ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀਆਂ/ਸਿਫ਼ਾਰਸ਼ਾਂ 15 ਮਾਰਚ, 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਨਾਮਜ਼ਦਗੀ ਦੀ ਆਖਰੀ ਮਿਤੀ 31 ਜੁਲਾਈ, 2026 ਹੈ।
ਉਨ੍ਹਾਂ ਨੇ ਦੱਸਿਆ ਕਿ ਪਦਮ ਪੁਰਸਕਾਰਾਂ, ਯਾਨੀ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਮੰਨਿਆ ਜਾਂਦਾ ਹੈ। ਸਾਲ 1954 ਵਿੱਚ ਸ਼ੁਰੂ ਹੋਏ ਇਨ੍ਹਾਂ ਪੁਰਸਕਾਰਾਂ ਦੀ ਘੋਸ਼ਣਾ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤੀ ਜਾਂਦੀ ਹੈ। ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ "ਵਿਸ਼ੇਸ਼ ਕਾਰਜ" ਨੂੰ ਸਨਮਾਨਿਤ ਕਰਨਾ ਹੈ। ਇਹ ਸਨਮਾਨ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਮੈਡੀਕਲ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਕਾਰਜ, ਸਿਵਲ ਸੇਵਾਵਾਂ, ਵਪਾਰ ਅਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਨ ਅਤੇ ਵਿਸ਼ੇਸ਼ ਪ੍ਰਾਪਤੀਆਂ ਜਾਂ ਸੇਵਾਵਾਂ ਲਈ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਜਾਤ, ਕਿੱਤੇ, ਅਹੁਦੇ ਜਾਂ ਲਿੰਗ ਦੇ ਆਧਾਰ 'ਤੇ ਬਿਨਾਂ ਕਿਸੇ ਭੇਦਭਾਵ ਦੇ, ਸਾਰੇ ਵਿਅਕਤੀਆਂ ਲਈ ਹਨ।
ਬੁਲਾਰੇ ਨੇ ਦੱਸਿਆ ਕਿ ਪਦਮ ਪੁਰਸਕਾਰਾਂ ਲਈ ਸਾਰੀਆਂ ਨਾਮਜ਼ਦਗੀਆਂ/ਸਿਫ਼ਾਰਸ਼ਾਂ ਕੇਵਲ ਆਨਲਾਈਨ ਮਾਧਿਅਮ ਰਾਹੀਂ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਨਾਮਜ਼ਦਗੀਆਂ ਜਾਂ ਸਿਫ਼ਾਰਸ਼ਾਂ ਵਿੱਚ ਇਸ ਪੋਰਟਲ 'ਤੇ ਉਪਲਬਧ ਨਿਰਧਾਰਤ ਫਾਰਮੈਟ ਵਿੱਚ ਸਾਰੇ ਲੋੜੀਂਦੇ ਵੇਰਵੇ ਸਪੱਸ਼ਟ ਤੌਰ 'ਤੇ ਭਰਦੇ ਹੋਏ, ਉਸ ਵਿਅਕਤੀ ਦੀ ਆਪਣੇ ਖੇਤਰ ਵਿੱਚ ਵਿਸ਼ੇਸ਼ ਅਤੇ ਅਸਾਧਾਰਨ ਪ੍ਰਾਪਤੀਆਂ ਜਾਂ ਸੇਵਾਵਾਂ ਦਾ ਪੂਰਾ ਵੇਰਵਾ ਦਿੱਤਾ ਜਾਣਾ ਲਾਜ਼ਮੀ ਹੈ। ਆਨਲਾਈਨ ਸਿਫ਼ਾਰਸ਼ ਕਰਨ ਦੀ ਪ੍ਰਕਿਰਿਆ ਨਾਲ ਸਬੰਧਤ ਸਾਰੇ ਪੜਾਅ ਪੋਰਟਲ 'ਤੇ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਐਕਟ ਅਤੇ ਨਿਯਮਾਂ ਦੀ ਕਾਪੀ ਵੀ ਵੈੱਬਸਾਈਟ 'ਤੇ ਉਪਲਬਧ ਹੈ।
ਉਨ੍ਹਾਂ ਦੱਸਿਆ ਕਿ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ, ਸਰਕਾਰੀ ਕਰਮਚਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਪਦਮ ਪੁਰਸਕਾਰ ਲਈ ਯੋਗ ਨਹੀਂ ਹਨ।
ਸਲਸਵਿਹ/ 2026
*****