State Transport
azadi ka amrit mahotsav

ਹਰਿਆਣਾ ਵਿੱਚ ਯਾਤਰੀਆਂ ਦੀ ਸਹੂਲਤ, ਸਵੱਛਤਾ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ – ਟ੍ਰਾਂਸਪੋਰਟ ਮੰਤਰੀ ਅਨਿਲ ਵਿੱਜ

ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਦੇ ਨਿਰਦੇਸ਼ਾਂ 'ਤੇ ਬੱਸ ਅੱਡਿਆਂ 'ਤੇ ਕਬਜ਼ਿਆਂ ਵਿਰੁੱਧ ਸਖ਼ਤੀ, ਦੁਕਾਨਦਾਰਾਂ ਅਤੇ ਵਿਕਰੇਤਾਵਾਂ ਲਈ ਨਵੀਂ ਗਾਈਡਲਾਈਨ/ਦਿਸ਼ਾ-ਨਿਰਦੇਸ਼ ਜਾਰੀ

Posted On: 25 May 2026 3:55PM


ਚੰਡੀਗੜ੍ਹ, 25 ਮਈ - ਹਰਿਆਣਾ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ ਹੁਣ ਰਾਜ ਦੇ ਬੱਸ ਅੱਡਿਆਂ 'ਤੇ ਯਾਤਰੀਆਂ ਦੀ ਆਵਾਜਾਈ, ਸਫਾਈ ਅਤੇ ਸੁਰੱਖਿਆ ਵਿੱਚ ਕਿਸੇ ਵੀ ਕਿਸਮ ਦੀ ਰੁਕਾਵਟ ਸਵੀਕਾਰ ਨਹੀਂ ਕੀਤੀ ਜਾਵੇਗੀ। ਨਾਲ ਹੀ, ਬੱਸ ਅੱਡਿਆਂ 'ਤੇ ਨਾਜਾਇਜ਼ ਕਬਜ਼ਿਆਂ, ਵਾਧੂ ਕਾਊਂਟਰਾਂ, ਰੇਹੜੀ-ਫੜ੍ਹੀ ਅਤੇ ਅਣਅਧਿਕਾਰਤ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਬੱਸ ਅੱਡਿਆਂ 'ਤੇ ਕਬਜ਼ਿਆਂ ਨੂੰ ਰੋਕਣ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਾਉਣ ਦੇ ਉਦੇਸ਼ ਨਾਲ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਨਿਰਦੇਸ਼ ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਵਿੱਚ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਹਰਿਆਣਾ ਰੋਡਵੇਜ਼ ਦੇ ਸਾਰੇ ਜਨਰਲ ਮੈਨੇਜਰਾਂ ਨੂੰ ਜਾਰੀ ਕੀਤੇ ਗਏ ਹਨ। ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਬੱਸ ਅੱਡੇ ਆਮ ਲੋਕਾਂ ਦੀ ਸਹੂਲਤ ਲਈ ਹੁੰਦੇ ਹਨ ਅਤੇ ਉੱਥੇ ਯਾਤਰੀਆਂ ਦੀ ਆਵਾਜਾਈ, ਸਫਾਈ ਅਤੇ ਸੁਰੱਖਿਆ ਵਿੱਚ ਕਿਸੇ ਵੀ ਕਿਸਮ ਦੀ ਰੁਕਾਵਟ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਬੱਸ ਅੱਡਿਆਂ 'ਤੇ ਨਾਜਾਇਜ਼ ਕਬਜ਼ਿਆਂ, ਵਾਧੂ ਕਾਊਂਟਰਾਂ, ਰੇਹੜੀ-ਫੜ੍ਹੀ ਅਤੇ ਅਣਅਧਿਕਾਰਤ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਬੱਸ ਅੱਡਿਆਂ 'ਤੇ ਕਿਸੇ ਵੀ ਕਿਸਮ ਦਾ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਵਿੱਜ

ਸ੍ਰੀ ਵਿੱਜ ਨੇ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੱਸਿਆ ਕਿ ਕੋਈ ਵੀ ਦੁਕਾਨਦਾਰ, ਵਿਕਰੇਤਾ ਜਾਂ ਹੋਰ ਵਿਅਕਤੀ ਬੱਸ ਅੱਡੇ ਦੇ ਪਲੇਟਫਾਰਮ, ਸੜਕ, ਫੁੱਟਪਾਥ, ਵੇਟਿੰਗ ਰੂਮ (ਪ੍ਰਤੀਕਸ਼ਾਲਿਆ) ਜਾਂ ਜਨਤਕ ਸਥਾਨ 'ਤੇ ਕਿਸੇ ਕਿਸਮ ਦਾ ਕਬਜ਼ਾ ਨਹੀਂ ਕਰੇਗਾ। ਦੁਕਾਨ ਨਾਲ ਸਬੰਧਤ ਸਾਮਾਨ ਜਿਵੇਂ ਕਿ ਰੈਕ, ਫਰਿੱਜ, ਕਰੇਟ, ਮੇਜ਼, ਬੈਂਚ, ਬੋਰਡ ਜਾਂ ਹੋਰ ਸਮੱਗਰੀ ਸਿਰਫ਼ ਨਿਰਧਾਰਤ ਦੁਕਾਨ ਖੇਤਰ ਦੇ ਅੰਦਰ ਹੀ ਰੱਖੀ ਜਾ ਸਕੇਗੀ। ਇਸ ਤੋਂ ਇਲਾਵਾ, ਅਸਥਾਈ ਸਟਾਲ, ਫੇਰੀ ਲਗਾਉਣ ਵਾਲੇ, ਅਣਅਧਿਕਾਰਤ ਵਿਕਰੇਤਾ ਅਤੇ ਦੁਕਾਨ ਦੇ ਬਾਹਰ ਵਾਧੂ ਕਾਊਂਟਰ ਲਗਾਉਣਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਰਹੇਗਾ। ਦੁਕਾਨਦਾਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਯਾਤਰੀਆਂ, ਬੱਸਾਂ, ਐਮਰਜੈਂਸੀ ਵਾਹਨਾਂ ਜਾਂ ਸਫਾਈ ਵਿਵਸਥਾ ਵਿੱਚ ਕਿਸੇ ਵੀ ਕਿਸਮ ਦੀ ਰੁਕਾਵਟ ਪੈਦਾ ਨਾ ਕਰਨ।

ਨਾਜਾਇਜ਼ ਬਿਜਲੀ ਕੁਨੈਕਸ਼ਨ ਅਤੇ ਵਾਧੂ ਬਿਜਲੀ ਉਪਕਰਨ ਲਗਾਉਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ - ਵਿੱਜ

ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਬਿਨਾਂ ਇਜਾਜ਼ਤ ਵਾਧੂ ਬਿਜਲੀ ਉਪਕਰਨ ਜਾਂ ਨਾਜਾਇਜ਼ ਬਿਜਲੀ ਕੁਨੈਕਸ਼ਨ ਲਗਾਉਣ ਵਾਲਿਆਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਸ ਅੱਡਿਆਂ 'ਤੇ ਨਿਯਮਤ ਨਿਰੀਖਣ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਕਿਸਮ ਦਾ ਕਬਜ਼ਾ ਪਾਏ ਜਾਣ 'ਤੇ ਤੁਰੰਤ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾਵੇ। ਸ੍ਰੀ ਵਿੱਜ ਨੇ ਦੱਸਿਆ ਕਿ ਨਿਰਦੇਸ਼ਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਕਬਜ਼ਾ ਹਟਾਇਆ ਜਾਵੇਗਾ। ਲੋੜ ਪੈਣ 'ਤੇ ਜੁਰਮਾਨਾ, ਦੁਕਾਨ ਅਲਾਟਮੈਂਟ ਰੱਦ ਕਰਨਾ, ਦੁਕਾਨ ਸੀਲ ਕਰਨਾ ਜਾਂ ਸਾਮਾਨ ਜ਼ਬਤ ਕਰਨ ਵਰਗੀ ਕਾਰਵਾਈ ਵੀ ਕੀਤੀ ਜਾ ਸਕੇਗੀ।

ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੇ ਬੱਸ ਅੱਡਿਆਂ ਨੂੰ ਸਾਫ਼, ਵਿਵਸਥਿਤ, ਸੁਰੱਖਿਅਤ ਅਤੇ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਸਬੰਧੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਲਸਵਿਹ/2026

 

*****

 


(Release ID: 1991)