ਚੰਡੀਗੜ੍ਹ, 30 ਮਈ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਿਆਣਾ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਸੀਨੀਅਰ ਨਾਗਰਿਕਾਂ ਲਈ ਧਾਰਮਿਕ ਤੀਰਥ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਯਾਤਰਾ ਦੇ ਤਹਿਤ ਸੋਮਨਾਥ ਜਯੋਤਿਰਲਿੰਗ ਦੇ ਦਰਸ਼ਨ ਕਰਵਾਏ ਜਾਣਗੇ ਤਾਂ ਜੋ ਗਰੀਬ ਪਰਿਵਾਰਾਂ ਦੇ ਬਜ਼ੁਰਗਾਂ ਦੇ ਵੀ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦੇ ਸੁਪਨੇ ਸਾਕਾਰ ਹੋ ਸਕਣ।
ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਬੀਪੀਐਲ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਸ਼੍ਰੀ ਸੋਮਨਾਥ ਜਯੋਤਿਰਲਿੰਗ ਦੀ ਮੁਫ਼ਤ ਧਾਰਮਿਕ ਯਾਤਰਾ ਕਰਵਾਉਣ ਜਾ ਰਹੀ ਹੈ। ਇਸ ਦੇ ਲਈ ਆਉਂਦੀ 8 ਜੂਨ ਨੂੰ ਕੁਰੂਕਸ਼ੇਤਰ ਰੇਲਵੇ ਜੰਕਸ਼ਨ ਤੋਂ ਇੱਕ ਸਪੈਸ਼ਲ ਟ੍ਰੇਨ ਰਵਾਨਾ ਹੋਵੇਗੀ। ਇਸ ਟ੍ਰੇਨ ਨੂੰ ਮੁੱਖ ਮੰਤਰੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇੱਛੁਕ ਸ਼ਰਧਾਲੂ 6 ਜੂਨ ਤੱਕ ਸਰਲ ਪੋਰਟਲ 'ਤੇ ਯਾਤਰਾ ਲਈ ਬਿਨੈ ਕਰ ਸਕਦੇ ਹਨ। ਇਹ ਯਾਤਰਾ 'ਪਹਿਲਾਂ ਆਓ-ਪਹਿਲਾਂ ਪਾਓ' ਦੇ ਅਧਾਰ 'ਤੇ ਉਪਲਬਧ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਮਨਾਏ ਜਾ ਰਹੇ 'ਸੋਮਨਾਥ ਸਵਾਭੀਮਾਨ ਪਰਵ-1000 ਸਾਲ ਦੀ ਸ਼ੌਰਿਆ ਅਤੇ ਧੀਰਜਗਾਥਾ, ਅਟੁੱਟ ਆਸਥਾ' ਪ੍ਰੋਗਰਾਮ ਦੇ ਤਹਿਤ ਚਲਾਈ ਜਾਣ ਵਾਲੀ ਇਹ ਸਪੈਸ਼ਲ ਟ੍ਰੇਨ ਕੁਰੂਕਸ਼ੇਤਰ ਤੋਂ ਚੱਲ ਕੇ ਕਰਨਾਲ, ਪਾਣੀਪਤ, ਸੋਨੀਪਤ ਅਤੇ ਦਿੱਲੀ ਹੁੰਦੇ ਹੋਏ ਸ਼੍ਰੀ ਸੋਮਨਾਥ ਜਯੋਤਿਰਲਿੰਗ ਤੱਕ ਜਾਵੇਗੀ। ਸੋਮਨਾਥ ਮੰਦਰ ਭਾਰਤ ਦੇ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਦੱਸਿਆ ਕਿ ਯਾਤਰਾ ਲਈ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ। ਸ਼ਰਧਾਲੂਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੀ ਸੋਮਨਾਥ ਯਾਤਰਾ 'ਤੇ ਜਾਣ ਤੋਂ ਪਹਿਲਾਂ ਆਪਣੀ ਮੈਡੀਕਲ ਹਿਸਟਰੀ ਬਾਰੇ ਵੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ ਤਾਂ ਜੋ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਰਜਿਸਟ੍ਰੇਸ਼ਨ ਦੇ ਸਮੇਂ ਯਾਤਰਾ ਲਈ ਆਪਣਾ ਅਧਿਕਾਰਤ ਅਤੇ ਯੋਗ ਡਾਕਟਰ ਵੱਲੋਂ ਪ੍ਰਮਾਣਿਤ ਮੈਡੀਕਲ ਸਰਟੀਫਿਕੇਟ ਜ਼ਰੂਰ ਲਗਾਉਣ। ਇਸ ਯੋਜਨਾ ਦੇ ਤਹਿਤ ਤੀਰਥ ਯਾਤਰੀਆਂ ਦੇ ਰਹਿਣ, ਖਾਣ ਅਤੇ ਸਥਾਨਕ ਟਰਾਂਸਪੋਰਟ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਸਪੈਸ਼ਲ ਟ੍ਰੇਨ ਵਿੱਚ ਧਾਰਮਿਕ ਸਥਾਨ 'ਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੂਰੀ ਤਰ੍ਹਾਂ ਵਰਜਿਤ ਰਹੇਗਾ। ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਹੀ ਸਪੈਸ਼ਲ ਟ੍ਰੇਨ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜ਼ਿਲ੍ਹਾ ਪੱਧਰ 'ਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਸ਼ਰਧਾਲੂਆਂ ਨੂੰ ਆਈਡੀ ਕਾਰਡ ਦਿੱਤੇ ਜਾਣਗੇ।
ਸ਼੍ਰੀ ਸੋਮਨਾਥ ਯਾਤਰਾ 'ਤੇ ਜਾਣ ਲਈ ਯੋਗਤਾ
ਬੁਲਾਰੇ ਨੇ ਯੋਗਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਤਰਾ ਲਈ ਬਿਨੈ ਕਰਨ ਵਾਸਤੇ ਕੁਝ ਜ਼ਰੂਰੀ ਦਸਤਾਵੇਜ਼ ਲਾਜ਼ਮੀ ਕੀਤੇ ਗਏ ਹਨ। ਇਸ ਦੇ ਲਈ ਬਿਨੈਕਾਰ ਹਰਿਆਣਾ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਪਰਿਵਾਰ ਪਹਿਚਾਣ ਪੱਤਰ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵੈਧ ਫੋਟੋ ਪਹਿਚਾਣ ਪੱਤਰ (ਜਿਵੇਂ ਕਿ ਪਹਿਚਾਣ ਪੱਤਰ, ਪੈਨ ਕਾਰਡ ਜਾਂ ਕੋਈ ਹੋਰ ਸਰਕਾਰੀ ਆਈਡੀ), ਸਰੀਰਕ ਤੌਰ 'ਤੇ ਯਾਤਰਾ ਲਈ ਫਿੱਟ ਹੋਣ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਤੀਰਥ ਯੋਜਨਾ ਦਾ ਲਾਭ ਨਾ ਲੈਣ ਦਾ ਸਵੈ-ਐਲਾਨ ਪੱਤਰ ਸ਼ਾਮਲ ਹੈ। ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਦੀ ਉਮਰ 60 ਸਾਲ ਤੋਂ ਵੱਧ ਅਤੇ ਸਲਾਨਾ ਆਮਦਨ 1.80 ਲੱਖ ਤੱਕ ਹੋਣੀ ਚਾਹੀਦੀ ਹੈ। ਸੀਨੀਅਰ ਨਾਗਰਿਕ ਆਪਣੇ ਜੀਵਨ ਸਾਥੀ ਨੂੰ ਵੀ ਮੁਫ਼ਤ ਨਾਲ ਲੈ ਕੇ ਜਾ ਸਕਦੇ ਹਨ।
ਸਲਸਵਿਹ/2026
*****