ਚੰਡੀਗੜ੍ਹ, 30 ਮਈ - ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਇਹ ਡਿਗਰੀ ਸਿਰਫ਼ ਕਾਗਜ਼ ਦਾ ਇੱਕ ਟੁਕੜਾ ਨਹੀਂ, ਸਗੋਂ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਲਗਨ, ਮਾਤਾ-ਪਿਤਾ ਦੇ ਤਿਆਗ ਅਤੇ ਗੁਰੂਆਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਬੇਟੀਆਂ ਹੁਣ ਕਿਸੇ ਵੀ ਖੇਤਰ ਵਿੱਚ ਪਿੱਛੇ ਰਹਿਣ ਵਾਲੀਆਂ ਨਹੀਂ ਹਨ ਅਤੇ ਉਹ ਦੇਸ਼ ਤੇ ਸੂਬੇ ਦੇ ਵਿਕਾਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅੱਜ ਦਾ ਇਹ ਸਮਾਰੋਹ ਪੇਂਡੂ ਖੇਤਰਾਂ ਵਿੱਚ ਮਹਿਲਾ ਸਿੱਖਿਆ ਦੇ ਵਧਦੇ ਪ੍ਰਭਾਵ ਅਤੇ ਜਾਗਰੂਕਤਾ ਦਾ ਪ੍ਰਮਾਣ ਹੈ।
ਮੰਤਰੀ ਅੱਜ ਮਹਿਲਾ ਕਾਲਜ ਝੋਝੂ ਕਲਾਂ (ਚਰਖੀ ਦਾਦਰੀ) ਦੇ ਦੂਜੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਮੰਤਰੀ ਨੇ ਕਾਲਜ ਦੀਆਂ 650 ਵਿਦਿਆਰਥਣਾਂ ਨੂੰ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਦੀਆਂ ਡਿਗਰੀਆਂ ਪ੍ਰਦਾਨ ਕਰਕੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਮੰਤਰੀ ਨੇ ਕਿਹਾ ਕਿ ਮਹਿਲਾ ਕਾਲਜ ਝੋਝੂ ਕਲਾਂ ਪੇਂਡੂ ਖੇਤਰ ਦੀਆਂ ਬੇਟੀਆਂ ਨੂੰ ਉੱਚ ਸਿੱਖਿਆ ਉਪਲਬਧ ਕਰਵਾ ਕੇ ਮਹਿਲਾ ਸਸ਼ਕਤੀਕਰਨ ਦਾ ਇੱਕ ਨਵਾਂ ਇਤਿਹਾਸ ਲਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਪਿੰਡ ਦੀਆਂ ਬੇਟੀਆਂ ਕਦੇ ਸੀਮਤ ਮੌਕਿਆਂ ਤੱਕ ਸਿਮਟੀਆਂ ਰਹਿੰਦੀਆਂ ਸਨ, ਅੱਜ ਉੱਥੋਂ ਦੀਆਂ ਬੇਟੀਆਂ ਗੋਲਡ ਮੈਡਲ ਹਾਸਲ ਕਰਕੇ ਨਵੀਆਂ ਪ੍ਰਾਪਤੀਆਂ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਮੂਲ ਮੰਤਰ ਹੈ ਬੇਟੀਆਂ ਨੂੰ ਪੜ੍ਹਾਓ ਅਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਓ'। ਇਸੇ ਉਦੇਸ਼ ਦੇ ਤਹਿਤ ਸੂਬਾ ਸਰਕਾਰ ਨੇ ਹਰੇਕ 20 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਸਰਕਾਰੀ ਮਹਿਲਾ ਕਾਲਜ ਸਥਾਪਿਤ ਕਰਨ ਦਾ ਸੰਕਲਪ ਲਿਆ ਹੈ, ਤਾਂ ਜੋ ਕਿਸੇ ਵੀ ਬੇਟੀ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ ਅਤੇ ਉਸ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ।
ਮੰਤਰੀ ਨੇ ਕਿਹਾ ਕਿ ਸਿੱਖਿਆ ਉਹ ਅਚੂਕ ਹਥਿਆਰ ਹੈ ਜੋ ਰੂੜ੍ਹੀਵਾਦੀ ਸੋਚ ਦੀਆਂ ਬੇੜੀਆਂ ਨੂੰ ਤੋੜ ਸਕਦਾ ਹੈ। ਸਿੱਖਿਆ ਸਿਰਫ਼ ਅੱਖਰਾਂ ਦਾ ਗਿਆਨ ਨਹੀਂ ਦਿੰਦੀ, ਸਗੋਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਫਲਤਾ ਪ੍ਰਾਪਤ ਕਰਨ ਦਾ ਰਸਤਾ ਵੀ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਇੱਕ ਲੜਕੇ ਨੂੰ ਸਿਖਿਅਤ ਕਰਨ ਨਾਲ ਇੱਕ ਵਿਅਕਤੀ ਸਿੱਖਿਅਤ ਹੁੰਦਾ ਹੈ, ਜਦੋਂ ਕਿ ਇੱਕ ਲੜਕੀ ਨੂੰ ਸਿੱਖਿਅਤ ਕਰਨ ਨਾਲ ਪੂਰਾ ਪਰਿਵਾਰ, ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਿੱਖਿਅਤ ਹੁੰਦੀਆਂ ਹਨ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਨੌਕਰੀ ਪਾਉਣ ਤੱਕ ਸੀਮਤ ਨਾ ਰਹਿਣ, ਸਗੋਂ ਸਮਾਜ ਨੂੰ ਦਿਸ਼ਾ ਦੇਣ ਵਾਲੀਆਂ ਆਗੂ ਬਣਨ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਚਾਹੇ ਉਹ ਕਿਸੇ ਵੀ ਖੇਤਰ ਵਿੱਚ ਜਾਣ, ਆਪਣੀ ਇਮਾਨਦਾਰੀ, ਸੱਭਿਆਚਾਰ, ਮੁੱਲਾਂ ਅਤੇ ਆਪਣੀ ਮਿੱਟੀ ਨਾਲ ਜੁੜਾਅ ਨੂੰ ਕਦੇ ਨਾ ਭੁੱਲਣ।
ਉਨ੍ਹਾਂ ਕਿਹਾ ਕਿ ਮੌਜੂਦਾ ਗਲੋਬਲ ਹਾਲਾਤ ਦੁਨੀਆ ਦੇ ਸਾਹਮਣੇ ਹਨ, ਜਿੱਥੇ ਵਿਕਸਿਤ ਕਹਾਉਣ ਵਾਲੇ ਦੇਸ਼ ਵੀ ਆਪਸੀ ਲੜਾਈਆਂ ਵਿੱਚ ਉਲਝੇ ਹੋਏ ਹਨ। ਅਜਿਹੇ ਸਮੇਂ ਵਿੱਚ ਭਾਰਤ ਦੀ ਸਭਿਅਤਾ, ਸੱਭਿਆਚਾਰ ਅਤੇ ਮਨੁੱਖੀ ਮੁੱਲਾਂ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਲ ਸਭ ਤੋਂ ਵੱਡੀ ਤਾਕਤ ਉਸ ਦਾ ਨੌਜਵਾਨ ਵਰਗ ਹੈ। ਦੇਸ਼ ਦੀ ਲਗਭਗ 65 ਫੀਸਦੀ ਆਬਾਦੀ ਨੌਜਵਾਨ ਹੈ ਅਤੇ ਸਰਕਾਰ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ, ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਦੋਂ ਦੇਸ਼ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਉਦੋਂ ਭਾਰਤ ਵਿਸ਼ਵ ਦੇ ਸਾਹਮਣੇ ਇੱਕ ਵਿਕਸਿਤ, ਆਤਮ-ਨਿਰਭਰ ਅਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਅਤੇ ਨੌਜਵਾਨ ਹੀ ਇਸ ਟੀਚੇ ਨੂੰ ਸਾਕਾਰ ਕਰਨ ਦੀ ਸਭ ਤੋਂ ਵੱਡੀ ਤਾਕਤ ਹਨ। ਇਸ ਮੌਕੇ ਵਿਧਾਇਕ ਸੁਨੀਲ ਸਾਂਗਵਾਨ, ਵਿਧਾਇਕ ਉਮੇਦ ਪਾਤੂਵਾਸ, ਚੌਧਰੀ ਬੰਸੀਲਾਲ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਪ੍ਰੋ. ਦੀਪਤੀ ਧਰਮਾਨੀ ਅਤੇ ਐਸਡੀਐਮ ਵੀਰੇਂਦਰ ਸਿੰਘ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਸਲਸਵਿਹ/2026
*****