Irrigation & Water Resources
azadi ka amrit mahotsav

ਸਿੰਚਾਈ ਵਿਭਾਗ ਨੇ ਸੂਬੇ ਵਿੱਚ ਮਾਨਸੂਨ ਤੋਂ ਪਹਿਲਾਂ ਡਰੇਨ ਸਫਾਈ ਮੁਹਿੰਮ ਕੀਤੀ ਸ਼ੁਰੂ -ਅਨੁਰਾਗ ਅਗਰਵਾਲ

4,369 ਕਿਲੋਮੀਟਰ ਲੰਬੇ 716 ਨਾਲਿਆਂ ਦੀ ਸਫਾਈ ਅਤੇ ਗਾਦ ਕੱਢਣ ਦਾ ਪਲਾਨ

ਮੁੱਖ ਦਫ਼ਤਰ ਦੇ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿੱਚ ਰੈਗੂਲਰ ਫੀਲਡ ਇੰਸਪੈਕਸ਼ਨ ਲਈ ਕੀਤਾ ਤਾਇਨਾਤ

Posted On: 30 May 2026 6:17PM

ਚੰਡੀਗੜ੍ਹ, 30 ਮਈ - ਹਰਿਆਣਾ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸਿੰਚਾਈ ਅਤੇ ਜਲ ਸਰੋਤ ਵਿਭਾਗ ਵੱਲੋਂ ਆਉਣ ਵਾਲੇ ਮਾਨਸੂਨ ਤੋਂ ਪਹਿਲਾਂ ਸੂਬੇ ਵਿੱਚ ਹੜ੍ਹ ਪ੍ਰਬੰਧਨ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਪਾਣੀ ਭਰਨ ਵਰਗੇ ਹਾਲਾਤਾਂ ਤੋਂ ਬਚਾਉਣ ਦੀਆਂ ਤਿਆਰੀਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਡਰੇਨਾਂ ਦੀ ਸਫਾਈ ਅਤੇ ਗਾਦ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਵਿਭਾਗ ਦੀ ਕੋਸ਼ਿਸ਼ ਹੈ ਕਿ ਪੇਂਡੂ ਇਲਾਕਿਆਂ ਵਿੱਚ ਬਾਰਸ਼ ਦੇ ਪਾਣੀ ਦੀ ਨਿਕਾਸੀ ਨੂੰ ਆਸਾਨ ਬਣਾਉਣ ਅਤੇ ਬਿਹਤਰ ਪ੍ਰਬੰਧਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਦੇ ਲਈ ਸੀਨੀਅਰ ਅਧਿਕਾਰੀ ਕੰਮ ਦੀ ਪ੍ਰਗਤੀ 'ਤੇ 24 ਘੰਟੇ ਨੇੜਿਓਂ ਨਜ਼ਰ ਰੱਖ ਰਹੇ ਹਨ। ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਵੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਨਿਯਮਤ ਸਮੀਖਿਆ ਮੀਟਿੰਗਾਂ ਲੈ ਕੇ ਕੰਮ ਦੀ ਪਾਲਣਾ ਯਕੀਨੀ ਬਣਾਉਣ 'ਤੇ ਜ਼ੋਰ ਦੇ ਰਹੇ ਹਨ।

ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ-ਨਾਲ ਵਿਭਾਗ ਦੇ ਸਬੰਧਤ ਐਸ.ਈ. ਅਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਚੱਲ ਰਹੇ ਕੰਮਾਂ ਦੀ ਨਿਯਮਤ ਜਾਂਚ ਕਰਨ ਅਤੇ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸੌ ਫੀਸਦੀ ਡਰੇਨ ਸਫਾਈ ਨੂੰ ਨਿਰਧਾਰਤ ਸਮੇਂ 'ਤੇ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਮੁੱਖ ਦਫ਼ਤਰ ਪੱਧਰ ਦੇ ਅਧਿਕਾਰੀਆਂ ਨੂੰ ਵੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੈਗੂਲਰ ਫੀਲਡ ਇੰਸਪੈਕਸ਼ਨ ਲਈ ਭੇਜਿਆ ਗਿਆ ਹੈ।

ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨਾਲਿਆਂ, ਨਹਿਰਾਂ ਅਤੇ ਪਾਣੀ ਦੇ ਚੈਨਲਾਂ ਤੋਂ ਗਾਦ, ਖਰਪਤਵਾਰ, ਰੁੱਖ-ਪੌਦੇ, ਰੁਕਾਵਟਾਂ ਅਤੇ ਨਾਜਾਇਜ਼ ਕਬਜ਼ੇ ਹਟਾਉਣਾ ਹੈ, ਤਾਂ ਜੋ ਉਨ੍ਹਾਂ ਦੀ ਸਮਰੱਥਾ ਠੀਕ ਹੋ ਸਕੇ ਅਤੇ ਮਾਨਸੂਨ ਦੇ ਮੌਸਮ ਵਿੱਚ ਬਾਰਸ਼ ਦੇ ਪਾਣੀ ਦਾ ਵਹਾਅ ਆਸਾਨ ਹੋ ਸਕੇ।

ਹਰ ਸਾਲ ਹੋਣ ਵਾਲੇ ਮਾਨਸੂਨ ਤੋਂ ਪਹਿਲਾਂ ਦੀ ਤਿਆਰੀ ਪ੍ਰੋਗਰਾਮ ਦੇ ਤਹਿਤ ਹਰਿਆਣਾ ਸਿੰਚਾਈ ਅਤੇ ਜਲ ਸਰੋਤ ਵਿਭਾਗ ਨੇ ਇਸ ਸਾਲ ਕੁੱਲ 4,369.69 ਕਿਲੋਮੀਟਰ ਲੰਬੇ 716 ਨਾਲਿਆਂ ਦੀ ਸਫਾਈ ਅਤੇ ਗਾਦ ਕੱਢਣ ਦਾ ਪਲਾਨ ਬਣਾਇਆ ਹੈ।

ਨਾਲਿਆਂ ਦੀ ਸਫਾਈ ਦਾ ਕੰਮ ਵਿਭਾਗੀ ਮਸ਼ੀਨਰੀ ਦੇ ਨਾਲ-ਨਾਲ ਈ-ਟੈਂਡਰਿੰਗ ਮੋਡ ਰਾਹੀਂ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਕੰਮ ਨੂੰ ਪਾਰਦਰਸ਼ੀ ਅਤੇ ਬਿਹਤਰ ਢੰਗ ਨਾਲ ਜਲਦੀ ਪੂਰਾ ਕੀਤਾ ਜਾ ਸਕੇ। ਇਹਨਾਂ ਕੰਮਾਂ ਵਿੱਚ ਮੁੱਖ ਤੌਰ 'ਤੇ ਜਮ੍ਹਾਂ ਹੋਈ ਗਾਦ ਅਤੇ ਰੁੱਖ-ਪੌਦਿਆਂ ਨੂੰ ਹਟਾਉਣਾ ਸ਼ਾਮਲ ਹੈ ਤਾਂ ਜੋ ਨਾਲਿਆਂ ਦੀ ਸਮਰੱਥਾ ਸੁਧਰ ਸਕੇ ਅਤੇ ਕਮਜ਼ੋਰ ਇਲਾਕਿਆਂ ਵਿੱਚ ਹੜ੍ਹ ਅਤੇ ਪਾਣੀ ਭਰਨ ਦਾ ਖਤਰਾ ਘੱਟ ਹੋ ਸਕੇ।

ਵਿਭਾਗ ਨੇ ਜੂਨ 2026 ਤੱਕ ਸਾਰੇ 716 ਨਾਲਿਆਂ ਦੀ ਪਛਾਣ ਕਰਕੇ ਸਫਾਈ ਪੂਰੀ ਕਰਨ ਦਾ ਟੀਚਾ ਤੈਅ ਕੀਤਾ ਹੈ। ਮਾਨਸੂਨ ਆਉਣ ਤੋਂ ਕਾਫੀ ਪਹਿਲਾਂ ਪੂਰੇ ਸੂਬੇ ਵਿੱਚ ਜਲ-ਥਲ ਰੋਕਣ ਦੀ ਪੂਰੀ ਤਿਆਰੀ ਕਰਨ ਲਈ ਕੰਮਾਂ ਨੂੰ ਤਰਜੀਹ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ।

ਹਰਿਆਣਾ ਸਿੰਚਾਈ ਅਤੇ ਜਲ ਸਰੋਤ ਵਿਭਾਗ ਲੋਕਾਂ ਦੇ ਹਿੱਤਾਂ ਦੀ ਰੱਖਿਆ, ਡਰੇਨੇਜ ਇਨਫਰਾਸਟਰਕਚਰ ਨੂੰ ਬਿਹਤਰ ਬਣਾਉਣ ਅਤੇ ਸਮੇਂ ਸਿਰ ਕੰਮ ਕਰਕੇ ਹੜ੍ਹ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ।

ਸਲਸਵਿਹ/2026

 

*****

 


(Release ID: 2203)