ਚੰਡੀਗੜ੍ਹ, 21 ਜੂਨ – ਹਰਿਆਣਾ ਲੋਕ ਭਵਨ ਵਿੱਚ ਐਤਵਾਰ ਨੂੰ 12ਵਾਂ ਕੌਮਾਂਰਤੀ ਯੋਗ ਦਿਵਸ ਉਤਸ਼ਾਹ ਅਤੇ ਉਲਾਸ ਨਾਲ ਮਨਾਇਆ ਗਿਆ। ਹਰਿਆਣਾ ਯੋਗ ਕਮਿਸ਼ਨ ਅਤੇ ਆਯੂਸ਼ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਆਯੋਜਿਤ ਇਸ ਸਮਾਗਮ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 'ਤੇ ਸੂਬੇ ਦੀ ਪਹਿਲੀ ਮਹਿਲਾ ਸ੍ਰੀਮਤੀ ਮਿਤ੍ਰਾ ਘੋਸ਼ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਮੌਜੂਦਾ ਭਾਰਤ ਸਰਕਾਰ ਨਾ ਸਿਰਫ਼ ਦੇਸ਼ਵਾਸੀਆਂ ਦੇ ਭਲੇ ਲਈ, ਸਗੋਂ ਸਮੁੱਚੀ ਮਨੁੱਖਤਾ ਦੇ ਹਿੱਤ ਵਿੱਚ ਵੀ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਯੋਗ ਦੇ ਮੁੱਲਾਂ ਨੂੰ ਅਪਣਾ ਰਿਹਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਰਿਹਾ ਹੈ। ਯੋਗ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪ੍ਰਾਚੀਨ ਸੱਭਿਅਤਾ ਦਾ ਅਨਿੱਖੜਵਾਂ ਅੰਗ ਹੈ।
ਰਾਜਪਾਲ ਨੇ ਕਿਹਾ ਕਿ ਯੋਗ ਸਿਰਫ਼ ਇੱਕ ਸਰੀਰਕ ਕਸਰਤ ਨਹੀਂ, ਸਗੋਂ ਜੀਵਨ ਜਿਊਣ ਦੀ ਇੱਕ ਸੰਪੂਰਨ ਪੱਧਤੀ ਹੈ, ਜੋ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਅਤੇ ਉੱਤਮ ਸਿਹਤ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਮਾਨਸਿਕ ਸ਼ਾਂਤੀ ਨਾਲ ਸਰੀਰ ਅਤੇ ਮਨ ਦੋਵਾਂ ਦਾ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ।
ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਕੌਮਾਂਰਤੀ ਯੋਗ ਦਿਵਸ ਅੱਜ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ, ਸਗੋਂ ਵਿਸ਼ਵ ਦੇ 150 ਤੋਂ ਵੱਧ ਦੇਸ਼ਾਂ ਵਿੱਚ ਉਤਸ਼ਾਹਪੂਰਵਕ ਮਨਾਇਆ ਜਾਂਦਾ ਹੈ। ਯੋਗ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ, ਚਿੰਤਨ ਸ਼ਕਤੀ ਨੂੰ ਵਿਕਸਤ ਕਰਦਾ ਹੈ ਅਤੇ ਬੌਧਿਕ ਸਮਰੱਥਾ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਇਹ ਵਿਅਕਤੀ ਅਤੇ ਸਮਾਜ, ਦੋਵਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਕੁਝ ਵਿਚਾਰ ਅਜਿਹੇ ਹੁੰਦੇ ਹਨ ਜੋ ਭੂਗੋਲਿਕ ਸਰਹੱਦਾਂ ਤੋਂ ਪਾਰ ਜਾ ਕੇ ਸਰਵਵਿਆਪਕ ਸਰੂਪ ਧਾਰਨ ਕਰ ਲੈਂਦੇ ਹਨ। ਯੋਗ ਭਾਰਤੀ ਸੰਸਕ੍ਰਿਤੀ ਦਾ ਅਜਿਹਾ ਹੀ ਇੱਕ ਅਮੁੱਲ ਅਧਿਆਤਮਿਕ ਤੋਹਫ਼ਾ ਹੈ, ਜੋ ਭਾਰਤ ਨੇ ਵਿਸ਼ਵ ਨੂੰ ਪ੍ਰਦਾਨ ਕੀਤਾ ਹੈ। ਯੋਗ ਦੇ ਮਹੱਤਵ ਦਾ ਜ਼ਿਕਰ ਰਿਗਵੇਦ, ਉਪਨਿਸ਼ਦਾਂ ਅਤੇ ਮਹਾਰਿਸ਼ੀ ਪਤੰਜਲੀ ਦੇ ਯੋਗ-ਦਰਸ਼ਨ ਵਿੱਚ ਮਿਲਦਾ ਹੈ, ਜੋ ਭਾਰਤ ਦੀ ਦਾਰਸ਼ਨਿਕ ਅਤੇ ਅਧਿਆਤਮਿਕ ਪਰੰਪਰਾ ਵਿੱਚ ਇਸ ਦੀਆਂ ਡੂੰਘੀਆਂ ਜੜ੍ਹਾਂ ਦਾ ਪ੍ਰਮਾਣ ਹੈ।
ਰਾਜਪਾਲ ਨੇ ਸਵਾਮੀ ਵਿਵੇਕਾਨੰਦ ਦੇ ਯੋਗਦਾਨ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿੱਚ ਆਪਣੇ ਇਤਿਹਾਸਕ ਸੰਬੋਧਨ ਰਾਹੀਂ ਭਾਰਤੀ ਅਧਿਆਤਮਿਕ ਪਰੰਪਰਾ ਦੀ ਮਹਾਨਤਾ ਨੂੰ ਵਿਸ਼ਵ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਪੱਛਮੀ ਦੇਸ਼ਾਂ ਦੇ ਕਈ ਲੋਕਾਂ ਨੇ ਯੋਗ ਦੇ ਸਿਧਾਂਤਾਂ ਅਤੇ ਮੁੱਲਾਂ ਨੂੰ ਅਪਣਾਇਆ।
ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਆਸ ਪ੍ਰਗਟਾਈ ਕਿ ਪ੍ਰਬੰਧਕ ਭਵਿੱਖ ਵਿੱਚ ਵੀ ਹਰ ਸਾਲ ਅਜਿਹੇ ਸਮਾਗਮ ਕਰਦੇ ਰਹਿਣਗੇ ਅਤੇ ਯੋਗ ਦੇ ਵਿਆਪਕ ਲਾਭਾਂ ਪ੍ਰਤੀ ਜਨ-ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨਗੇ।
ਪ੍ਰੋਗਰਾਮ ਵਿੱਚ ਸਮੂਹਿਕ ਯੋਗਾਭਿਆਸ ਕੀਤਾ ਗਿਆ, ਜਿਸ ਵਿੱਚ ਯੋਗ ਟ੍ਰੇਨਰਾਂ ਦੇ ਮਾਰਗਦਰਸ਼ਨ ਵਿੱਚ ਭਾਗੀਦਾਰਾਂ ਨੇ ਵੱਖ-ਵੱਖ ਯੋਗਾਸਨਾਂ, ਪ੍ਰਾਣਾਯਾਮ ਅਤੇ ਧਿਆਨ ਦੀਆਂ ਕਿਰਿਆਵਾਂ ਦਾ ਅਭਿਆਸ ਕਰਕੇ ਯੋਗ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ।
ਪ੍ਰੋਗਰਾਮ ਵਿੱਚ ਰਾਜਪਾਲ ਦੇ ਸਕੱਤਰ ਵਿਜੇ ਕੁਮਾਰ ਭਾਵਿਕੱਟੀ, ਰਾਜਪਾਲ ਦੇ ਏ.ਡੀ.ਸੀ. (ਪਰਿਸਹਾਯ) ਧੀਰਜ ਸੇਤੀਆ ਸਮੇਤ ਲੋਕ ਭਵਨ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਸਨ। ਸਮਾਗਮ ਦੀ ਸਮਾਪਤੀ ਸਾਰੇ ਭਾਗੀਦਾਰਾਂ ਵੱਲੋਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਸੰਕਲਪ ਨਾਲ ਹੋਈ।
ਸਲਸਵਿਹ/ 2026
*****