CM Press Release
azadi ka amrit mahotsav

ਜਾਪਾਨ ਵਿੱਚ ਚੱਲ ਰਹੇ ਕੌਮਾਂਰਤੀ ਗੀਤਾ ਮਹੋਤਸਵ ਦੌਰਾਨ ਹੋਇਆ ਸ਼ਾਨਦਾਰ ਕੌਮਾਂਰਤੀ ਯੋਗ ਦਿਵਸ ਦਾ ਆਯੋਜਨ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਡੀਓ ਸੰਦੇਸ਼ ਰਾਹੀਂ ਯੋਗ ਦਿਵਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

ਯੋਗ ਨੇ ਵਿਸ਼ਵ ਨੂੰ ਸਿਹਤ, ਸੰਤੁਲਨ ਅਤੇ ਸ਼ਾਂਤੀ ਦਾ ਰਾਹ ਦਿਖਾਇਆ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

Posted On: 21 Jun 2026 5:19PM


ਚੰਡੀਗੜ੍ਹ, 21 ਜੂਨ- ਜਾਪਾਨ ਵਿੱਚ ਚੱਲ ਰਹੇ ਕੌਮਾਂਰਤੀ ਗੀਤਾ ਮਹੋਤਸਵ ਦੌਰਾਨ ਕੌਮਾਂਰਤੀ ਯੋਗ ਦਿਵਸ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਾਪਾਨੀ ਨਾਗਰਿਕਾਂ, ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਮੈਂਬਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਯੋਗਾਭਿਆਸ, ਧਿਆਨ ਅਤੇ ਭਾਰਤੀ ਅਧਿਆਤਮਿਕ ਪਰੰਪਰਾਵਾਂ ਰਾਹੀਂ ਭਾਰਤ-ਜਾਪਾਨ ਮਿੱਤਰਤਾ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ।

ਪ੍ਰੋਗਰਾਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਵਿਸ਼ੇਸ਼ ਵੀਡੀਓ ਸੰਦੇਸ਼ ਵੀ ਪ੍ਰਸਾਰਿਤ ਕੀਤਾ ਗਿਆ। ਮੁੱਖ ਮੰਤਰੀ ਨੇ ਕੌਮਾਂਰਤੀ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਯੋਗ ਭਾਰਤ ਦੀ ਅਮੁੱਲ ਵਿਰਾਸਤ ਹੈ, ਜਿਸ ਨੇ ਅੱਜ ਪੂਰੇ ਵਿਸ਼ਵ ਨੂੰ ਸਿਹਤ, ਸੰਤੁਲਨ ਅਤੇ ਸ਼ਾਂਤੀ ਦਾ ਰਾਹ ਦਿਖਾਇਆ ਹੈ। ਉਨ੍ਹਾਂ ਨੇ ਜਾਪਾਨ ਵਿੱਚ ਆਯੋਜਿਤ ਕੌਮਾਂਰਤੀ ਗੀਤਾ ਮਹੋਤਸਵ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਆਤਮਿਕ ਉੱਨਤੀ, ਮਾਨਸਿਕ ਸ਼ਾਂਤੀ ਅਤੇ ਵਿਸ਼ਵਵਿਆਪੀ ਸਦਭਾਵਨਾ ਦਾ ਰਾਹ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਣਾਅ, ਚਿੰਤਾ ਅਤੇ ਸੰਘਰਸ਼ ਤੋਂ ਗ੍ਰਸਤ ਵਿਸ਼ਵ ਨੂੰ ਯੋਗ ਅਤੇ ਸ਼੍ਰੀਮਦ ਭਗਵਦ ਗੀਤਾ ਦੇ ਸੰਦੇਸ਼ ਦੀ ਬਹੁਤ ਲੋੜ ਹੈ।

ਹਰਿਆਣਾ ਸਰਕਾਰ ਦੇ ਨੁਮਾਇੰਦੇ ਡਾ: ਅਮਿਤ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਸਰਕਾਰ ਯੋਗ ਅਤੇ ਗੀਤਾ ਦੇ ਵਿਸ਼ਵਵਿਆਪੀ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੌਮਾਂਰਤੀ ਗੀਤਾ ਮਹੋਤਸਵ ਰਾਹੀਂ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਜਾਪਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਯੋਗ ਦਿਵਸ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਜਾਪਾਨੀ ਨਾਗਰਿਕਾਂ ਨੇ ਭਾਗ ਲਿਆ। ਜਾਪਾਨ ਵਿੱਚ ਯੋਗ ਅਤੇ ਧਿਆਨ ਪ੍ਰਤੀ ਲੋਕਾਂ ਦੀ ਡੂੰਘੀ ਰੁਚੀ ਅਤੇ ਸਮਰਪਣ ਭਾਰਤ ਦੀਆਂ ਅਧਿਆਤਮਿਕ ਪਰੰਪਰਾਵਾਂ ਪ੍ਰਤੀ ਵਧਦੇ ਆਕਰਸ਼ਣ ਦਾ ਸਬੂਤ ਹੈ।

ਇਸ ਮੌਕੇ 'ਤੇ ਬੁਲਾਰਿਆਂ ਨੇ ਕਿਹਾ ਕਿ ਭਾਰਤ ਅੱਜ ਵਿਸ਼ਵਵਿਆਪੀ ਯੋਗ ਲਹਿਰ ਦੀ ਅਗਵਾਈ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਯਤਨਾਂ ਸਦਕਾ ਯੋਗ ਇੱਕ ਵਿਸ਼ਵਵਿਆਪੀ ਜਨ ਅੰਦੋਲਨ ਬਣ ਚੁੱਕਾ ਹੈ ਅਤੇ ਕਰੋੜਾਂ ਲੋਕ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਰਹੇ ਹਨ। ਯੋਗ ਮਨੁੱਖਤਾ ਨੂੰ ਸਿਹਤ, ਸ਼ਾਂਤੀ ਅਤੇ ਇਕਸੁਰਤਾ ਦਾ ਸੰਦੇਸ਼ ਦਿੰਦਾ ਹੈ।

ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਮੌਜ਼ੂਦ ਯੋਗਮਾਤਾ ਕੀਕੋ ਐਕਾਵਾ ਦਾ ਸਵਾਗਤ ਕੀਤਾ ਗਿਆ। ਯੋਗ ਮਾਤਾ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਯੋਜਿਤ ਮਹਾਕੁੰਭ ਵਿੱਚ ਭਾਗ ਲਿਆ ਸੀ ਅਤੇ ਭਾਰਤ ਪ੍ਰਵਾਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਯੋਗ ਅਤੇ ਧਿਆਨ ਰਾਹੀਂ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਲਾਈ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਯੋਗ ਮਾਤਾ ਨੇ ਕਿਹਾ ਕਿ ਭਾਰਤ ਦੀਆਂ ਅਧਿਆਤਮਿਕ ਪਰੰਪਰਾਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹਨ ਅਤੇ ਜਾਪਾਨ ਵਿੱਚ ਯੋਗ ਅਤੇ ਧਿਆਨ ਪ੍ਰਤੀ ਲੋਕਾਂ ਦੀ ਵਧਦੀ ਰੁਚੀ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।

ਇਸ ਮੌਕੇ 'ਤੇ ਸਵਾਮੀ ਗਿਆਨਾਨੰਦ ਜੀ ਮਹਾਰਾਜ, ਡਾ: ਅਮਿਤ ਅਗਰਵਾਲ, ਸ੍ਰੀ ਉਪੇਂਦਰ ਸਿੰਘਲ ਅਤੇ ਸ੍ਰੀ ਵਿਜੇ ਨਰੂਲਾ ਨੇ ਯੋਗ ਮਾਤਾ ਨੂੰ ਸ਼੍ਰੀਮਦ ਭਗਵਦ ਗੀਤਾ ਦੀ ਪ੍ਰਤੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਵਿਧਾਇਕ ਸਤਪਾਲ ਜਾਂਬਾ, ਮੇਅਰ ਸ਼ਿਆਮਲਾਲ ਬਾਂਸਲ, ਅਸ਼ੋਕ ਗੁੱਜਰ, ਅਲਕੇਸ਼ ਮੋਦਗਿਲ, ਅਸ਼ੋਕ ਰੋਸ਼ਾ, ਗੁਰਨਾਮ ਸੈਣੀ, ਡਾ: ਰਿਸ਼ੀਪਾਲ ਮਥਾਨਾ, ਡਾ: ਐਮ.ਕੇ. ਮੋਦਗਿਲ ਆਦਿ ਸ਼ਾਮਲ ਹੋਏ। ਪ੍ਰੋਗਰਾਮ ਦੇ ਅੰਤ ਵਿੱਚ ਸਮੂਹਿਕ ਯੋਗਾਭਿਆਸ, ਧਿਆਨ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।

ਸਲਸਵਿਹ/ 2026

 

*****

 


(Release ID: 3061)