ਚੰਡੀਗੜ੍ਹ, 21 ਜੂਨ – 12ਵੇਂ ਕੌਮਾਂਰਤੀ ਯੋਗ ਦਿਵਸ, 2026 ਦੇ ਮੌਕੇ 'ਤੇ ਅੱਜ ਪੰਚਕੂਲਾ ਯੋਗਮਈ ਨਜ਼ਰ ਆਇਆ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੈਕਟਰ-5 ਸਥਿਤ ਪਰੇਡ ਗਰਾਊਂਡ ਵਿੱਚ ਆਯੋਜਿਤ ਰਾਜ ਪੱਧਰੀ ਯੋਗ ਦਿਵਸ ਸਮਾਰੋਹ ਵਿੱਚ ਹਜ਼ਾਰਾਂ ਨਾਗਰਿਕਾਂ ਨਾਲ ਸਮੂਹਿਕ ਯੋਗਾਭਿਆਸ ਕਰਕੇ ਸਿਹਤਮੰਦ ਸਰੀਰ, ਸਿਹਤਮੰਦ ਮਨ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਯੋਗ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਸਮਾਰੋਹ ਨੂੰ ਵਿਸ਼ੇਸ਼ ਕੌਮਾਂਰਤੀ ਸਰੂਪ ਉਦੋਂ ਮਿਲਿਆ, ਜਦੋਂ ਹਰਿਆਣਾ ਵਿੱਚ ਪੜ੍ਹ ਰਹੇ ਅਤੇ ਕੰਮ ਕਰ ਰਹੇ 16 ਮਿੱਤਰ ਦੇਸ਼ਾਂ ਦੇ ਸੈਂਕੜੇ ਨੌਜਵਾਨਾਂ ਨੇ ਉਤਸ਼ਾਹਪੂਰਵਕ ਇਸ ਵਿੱਚ ਭਾਗੀਦਾਰੀ ਕੀਤੀ।
ਇਸ ਮੌਕੇ 'ਤੇ ਹਰਿਆਣਾ ਦੀ ਸਿਹਤ ਅਤੇ ਆਯੂਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਰਿਤ ਯੋਗ ਮੁਹਿੰਮ ਨੂੰ ਹੋਰ ਗਤੀ ਦਿੰਦਿਆਂ ਪਰੇਡ ਗਰਾਊਂਡ ਕੰਪਲੈਕਸ ਵਿੱਚ ਪੌਦੇ ਲਗਾਏ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਯੋਗ ਕਮਿਸ਼ਨ, ਪਤੰਜਲੀ ਯੋਗ ਸੰਸਥਾਨ, ਭਾਰਤੀ ਯੋਗ ਸੰਸਥਾਨ ਅਤੇ ਐਨਰਜੇਟਿਕ ਯੋਗ ਸੰਸਥਾਨ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਅਤੇ ਪ੍ਰੇਰਨਾ ਨਾਲ ਕੌਮਾਂਰਤੀ ਯੋਗ ਦਿਵਸ ਅੱਜ ਇੱਕ ਵਿਸ਼ਵਵਿਆਪੀ ਜਨ-ਅੰਦੋਲਨ ਦਾ ਰੂਪ ਲੈ ਚੁੱਕਾ ਹੈ। ਇਹ ਉਸ ਸਨਾਤਨ ਦਰਸ਼ਨ ਦਾ ਉਤਸਵ ਹੈ ਜੋ ‘ਵਸੁਧੈਵ ਕੁਟੁੰਬਕਮ’ ਦੇ ਸਿਧਾਂਤ ਨੂੰ ਅਪਣਾਉਂਦੇ ਹੋਏ ‘‘ਵਨ ਅਰਥ, ਵਨ ਫੈਮਿਲੀ, ਵਨ ਫਿਊਚਰ’’ ਦੇ ਵਿਆਪਕ ਸੰਕਲਪ ਨੂੰ ਸਾਕਾਰ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਅਸਲ ਵਿੱਚ ਇੱਕ ਗਲੋਬਲ ਵਿਲੇਜ ਬਣ ਚੁੱਕੀ ਹੈ। ਅਜਿਹੇ ਸਮੇਂ ਵਿੱਚ ਯੋਗ ਸਮੁੱਚੀ ਮਨੁੱਖਤਾ ਨੂੰ ਜੋੜਨ ਵਾਲਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਕੇ ਉੱਭਰਿਆ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਚਕੂਲਾ ਦੀ ਇਸ ਪਵਿੱਤਰ ਧਰਤੀ 'ਤੇ ਆਯੋਜਿਤ ਕੌਮਾਂਰਤੀ ਯੋਗ ਦਿਵਸ ਪ੍ਰੋਗਰਾਮ ਵਿੱਚ ਹਰਿਆਣਾ ਵਿੱਚ ਪੜ੍ਹ ਰਹੇ ਅਤੇ ਕੰਮ ਕਰ ਰਹੇ 16 ਮਿੱਤਰ ਦੇਸ਼ਾਂ- ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਨੇਪਾਲ, ਐਸਵਾਤੀਨੀ, ਗੈਂਬੀਆ, ਇਰਾਕ, ਆਈਵਰੀ ਕੋਸਟ, ਲੇਸੋਥੋ, ਮੈਡਾਗਾਸਕਰ, ਮਲਾਵੀ, ਦੱਖਣੀ ਸੂਡਾਨ, ਸੀਰੀਆ, ਤਨਜ਼ਾਨੀਆ, ਯੂਗਾਂਡਾ ਅਤੇ ਜ਼ਿੰਬਾਬਵੇ ਦੇ ਸੈਂਕੜੇ ਨੌਜਵਾਨਾਂ ਨੇ ਉਤਸ਼ਾਹਪੂਰਵਕ ਯੋਗਾਭਿਆਸ ਵਿੱਚ ਭਾਗ ਲੈ ਕੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਨੂੰ ਸਾਕਾਰ ਰੂਪ ਪ੍ਰਦਾਨ ਕੀਤਾ। ਉਨ੍ਹਾਂ ਦੀ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਯੋਗ ਸਰਹੱਦਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਤੋਂ ਪਰੇ ਸਮੁੱਚੀ ਮਨੁੱਖਤਾ ਨੂੰ ਇੱਕ ਸੂਤਰ ਵਿੱਚ ਜੋੜਨ ਦੀ ਸਮਰੱਥਾ ਰੱਖਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅੱਜ ਪੂਰਾ ਵਿਸ਼ਵ ਭਾਰਤ ਦੀ ਇਸ ਅਮੁੱਲ ਵਿਰਾਸਤ ਦਾ ਸਤਿਕਾਰ ਕਰ ਰਿਹਾ ਹੈ। ਇਸ ਨੂੰ ਸਾਡੇ ਰਿਸ਼ੀ-ਮੁਨੀਆਂ ਨੇ ਤਪੱਸਿਆ, ਸਾਧਨਾ ਅਤੇ ਗਿਆਨ ਦੇ ਮਾਧਿਅਮ ਨਾਲ ਮਨੁੱਖ ਮਾਤਰ ਨੂੰ ਸਮਰਪਿਤ ਕੀਤਾ ਸੀ। ਅੱਜ ਇਹ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਲੈ ਕੇ ਦੁਨੀਆ ਦੇ ਲਗਭਗ ਹਰ ਦੇਸ਼ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕੌਮਾਂਰਤੀ ਯੋਗ ਦਿਵਸ ਦਾ ਥੀਮ ‘ਸਿਹਤਮੰਦ ਉਮਰ ਲਈ ਯੋਗ ਹੈ’। ਇਹ ਥੀਮ ਮੌਜੂਦਾ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਦੁਨੀਆ ਭਰ ਵਿੱਚ ਵਧੇਰੇ ਉਮਰ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਵਧੇਰੇ ਉਮਰ ਵਿੱਚ ਵਿਅਕਤੀ ਸਿਹਤਮੰਦ, ਸਰਗਰਮ ਅਤੇ ਆਤਮ-ਨਿਰਭਰ ਬਣਿਆ ਰਹੇ, ਇਸ ਲਈ ਯੋਗ ਬਹੁਤ ਸਹਾਇਕ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਇੱਕ ਅਜਿਹੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਜਿੱਥੇ ਮਾਨਸਿਕ ਤਣਾਅ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਮੋਟਾਪੇ ਵਰਗੇ ਰੋਗ ਫੈਲਦੇ ਜਾ ਰਹੇ ਹਨ। ਸਾਡੇ ਰਿਸ਼ੀ-ਮੁਨੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਦਾ ਨਿਵਾਸ ਹੁੰਦਾ ਹੈ। ਅੱਜ ਆਧੁਨਿਕ ਵਿਗਿਆਨ ਵੀ ਇਹ ਗੱਲ ਸਵੀਕਾਰ ਕਰ ਰਿਹਾ ਹੈ। ਦੁਨੀਆ ਭਰ ਵਿੱਚ ਹੋਏ ਕਈ ਖੋਜਾਂ ਦੱਸਦੀਆਂ ਹਨ ਕਿ ਨਿਯਮਿਤ ਯੋਗ ਨਾਲ ਤਣਾਅ ਘੱਟ ਹੁੰਦਾ ਹੈ, ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ, ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਮਾਨਸਿਕ ਸਿਹਤ ਬਿਹਤਰ ਹੁੰਦੀ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਆਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਪੂਰੀ ਦੁਨੀਆ ਨੇ ਦੇਖਿਆ ਕਿ ਯੋਗ ਅਤੇ ਪ੍ਰਾਣਾਯਾਮ ਨੇ ਲੱਖਾਂ ਲੋਕਾਂ ਨੂੰ ਮਾਨਸਿਕ ਸ਼ਕਤੀ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕੀਤਾ। ਜਦੋਂ ਪੂਰੀ ਦੁਨੀਆ ਅਨਿਸ਼ਚਿਤਤਾ ਅਤੇ ਡਰ ਨਾਲ ਘਿਰੀ ਹੋਈ ਸੀ, ਉਦੋਂ ਯੋਗ ਆਸ ਦੀ ਕਿਰਨ ਬਣ ਕੇ ਸਾਹਮਣੇ ਆਇਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਡਾਂ, ਕਿਸਾਨਾਂ ਅਤੇ ਬਹਾਦਰ ਜਵਾਨਾਂ ਦੀ ਧਰਤੀ ਹੈ। ਪਰ, ਸਾਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਹਰਿਆਣਾ ਸਿਹਤਮੰਦ ਜੀਵਨ ਸ਼ੈਲੀ ਦੀ ਵੀ ਮੋਹਰੀ ਭੂਮੀ ਬਣੇ। ਇਸੇ ਟੀਚੇ ਤਹਿਤ, ਅੱਜ ਡਬਲ ਇੰਜਣ ਸਰਕਾਰ ਯੋਗ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਆਯੂਸ਼ ਸੰਸਥਾਵਾਂ, ਪੰਚਾਇਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਮਾਧਿਅਮ ਨਾਲ ਯੋਗ ਨੂੰ ਜਨ ਅੰਦੋਲਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਧੁਨਿਕ ਜੀਵਨ ਦੀ ਦੌੜ ਵਿੱਚ ਆਪਣੀ ਸਿਹਤ ਨੂੰ ਪਿੱਛੇ ਨਾ ਛੱਡਣ ਅਤੇ ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗ ਅਭਿਆਸ ਜ਼ਰੂਰ ਕਰਨ।
ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ 2047’ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਵਿਕਸਿਤ ਭਾਰਤ ਦੀ ਸਿਰਜਣਾ ਲਈ ਸਿਹਤਮੰਦ ਨਾਗਰਿਕ, ਜਾਗਰੂਕ ਸਮਾਜ ਅਤੇ ਸੰਤੁਲਿਤ ਜੀਵਨ ਮੁੱਲ ਵੀ ਜ਼ਰੂਰੀ ਹਨ। ਜਿਸ ਰਾਸ਼ਟਰ ਦੇ ਨਾਗਰਿਕ ਸਿਹਤਮੰਦ ਹੋਣਗੇ, ਉਹੀ ਰਾਸ਼ਟਰ ਖੁਸ਼ਹਾਲ ਹੋਵੇਗਾ ਅਤੇ ਜਿਸ ਰਾਸ਼ਟਰ ਦੇ ਨੌਜਵਾਨ ਊਰਜਾਵਾਨ ਹੋਣਗੇ, ਉਹੀ ਰਾਸ਼ਟਰ ਵਿਸ਼ਵ ਦੀ ਅਗਵਾਈ ਕਰੇਗਾ। ਸਾਨੂੰ ਭਾਰਤ ਨੂੰ ਅਜਿਹਾ ਹੀ ਰਾਸ਼ਟਰ ਬਣਾਉਣਾ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸੱਦਾ ਦਿੱਤਾ ਕਿ ਯੋਗ ਨੂੰ ਇੱਕ ਦਿਨ ਦੇ ਆਯੋਜਨ ਤੱਕ ਸੀਮਤ ਨਾ ਰੱਖੋ, ਸਗੋਂ ਯੋਗ ਨੂੰ ਜੀਵਨ ਦਾ ਹਿੱਸਾ ਬਣਾਓ ਅਤੇ ਵਿਕਸਿਤ ਭਾਰਤ ਦੀ ਸਿਰਜਣਾ ਵਿੱਚ ਭਾਗੀਦਾਰ ਬਣੋ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਬਜ਼ੁਰਗ ਸੇਵਾ ਅਤੇ ਸਿਹਤ ਪੋਰਟਲ ਅਤੇ ਸੰਜੀਵਨੀ ਯੋਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਹਰਿਆਣਾ ਯੋਗ ਕਮਿਸ਼ਨ ਦੀ ਤਿਮਾਹੀ ਮੈਗਜ਼ੀਨ ‘ਯੋਗਮਈ ਹਰਿਆਣਾ’ ਅਤੇ ਆਮ ਯੋਗ ਪ੍ਰੋਟੋਕੋਲ ਕਿਤਾਬਚੇ ਦੇ ਨਾਲ-ਨਾਲ ਯੋਗ ਗੁਰੂ ਸਵਾਮੀ ਰਾਮਦੇਵ ਜੀ ਦੀ ਪੁਸਤਕ ‘ਯੋਗਰਿਸ਼ਯੋਗਨਿਘੰਟੂ:’ ਦਾ ਵੀ ਵਿਮੋਚਨ ਕੀਤਾ।
ਪ੍ਰੋਗਰਾਮ ਦੌਰਾਨ ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ: ਜੈਦੀਪ ਆਰੀਆ ਵੱਲੋਂ ਕੌਮਾਂਰਤੀ ਯੋਗ ਦਿਵਸ ਦੇ ਯੋਗ ਪ੍ਰੋਟੋਕੋਲ ਦਾ ਅਭਿਆਸ ਕਰਵਾਇਆ ਗਿਆ। ਇਸ ਵਿੱਚ ਆਈਟੀਬੀਪੀ, ਸੀਆਰਪੀਐਫ ਅਤੇ ਪੁਲਿਸ ਜਵਾਨਾਂ, ਰਾਸ਼ਟਰੀ ਆਯੁਰਵੇਦ ਸੰਸਥਾਨ ਪੰਚਕੂਲਾ, ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ, ਆਮ ਨਾਗਰਿਕਾਂ ਅਤੇ ਵੱਖ-ਵੱਖ ਯੋਗ ਸੰਸਥਾਵਾਂ ਦੀ ਸਰਗਰਮ ਭਾਗੀਦਾਰੀ ਰਹੀ।
ਯੋਗ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੀ ਸਿਹਤ ਅਤੇ ਆਯੂਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਜ਼ਾਰਾਂ ਸਾਲ ਪੁਰਾਣਾ ਯੋਗ ਸਾਡੀ ਭਾਰਤੀ ਸੰਸਕ੍ਰਿਤੀ ਦੀ ਇੱਕ ਅਨਮੋਲ ਦੇਣ ਹੈ। ਅੱਜ ਯੋਗ ਸਿਰਫ਼ ਕਸਰਤ ਨਹੀਂ, ਸਗੋਂ ਸਿਹਤਮੰਦ ਰਹਿਣ ਅਤੇ ਤਣਾਅਮੁਕਤ ਜੀਵਨ ਜਿਊਣ ਦਾ ਇੱਕ ਸਰਲ ਤਰੀਕਾ ਬਣ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਯਤਨਾਂ ਨਾਲ ਯੋਗ ਨੂੰ ਪੂਰੀ ਦੁਨੀਆ ਵਿੱਚ ਨਵੀਂ ਪਛਾਣ ਮਿਲੀ ਹੈ ਅਤੇ ਅੱਜ ਕਰੋੜਾਂ ਲੋਕ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਸ਼ਾ, ਤਣਾਅ ਅਤੇ ਗਲਤ ਜੀਵਨ ਸ਼ੈਲੀ ਸਾਡੇ ਸਮਾਜ ਲਈ ਵੱਡੀ ਸਮੱਸਿਆ ਬਣ ਗਏ ਹਨ। ਯੋਗ ਸਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਦੂਰ ਰਹਿਣ ਅਤੇ ਸਿਹਤਮੰਦ, ਖੁਸ਼ਹਾਲ ਜੀਵਨ ਜਿਊਣ ਦਾ ਰਾਹ ਦਿਖਾਉਂਦਾ ਹੈ। ਇਸ ਲਈ ਯੋਗ ਯੁਕਤ-ਨਸ਼ਾ ਮੁਕਤ ਹਰਿਆਣਾ ਦਾ ਸੰਕਲਪ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਹੈ। ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਯੋਗ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਸੂਬੇ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਖੇਡ ਸੰਸਥਾਵਾਂ ਅਤੇ ਗ੍ਰਾਮ ਪੰਚਾਇਤਾਂ ਵਿੱਚ ਯੋਗ ਨੂੰ ਜਨ ਅੰਦੋਲਨ ਬਣਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਜਾ ਰਹੇ ਹਨ।
ਸਿਹਤ ਅਤੇ ਆਯੂਸ਼ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਸੁਮਿਤਾ ਮਿਸ਼ਰਾ ਨੇ ਕਿਹਾ ਕਿ 12ਵੇਂ ਕੌਮਾਂਰਤੀ ਯੋਗ ਦਿਵਸ ਦੇ ਮੌਕੇ 'ਤੇ ਹਰਿਆਣਾ ਸਮੇਤ ਪੂਰੇ ਦੇਸ਼ ਵਿੱਚ ਯੋਗ ਪ੍ਰਤੀ ਲੋਕਾਂ ਵਿੱਚ ਜੋ ਉਤਸ਼ਾਹ ਅਤੇ ਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ, ਉਹ ਭਾਰਤ ਦੀ ਪ੍ਰਾਚੀਨ ਗਿਆਨ ਪਰੰਪਰਾ ਦੀ ਵਿਸ਼ਵਵਿਆਪੀ ਸਵੀਕਾਰਯੋਗਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਇੱਕ ਦਿਨ ਦਾ ਆਯੋਜਨ ਨਹੀਂ, ਪਰ ਸਿਹਤਮੰਦ, ਸੰਤੁਲਿਤ ਅਤੇ ਅਨੁਸ਼ਾਸਿਤ ਜੀਵਨ ਜਿਊਣ ਦੀ ਪੱਧਤੀ ਹੈ। ਇਸ ਭਾਵਨਾ ਨੂੰ ਅਪਣਾਉਂਦੇ ਹੋਏ ਹਰਿਆਣਾ ਸਰਕਾਰ ਨੇ ਯੋਗ ਨੂੰ ਪ੍ਰੋਗਰਾਮਾਂ ਤੱਕ ਸੀਮਤ ਨਾ ਰੱਖ ਕੇ ਹਰ ਨਾਗਰਿਕ ਦੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੰਕਲਪ ਲਿਆ ਹੈ।
ਇਸ ਮੌਕੇ 'ਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਜ਼ਿਲ੍ਹਾ ਪ੍ਰਧਾਨ ਸ੍ਰੀ ਅਜੇ ਮਿੱਤਲ, ਪ੍ਰਦੇਸ਼ ਮੀਤ ਪ੍ਰਧਾਨ ਸ਼੍ਰੀਮਤੀ ਬੰਤੋ ਕਟਾਰੀਆ, ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਜਸਮੇਰ ਸਿੰਘ ਬੰਜਾਰਾ, ਸ਼ਿਵਾਲਿਕ ਵਿਕਾਸ ਬੋਰਡ ਦੇ ਮੀਤ ਪ੍ਰਧਾਨ ਸ੍ਰੀ ਓਮਪ੍ਰਕਾਸ਼ ਦੇਵੀਨਗਰ, ਆਯੂਸ਼ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਸੰਜੀਵ ਵਰਮਾ, ਏਡੀਜੀਪੀ, ਸੀਆਈਡੀ ਸ੍ਰੀ ਸੌਰਵ ਸਿੰਘ, ਪੁਲਿਸ ਕਮਿਸ਼ਨਰ ਸ੍ਰੀ ਪੰਕਜ ਨੈਨ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਸ੍ਰੀ ਤਰੁਣ ਭੰਡਾਰੀ ਸਮੇਤ ਹੋਰ ਮਾਣਯੋਗ ਮੌਜ਼ੂਦ ਸਨ।
ਸਲਸਵਿਹ/ 2026
*****