ਚੰਡੀਗੜ੍ਹ, 21 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ 12ਵੇਂ ਕੌਮਾਂਰਤੀ ਯੋਗ ਦਿਵਸ, 2026 ਦੇ ਮੌਕੇ 'ਤੇ ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਯੋਗ ਦਿਵਸ ਸਮਾਰੋਹ ਵਿੱਚ ਯੋਗ ਨੂੰ ਜਨ-ਅੰਦੋਲਨ ਵਜੋਂ ਵਿਕਸਿਤ ਕਰਨ ਅਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕਈ ਮਹੱਤਵਪੂਰਨ ਐਲਾਨ ਕੀਤੇ।
ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਆਗਾਮੀ ਵਿਦਿਅਕ ਸੈਸ਼ਨ ਵਿੱਚ ਤੀਜੀ ਜਮਾਤ ਤੋਂ ਲੈ ਕੇ 9ਵੀਂ ਜਮਾਤ ਤੱਕ ਸਾਰੀਆਂ ਜਮਾਤਾਂ ਦੇ ਪਾਠਕ੍ਰਮ ਵਿੱਚ ਯੋਗ ਸਿੱਖਿਆ ਨੂੰ ਲਾਗੂ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਵਿੱਚ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਉਤਸ਼ਾਹ ਮਿਲੇਗਾ।
ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬੇ ਦੇ ਸਾਰੇ ਸਕੂਲਾਂ ਵਿੱਚ ਯੋਗ ਅਤੇ ਯੋਗ ਸਿੱਖਿਆ ਨੂੰ ਨਿਯਮਤ ਤੌਰ 'ਤੇ ਉਤਸ਼ਾਹਿਤ ਕਰਨ ਲਈ ਸਾਰੇ ਪੀ.ਟੀ.ਆਈ, ਡੀ.ਪੀ.ਐਡ, ਪੀ.ਜੀ.ਟੀ ਅਤੇ ਨਾਮਜ਼ਦ ਪੀ.ਆਰ.ਟੀ ਅਧਿਆਪਕਾਂ ਨੂੰ ਯੋਗਾਸਨਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਹਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਨਿਯਮਤ ਤੌਰ 'ਤੇ ਯੋਗਾਭਿਆਸ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ, ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਆਯੋਜਿਤ ਸਾਰੀਆਂ ਪ੍ਰੀਖਿਆਵਾਂ ਵਿੱਚ ਯੋਗ ਨਾਲ ਸਬੰਧਤ ਕੁਝ ਪ੍ਰਸ਼ਨ ਲਾਜ਼ਮੀ ਤੌਰ 'ਤੇ ਸ਼ਾਮਲ ਕੀਤੇ ਜਾਣਗੇ। ਇਸ ਲਈ ਪ੍ਰੀਖਿਆ ਨੀਤੀ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮੋਰਨੀ ਵਿੱਚ ਕੁਦਰਤੀ ਇਲਾਜ ਅਤੇ ਯੋਗ ਦੇ ਖੇਤਰ ਵਿੱਚ ਇੱਕ ਰਾਜ ਪੱਧਰੀ ਸੰਸਥਾਨ ਦੀ ਸਥਾਪਨਾ ਕੀਤੀ ਜਾਵੇਗੀ, ਜਿੱਥੇ ਕੁਦਰਤੀ ਇਲਾਜ ਅਤੇ ਯੋਗ ਨਾਲ ਸਬੰਧਤ ਗ੍ਰੈਜੂਏਟ ਪੱਧਰ ਦੇ ਕੋਰਸ ਚਲਾਏ ਜਾਣਗੇ। ਨਾਲ ਹੀ ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਸਥਾਪਿਤ ਕੀਤੇ ਜਾ ਰਹੇ ਪੰਜ ‘‘ਸੈਂਟਰ ਆਫ ਐਕਸੀਲੈਂਸ’’ ਵਿੱਚ ਯੋਗ ਨੂੰ ਵੀ ਇੱਕ ਪ੍ਰਮੁੱਖ ਹਿੱਸੇ ਵਜੋਂ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਯੂਨੀਵਰਸਿਟੀਆਂ ਵਿੱਚ ਯੋਗ ਸਿੱਖਿਆ, ਸਿਖਲਾਈ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਦੇ ਸਪੋਰਟਸ ਵਿਭਾਗਾਂ ਦਾ ਨਾਮ ਬਦਲ ਕੇ 'ਸਪੋਰਟਸ ਐਂਡ ਯੋਗ ਵਿਭਾਗ' ਕੀਤਾ ਜਾਵੇਗਾ, ਤਾਂ ਜੋ ਯੋਗ ਨੂੰ ਸੰਸਥਾਗਤ ਪੱਧਰ 'ਤੇ ਉਚਿਤ ਸਥਾਨ ਅਤੇ ਪਛਾਣ ਮਿਲ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਦੀ ਖੇਡ ਨੀਤੀ ਵਿੱਚ ਯੋਗਾਸਨ ਨੂੰ ਇੱਕ ਖੇਡ ਵਿੱਦਿਆ ਵਜੋਂ ਸ਼ਾਮਲ ਕੀਤਾ ਜਾਵੇਗਾ। ਇਸ ਲਈ ਲੋੜੀਂਦੀਆਂ ਨੀਤੀਗਤ ਸੋਧਾਂ ਕੀਤੀਆਂ ਜਾਣਗੀਆਂ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਪਾਠਕ੍ਰਮ ਵਿੱਚ ਆਯੁਰਵੇਦ ਦੇ ਪਾਠਕ੍ਰਮ ਦੇ ਕੁਝ ਹਿੱਸੇ ਸ਼ਾਮਲ ਕੀਤੇ ਜਾਣਗੇ। ਨਾਲ ਹੀ, ਪਹਿਲਾਂ ਤੋਂ ਮਨਜ਼ੂਰਸ਼ੁਦਾ ਆਯੂਸ਼ ਯੋਗ ਕੋਚ/ਟ੍ਰੇਨਰ ਦੇ ਖਾਲੀ ਅਸਾਮੀਆਂ 'ਤੇ ਜਲਦੀ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਦੌਰਾਨ ਰਾਜ ਗੀਤ ਦਾ ਸਮੂਹਿਕ ਗਾਇਨ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਵਿੱਚ ਰਾਜ ਪ੍ਰਤੀ ਮਾਣ, ਅਨੁਸ਼ਾਸਨ, ਰਾਸ਼ਟਰੀ ਚੇਤਨਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਵਿਕਾਸ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਰਾਹੀਂ ਯੋਗ ਨੂੰ ਸਿਰਫ਼ ਇੱਕ ਕਸਰਤ ਵਿਧੀ ਵਜੋਂ ਨਹੀਂ, ਸਗੋਂ ਜੀਵਨ ਜਿਊਣ ਦੀ ਇੱਕ ਸਹੀ ਅਤੇ ਵਿਗਿਆਨਕ ਵਿਧੀ ਵਜੋਂ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
ਇਸ ਮੌਕੇ 'ਤੇ ਹਰਿਆਣਾ ਦੀ ਸਿਹਤ ਅਤੇ ਆਯੂਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਜ਼ਿਲ੍ਹਾ ਪ੍ਰਧਾਨ ਸ੍ਰੀ ਅਜੇ ਮਿੱਤਲ, ਪ੍ਰਦੇਸ਼ ਮੀਤ ਪ੍ਰਧਾਨ ਸ਼੍ਰੀਮਤੀ ਬੰਤੋ ਕਟਾਰੀਆ, ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ: ਜੈਦੀਪ ਆਰੀਆ, ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਜਸਮੇਰ ਸਿੰਘ ਬੰਜਾਰਾ, ਸ਼ਿਵਾਲਿਕ ਵਿਕਾਸ ਬੋਰਡ ਦੇ ਮੀਤ ਪ੍ਰਧਾਨ ਸ੍ਰੀ ਓਮਪ੍ਰਕਾਸ਼ ਦੇਵੀਨਗਰ, ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਸੁਮਿਤਾ ਮਿਸ਼ਰਾ, ਮਹਾਨਿਦੇਸ਼ਕ ਆਯੂਸ਼ ਸ੍ਰੀ ਸੰਜੀਵ ਵਰਮਾ, ਏ.ਡੀ.ਜੀ.ਪੀ, ਸੀ.ਆਈ.ਡੀ ਸ੍ਰੀ ਸੌਰਵ ਸਿੰਘ, ਪੁਲਿਸ ਕਮਿਸ਼ਨਰ ਸ੍ਰੀ ਪੰਕਜ ਨੈਨ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਸ੍ਰੀ ਤਰੁਣ ਭੰਡਾਰੀ ਸਮੇਤ ਹੋਰ ਮਾਣਯੋਗ ਮੌਜ਼ੂਦ ਸਨ।
ਸਲਸਵਿਹ/ 2026
*****