ਚੰਡੀਗੜ੍ਹ, 23 ਜੂਨ- ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਰਸਾਤ ਦੇ ਮੌਸਮ ਦੌਰਾਨ ਸਾਰੀਆਂ ਪ੍ਰਸ਼ਾਸਨਿਕ, ਤਕਨੀਕੀ ਅਤੇ ਵਿੱਤੀ ਔਪਚਾਰਿਕਤਾਵਾਂ ਹਰ ਹਾਲ ਵਿੱਚ ਪੂਰੀਆਂ ਕਰ ਲਈਆਂ ਜਾਣ, ਤਾਂ ਜੋ ਮੌਸਮ ਅਨੁਕੂਲ ਹੁੰਦੇ ਹੀ ਸੜਕ ਨਿਰਮਾਣ ਅਤੇ ਸੁਧਾਰ ਕਾਰਜਾਂ ਨੂੰ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਮੰਗਲਵਾਰ ਨੂੰ ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਆਯੋਜਿਤ ਸਮੀਖਿਆ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਵਿਕਸਤ ਕੀਤੀਆਂ ਜਾਣ ਵਾਲੀਆਂ ਮਾਡਲ ਰੋਡ ਪ੍ਰੋਜੈਕਟਾਂ ਦੇ ਨਾਲ-ਨਾਲ ਹੋਰ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਮੰਤਰੀ ਸ੍ਰੀ ਰਣਬੀਰ ਗੰਗਵਾ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਾਡਲ ਸੜਕਾਂ ਦੀ ਕੁੱਲ ਲੰਬਾਈ ਲਗਭਗ 115 ਕਿਲੋਮੀਟਰ ਹੋਵੇਗੀ। ਇਨ੍ਹਾਂ ਸੜਕਾਂ ਨੂੰ ਸੁੰਦਰੀਕਰਨ, ਆਧੁਨਿਕ ਸਹੂਲਤਾਂ ਅਤੇ ਸੜਕ ਸੁਰੱਖਿਆ ਦੇ ਲਿਹਾਜ਼ ਨਾਲ ਸੂਬੇ ਦੀਆਂ ਆਦਰਸ਼ ਸੜਕਾਂ ਬਣਾਇਆ ਜਾਵੇਗਾ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਚੁਣੀਆਂ ਗਈਆਂ 8 ਸੜਕਾਂ ਦਾ ਮਾਹਿਰ ਏਜੰਸੀਆਂ ਦੁਆਰਾ ਸਰਵੇਖਣ ਜੁਲਾਈ ਮਹੀਨੇ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਮਾਡਲ ਰੋਡ ਪ੍ਰੋਜੈਕਟਾਂ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਵੀ ਜੁਲਾਈ ਤੱਕ ਮਿਲਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।
ਮੀਟਿੰਗ ਵਿੱਚ ਅਧਿਕਾਰੀਆਂ ਨੇ ਸਾਲ 2026-27 ਦੇ ਕਾਰਜ ਪ੍ਰੋਗਰਾਮ ਦੀ ਪ੍ਰਗਤੀ ਤੋਂ ਵੀ ਮੰਤਰੀ ਸ੍ਰੀ ਰਣਬੀਰ ਗੰਗਵਾ ਨੂੰ ਜਾਣੂ ਕਰਵਾਇਆ। ਅਧਿਕਾਰੀਆਂ ਨੇ ਦੱਸਿਆ ਕਿ ਤਜਵੀਜ਼ਸ਼ੁਦਾ 1,633 ਸੜਕਾਂ ਵਿੱਚੋਂ 1,042 ਸੜਕਾਂ ਦੇ ਈ.ਓ. ਤਿਆਰ ਕਰਕੇ ਭੇਜੇ ਜਾ ਚੁੱਕੇ ਹਨ, ਜਦੋਂਕਿ ਬਾਕੀ ਸੜਕਾਂ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ। ਇਸ 'ਤੇ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਾਰੀਆਂ ਸੜਕਾਂ ਦੇ ਨਿਰਮਾਣ ਕਾਰਜ, ਰਿਪੇਅਰਿੰਗ ਆਦਿ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਬਾਰਸ਼ ਦੇ ਸੀਜ਼ਨ ਦੇ ਅੰਦਰ ਇਸ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਜਾਵੇ, ਸੜਕਾਂ ਦੇ ਨਿਰਮਾਣ ਦੀ ਕੁਆਲਿਟੀ ਵਿੱਚ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਬਰਦਾਸ਼ਤ ਨਹੀਂ ਹੋਵੇਗਾ।
ਇਸ ਦੌਰਾਨ "ਮ੍ਹਾਰੀ ਸੜਕ" ਐਪ ਦੀ ਸਮੀਖਿਆ ਦੌਰਾਨ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਸੜਕਾਂ ਦਾ ਵੇਰਵਾ ਅਜੇ ਤੱਕ ਐਪ ਵਿੱਚ ਸ਼ਾਮਲ ਨਹੀਂ ਹੈ, ਉਨ੍ਹਾਂ ਨੂੰ ਵੀ ਜਲਦ ਜੋੜਿਆ ਜਾਵੇ। ਤਾਂ ਜੋ ਆਮ ਲੋਕ ਆਪਣੀ ਸੜਕ ਨਾਲ ਸਬੰਧਤ ਸ਼ਿਕਾਇਤ ਐਪ 'ਤੇ ਭੇਜ ਸਕਣ ਅਤੇ ਉਸਦਾ ਹੱਲ ਜਲਦ ਹੋਵੇ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਅਜਿਹੀ ਵਿਵਸਥਾ ਵਿਕਸਿਤ ਕਰ ਰਿਹਾ ਹੈ, ਜਿਸ ਤਹਿਤ ਸੜਕਾਂ 'ਤੇ ਲਗਾਏ ਜਾਣ ਵਾਲੇ ਕਿਊਆਰ ਕੋਡ ਨੂੰ ਸਕੈਨ ਕਰਕੇ ਆਮ ਲੋਕ ਸੜਕ ਨਾਲ ਜੁੜੀ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਣਗੇ। ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇਸ ਕਾਰਜ ਵਿੱਚ ਵੀ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਸ੍ਰੀ ਗੰਗਵਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰੋਜੈਕਟਾਂ ਦੀ ਨਿਯਮਤ ਸਮੀਖਿਆ ਕੀਤੀ ਜਾਵੇ, ਸਮਾਂਬੱਧ ਅਮਲੀਕਰਨ ਯਕੀਨੀ ਬਣਾਇਆ ਜਾਵੇ ਅਤੇ ਕੰਮਾਂ ਵਿੱਚ ਪੂਰਨ ਪਾਰਦਰਸ਼ਤਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਵਾਸੀਆਂ ਨੂੰ ਬਿਹਤਰ, ਸੁਰੱਖਿਅਤ ਅਤੇ ਟਿਕਾਊ ਸੜਕ ਨੈਟਵਰਕ ਉਪਲਬਧ ਕਰਵਾਉਣਾ ਸਰਕਾਰ ਦੀ ਪਹਿਲ ਹੈ।
ਮੀਟਿੰਗ ਵਿੱਚ ਹਰਿਆਣਾ ਸਪੇਸ ਐਪਲੀਕੇਸ਼ਨ ਸੈਂਟਰ ਦੇ ਨਾਲ ਮਿਲ ਕੇ ਵਿਭਾਗ ਦੁਆਰਾ ਕਰਵਾਏ ਜਾ ਰਹੇ ਕੰਮ ਵਿੱਚ ਵੀ ਤੇਜ਼ੀ ਲਿਆਉਣ ਲਈ ਕਿਹਾ ਗਿਆ। ਉਨ੍ਹਾਂ ਨੇ ਹੋਰ ਵਿਭਾਗੀ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਪੀ.ਡਬਲਿਊ. (ਬੀ ਐਂਡ ਆਰ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ.ਕੇ. ਸਿੰਘ, ਵਧੀਕ ਸਕੱਤਰ ਸ੍ਰੀ ਹਿਤੇਸ਼ ਕੁਮਾਰ ਮੀਣਾ, ਈ.ਆਈ.ਸੀ. ਸ੍ਰੀ ਅਨਿਲ ਦਈਆ ਸਮੇਤ ਅਧਿਕਾਰੀ ਮੌਜ਼ੂਦ ਸਨ।
ਸਲਸਵਿਹ/ 2026
*****