ਸਿੱਖਿਆ ਮੰਤਰੀ ਨੇ ਜ਼ਿਲ੍ਹਾ ਸ਼ਿਕਾਇਤ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ 16 ਸ਼ਿਕਾਇਤਾਂ ਦੀ ਸੁਣਵਾਈ ਕਰਦਿਆਂ 8 ਮਾਮਲਿਆਂ ਦਾ ਮੌਕੇ ਉੱਤੇ ਹੀ ਕੀਤਾ ਹੱਲ
ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਉੱਤੇ ਹੋਵੇਗੀ ਕਾਰਵਾਈ, 5 ਮਾਮਲਿਆਂ ਵਿੱਚ ਵਿਧਾਇਕਾਂ ਦੀ ਪ੍ਰਧਾਨਗੀ ਹੇਠ ਗਠਿਤ ਕੀਤੀਆਂ ਗਈਆਂ ਕਮੇਟੀਆਂ
ਚੰਡੀਗੜ੍ਹ, 7 ਅਗਸਤ - ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਆਮ ਲੋਕਾਂ ਦੀ ਸੇਵਾ ਕਰਨਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੀ ਪਹਿਲੀ ਜ਼ਿੰਮੇਵਾਰੀ ਹੈ। ਸਾਰੇ ਅਧਿਕਾਰੀ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸੰਵੇਦਨਸ਼ੀਲਤਾ ਨਾਲ ਨਿਭਾਉਣ ਅਤੇ ਕਿਸੇ ਵੀ ਕੰਮ ਲਈ ਦਫ਼ਤਰ ਆਉਣ ਵਾਲੇ ਨਾਗਰਿਕਾਂ ਨਾਲ ਸਤਿਕਾਰਯੋਗ ਵਿਹਾਰ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ਉੱਤੇ ਹੀ ਹੱਲ ਕਰਨ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਲੋਕਾਂ ਨੂੰ ਬੇਲੋੜੇ ਤੌਰ ਉੱਤੇ ਦਫ਼ਤਰਾਂ ਦੇ ਚੱਕਰ ਨਾ ਲੁਆਉਣਾ, ਸਗੋਂ ਸਮੇਂ ਸਿਰ ਨਿਆਂ ਅਤੇ ਰਾਹਤ ਪ੍ਰਦਾਨ ਕਰਨਾ ਹੈ।
ਸਿੱਖਿਆ ਮੰਤਰੀ ਅੱਜ ਸੋਨੀਪਤ ਲਘੂ ਸਕੱਤਰੇਤ ਸਥਿਤ ਕਾਨਫਰੰਸ ਹਾਲ ਵਿੱਚ ਆਯੋਜਿਤ ਜ਼ਿਲ੍ਹਾ ਸ਼ਿਕਾਇਤ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮਾਸਿਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 16 ਸ਼ਿਕਾਇਤਾਂ ਦੀ ਇੱਕ-ਇੱਕ ਕਰਕੇ ਗੰਭੀਰਤਾ ਨਾਲ ਸੁਣਵਾਈ ਕੀਤੀ। ਇਨ੍ਹਾਂ ਵਿੱਚੋਂ 8 ਸ਼ਿਕਾਇਤਾਂ ਦਾ ਮੌਕੇ ਉੱਤੇ ਹੀ ਨਿਪਟਾਰਾ ਕਰਕੇ ਸਬੰਧਤ ਸ਼ਿਕਾਇਤਕਰਤਾਵਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ, ਜਦਕਿ ਬਾਕੀ 8 ਮਾਮਲਿਆਂ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਦਿਆਂ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਮੰਤਰੀ ਨੇ 5 ਸ਼ਿਕਾਇਤਾਂ ਦੇ ਨਿਵਾਰਣ ਲਈ ਵਿਧਾਇਕਾਂ ਦੀ ਪ੍ਰਧਾਨਗੀ ਹੇਠ ਕਮੇਟੀ ਨਿਯੁਕਤ ਕੀਤੀ ਤਾਂ ਜੋ ਜਲਦੀ ਤੋਂ ਜਲਦੀ ਸ਼ਿਕਾਇਤਾਂ ਦਾ ਨਿਪਟਾਰਾ ਹੋ ਸਕੇ।
ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਚੰਗੇ ਸ਼ਾਸਨ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਉੱਤੇ ਕੰਮ ਕਰ ਰਹੀ ਹੈ। ਸਰਕਾਰ ਦਾ ਟੀਚਾ ਹਰੇਕ ਨਾਗਰਿਕ ਨੂੰ ਸਰਲ, ਸੁਲਭ ਅਤੇ ਸਮੇਂ ਸਿਰ ਪ੍ਰਸ਼ਾਸਕੀ ਸੇਵਾਵਾਂ ਉਪਲਬਧ ਕਰਵਾਉਣਾ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੋਂ ਉਮੀਦ ਕੀਤੀ ਕਿ ਉਹ ਜਨਤਕ ਸਮੱਸਿਆਵਾਂ ਦੇ ਹੱਲ ਨੂੰ ਸਰਵਉੱਚ ਤਰਜੀਹ ਦੇਣ ਅਤੇ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ।
ਇਸ ਮੌਕੇ ਵਿਧਾਇਕ ਰਾਏ ਕ੍ਰਿਸ਼ਣਾ ਗਹਿਲਾਵਤ, ਵਿਧਾਇਕ ਸੋਨੀਪਤ ਨਿਖਿਲ ਮਦਾਨ, ਵਿਧਾਇਕ ਖਰਖੌਦਾ ਪਵਨ ਖਰਖੌਦਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਮੋਨਿਕਾ ਦਹੀਆ, ਪੁਲਿਸ ਕਮਿਸ਼ਨਰ ਮਮਤਾ ਸਿੰਘ, ਡਿਪਟੀ ਕਮਿਸ਼ਨਰ ਨੇਹਾ ਸਿੰਘ, ਨਗਰ ਨਿਗਮ ਕਮਿਸ਼ਨਰ ਹਰਸ਼ਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਅਜੇ ਚੋਪੜਾ ਸਮੇਤ ਸਬੰਧਤ ਸਾਰੇ ਅਧਿਕਾਰੀ ਮੌਜੂਦ ਸਨ।
ਸਲਸਵਿਹ/2026
*****