650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ 20 ਫਰਵਰੀ 2027 ਤੱਕ ਚੱਲੇਗਾ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ’
ਮੁੱਖ ਮੰਤਰੀ ਨੇ ਰਾਜ ਪੱਧਰੀ ਕਮੇਟੀ ਦੀ ਪਹਿਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼
ਗੁਰੂ ਰਵਿਦਾਸ ਜੀ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਏਗੀ ਹਰਿਆਣਾ ਸਰਕਾਰ: ਨਾਇਬ ਸਿੰਘ ਸੈਣੀ
ਮਹਾਂਪੁਰਖਾਂ ਦੇ ਆਦਰਸ਼ਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਹਰਿਆਣਾ ਸਰਕਾਰ ਦੀ ਤਰਜੀਹ: ਮੁੱਖ ਮੰਤਰੀ
ਚੰਡੀਗੜ੍ਹ 7 ਅਗਸਤ:
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਕਿਸੇ ਇੱਕ ਸਮਾਜ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਸੰਪੂਰਨ ਮਾਨਵਤਾ ਦੇ ਭਲੇ ਦਾ ਰਸਤਾ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਸਦੀਆਂ ਪਹਿਲਾਂ ਦਿੱਤਾ ਗਿਆ ਸਮਰਸਤਾ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਅੱਜ ਵੀ ਉੱਨਾ ਹੀ ਪ੍ਰਸੰਗਿਕ ਅਤੇ ਪ੍ਰੇਰਣਾਦਾਇਕ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ’ ਸ਼ੁਰੂ ਕੀਤੀ ਹੈ। ਇਹ ਮੁਹਿੰਮ 20 ਫਰਵਰੀ, 2027 ਤੱਕ ਪੂਰੇ ਸੂਬੇ ਵਿੱਚ ਚਲਾਈ ਜਾਵੇਗੀ।
ਮੁੱਖ ਮੰਤਰੀ ਸ਼ੁੱਕਰਵਾਰ ਨੂੰ ਪੰਚਕੂਲਾ ਵਿੱਚ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਪ੍ਰੋਗਰਾਮਾਂ ਲਈ ਗਠਿਤ ਰਾਜ ਪੱਧਰੀ ਕਮੇਟੀ ਦੀ ਪਹਿਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਈ ਪੜਾਵਾਂ ਵਿੱਚ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਅਤੇ ਬਾਣੀ ਨੂੰ ਘਰ-ਘਰ ਅਤੇ ਜਨ-ਜਨ ਤੱਕ ਪਹੁੰਚਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹਰਿਆਣਾ ਨੂੰ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਮਿਲਿਆ ਹੈ। ਸੰਤ ਸ਼੍ਰੀ ਗੁਰੂ ਰਵਿਦਾਸ ਜੀ ਨੇ ਨਾ ਸਿਰਫ਼ ਉਸ ਸਮੇਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ, ਸਗੋਂ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਵੀ ਕੀਤਾ। ਹਰਿਆਣਾ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ‘ਸੰਤ-ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ’ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਮਹਾਂਪੁਰਖਾਂ ਦੀਆਂ ਜਯੰਤੀਆਂ ਨੂੰ ਸਰਕਾਰੀ ਪੱਧਰ ਉੱਤੇ ਮਨਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ’ ਦੀ ਸ਼ੁਰੂਆਤ 29 ਜੁਲਾਈ ਨੂੰ ਸੰਤ ਗੁਰੂ ਰਵਿਦਾਸ ਜੀ ਦੀ ਜਨਮਸਥਲੀ ਸੀਰ ਗੋਵਰਧਨਪੁਰ, ਵਾਰਾਣਸੀ ਤੋਂ ਹੋਈ, ਜਿੱਥੇ ਪਵਿੱਤਰ ਮਿੱਟੀ ਯੁਕਤ ਕਲਸ਼ਾਂ ਦਾ ਪੂਜਨ ਕਰਕੇ ਉਨ੍ਹਾਂ ਨੂੰ ਦੇਸ਼ ਭਰ ਦੇ ਰਾਜਾਂ ਦੇ ਪ੍ਰਤੀਨਿਧੀਆਂ ਨੂੰ ਸੌਂਪਿਆ ਗਿਆ। ਇਸ ਤੋਂ ਬਾਅਦ ਇਹ ਕਲਸ਼ ਰਾਜ, ਜ਼ਿਲ੍ਹਾ ਅਤੇ ਪਿੰਡ ਪੱਧਰ ਤੱਕ ਪਹੁੰਚਾਏ ਜਾ ਰਹੇ ਹਨ, ਜਿੱਥੇ ਸ਼ਰਧਾਲੂ ਜਨਮਸਥਲੀ ਦੀ ਪਵਿੱਤਰ ਮਿੱਟੀ ਦਾ ਸਥਾਨਕ ਮੰਦਿਰਾਂ ਦੀ ਮਿੱਟੀ ਵਿੱਚ ਵਿਧੀਵਤ ਸਮਾਵੇਸ਼ ਕਰਕੇ ਸਮਾਜਿਕ ਸਮਰਸਤਾ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾ ਰਹੇ ਹਨ। ਵਾਰਾਣਸੀ ਤੋਂ ਸ਼ੁਰੂ ਕੀਤੀ ਗਈ ਕਲਸ਼ ਯਾਤਰਾ ਪੂਰੇ ਦੇਸ਼ ਵਿੱਚ ਜਾ ਰਹੀ ਹੈ। ਇਸ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮਸਥਾਨ ਵਾਰਾਣਸੀ ਤੋਂ ਪਵਿੱਤਰ ਮਿੱਟੀ ਲਿਆਂਦੀ ਗਈ ਹੈ। ਇਸ ਨੂੰ ਹਰਿਆਣਾ ਦੇ ਹਰ ਪਿੰਡ, ਸ਼ਹਿਰ ਅਤੇ ਹਰ ਬਸਤੀ ਵਿੱਚ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਗੁਰੂਗ੍ਰਾਮ ਵਿੱਚ ਮਾਤਾ ਸ਼ੀਤਲਾ ਦੇਵੀ ਦੀ ਪਵਿੱਤਰ ਨਗਰੀ ਵਿੱਚ ਆਯੋਜਿਤ ਕਲਸ਼ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਉਸ ਮੌਕੇ ਉਨ੍ਹਾਂ ਨੇ ਸ਼ਰਧਾ, ਆਸਥਾ ਅਤੇ ਦੇਸ਼ ਦੀ ਅਮੀਰ ਸੱਭਿਆਚਾਰਕ ਪਰੰਪਰਾਵਾਂ ਦਾ ਅਦਭੁਤ ਸੰਗਮ ਦੇਖਿਆ। ਅੱਜ ਉਸੇ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ, ਉਨ੍ਹਾਂ ਨੂੰ ਮਾਤਾ ਮਨਸਾ ਦੇਵੀ ਦੀ ਪਵਿੱਤਰ ਧਰਤੀ ਪੰਚਕੂਲਾ ਤੋਂ ‘ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ’ ਦੀ ਸ਼ੁਰੂਆਤ ਕਰਨ ਦਾ ਸੁਭਾਗ ਮਿਲਿਆ ਹੈ। ਗੁਰੂ ਰਵਿਦਾਸ ਜੀ ਦੇ ਸਮਤਾ, ਸਮਾਜਿਕ ਨਿਆਂ ਅਤੇ ਮਾਨਵਤਾ ਦੇ ਸੰਦੇਸ਼ ਨੂੰ ਹਰੇਕ ਬਸਤੀ, ਹਰੇਕ ਪਰਿਵਾਰ ਅਤੇ ਵਿਸ਼ੇਸ਼ ਤੌਰ ਉੱਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਵਿਆਪਕ ਜਨ-ਜਾਗਰਣ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਬੀਤੇ 29 ਜੁਲਾਈ, 2026 ਨੂੰ ਗੁਰੂ ਪੂਰਨਿਮਾ ਦੇ ਮੌਕੇ ਉੱਤੇ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ’ ਸ਼ੁਰੂ ਕੀਤੀ ਗਈ ਹੈ। ਇਹ 20 ਫਰਵਰੀ, 2027 ਤੱਕ ਚੱਲੇਗੀ। ਇਸ ਮੁਹਿੰਮ ਦਾ ਉਦੇਸ਼ ਸੰਤ ਗੁਰੂ ਰਵਿਦਾਸ ਜੀ ਦੇ ਸਮਤਾ, ਸੇਵਾ, ਭਗਤੀ, ਸਮਾਜਿਕ ਨਿਆਂ, ਮਾਨਵਤਾ ਅਤੇ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚਾਉਣਾ ਅਤੇ ਵੱਖ-ਵੱਖ ਵਰਗਾਂ ਨੂੰ ਸਮਾਜਿਕ ਏਕਤਾ ਦੇ ਸੂਤਰ ਵਿੱਚ ਪਿਰੋਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦੇ ਅਨুਯਾਈ ਸਿਰਫ਼ ਹਰਿਆਣਾ, ਪੰਜਾਬ ਜਾਂ ਕਾਸ਼ੀ ਤੱਕ ਸੀਮਤ ਨਹੀਂ ਹਨ। ਭਾਰਤ ਦੇ ਕੋਨੇ-ਕੋਨੇ ਤੋਂ ਲੈ ਕੇ ਬ੍ਰਿਟੇਨ, ਕੈਨੇਡਾ, ਅਮਰੀਕਾ, ਇਟਲੀ, ਆਸਟ੍ਰੇਲੀਆ ਅਤੇ ਦੁਨੀਆ ਦੇ ਕਈ ਦੇਸ਼ਾਂ ਤੱਕ ਲੱਖਾਂ ਸ਼ਰਧਾਲੂ ਉਨ੍ਹਾਂ ਦੀ ਬਾਣੀ ਤੋਂ ਪ੍ਰੇਰਣਾ ਲੈਂਦੇ ਹਨ। ਉਨ੍ਹਾਂ ਦੀ ਬਾਣੀ ਨੇ ਸਰਹੱਦਾਂ ਨੂੰ ਨਹੀਂ, ਦਿਲਾਂ ਨੂੰ ਜੋੜਿਆ ਹੈ, ਸਮਾਜ ਨੂੰ ਨਹੀਂ, ਪੂਰੀ ਮਾਨਵਤਾ ਨੂੰ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਾਨੂੰ ਇੱਕ ਅਮਰ ਸੰਦੇਸ਼ ਦਿੱਤਾ ਸੀ - “ਮਨ ਚੰਗਾ ਤੌ ਕਠੌਤੀ ਮੈਂ ਗੰਗਾ।” ਇਹ ਸੰਦੇਸ਼ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਨੀਅਤ ਸਾਫ਼ ਹੈ, ਭਾਵ ਪਵਿੱਤਰ ਹੈ ਅਤੇ ਕਰਮ ਲੋਕ ਭਲੇ ਲਈ ਹੈ, ਤਾਂ ਸਾਧਾਰਨ ਤੋਂ ਸਾਧਾਰਨ ਸਥਾਨ ਵੀ ਤੀਰਥ ਬਣ ਜਾਂਦਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਪ੍ਰੋਗਰਾਮਾਂ ਲਈ ਗਠਿਤ ਰਾਜ ਪੱਧਰੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਪੂਰੀ ਸੰਵੇਦਨਸ਼ੀਲਤਾ, ਸਮੇਂ ਸਿਰ ਅਤੇ ਸੇਵਾ ਭਾਵਨਾ ਨਾਲ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਇਸ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੜਾਵਾਂ ਵਿੱਚ ਆਯੋਜਿਤ ਹੋਣ ਵਾਲੇ ਹਰੇਕ ਪ੍ਰੋਗਰਾਮ ਲਈ ਵੱਖਰੇ ਤੌਰ ਉੱਤੇ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਜੋ ਪ੍ਰੋਗਰਾਮਾਂ ਦਾ ਸ਼ਾਨਦਾਰ ਆਯੋਜਨ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮੈਂਬਰਾਂ ਵੱਲੋਂ ਦਿੱਤੇ ਗਏ ਕੀਮਤੀ ਸੁਝਾਵਾਂ ਨੂੰ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਭਵਿੱਵ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸੇ ਲੜੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬੇ ਵਿੱਚ ਵੀ ਜਨਤਕ ਭਾਗੀਦਾਰੀ ਨਾਲ ਪ੍ਰਕਾਸ਼ ਪੁਰਬ ਦੇ ਆਯੋਜਨ ਲਈ ਰਾਜ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਉੱਤੇ ਲਗਭਗ ਪੰਜ ਏਕੜ ਜ਼ਮੀਨ ਉੱਤੇ ਸੰਤ ਸ਼੍ਰੀ ਗੁਰੂ ਰਵਿਦਾਸ ਧਾਮ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਦਾ ਕੰਮ ਜਲਦੀ ਸ਼ੁਰੂ ਹੋਣ ਵਾਲਾ ਹੈ।
ਇਸ ਤੋਂ ਪਹਿਲਾਂ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇੱਕ ਅਜਿਹੀ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਮਾਜ ਨੂੰ ਏਕਤਾ, ਅਖੰਡਤਾ, ਸਮਾਨਤਾ ਅਤੇ ਸਮਾਜਿਕ ਸਮਰਸਤਾ ਦਾ ਅਨਮੋਲ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ’ ਦੇ ਸਫਲ ਸੰਚਾਲਨ ਲਈ ਸੂਬੇ, ਜ਼ਿਲ੍ਹਾ ਅਤੇ ਮੰਡਲ ਪੱਧਰ ਉੱਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਮੁਹਿੰਮ ਤਹਿਤ ਆਯੋਜਿਤ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਅਤੇ ਧਾਰਮਿਕ ਆਯੋਜਨਾਂ ਵਿੱਚ ਸਾਰੇ ਭਾਈਚਾਰਿਆਂ ਦੀ ਸਨਮਾਨਜਨਕ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ, ਤਾਂ ਜੋ ਸਮਾਜਿਕ ਸਮਰਸਤਾ ਅਤੇ ਭਾਈਚਾਰੇ ਦਾ ਸੰਦੇਸ਼ ਵਿਆਪਕ ਪੱਧਰ ਉੱਤੇ ਜਨ-ਜਨ ਤੱਕ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਮੁਹਿੰਮ ਦੇ ਵੱਖ-ਵੱਖ ਪੜਾਵਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਪ੍ਰਮੁੱਖ ਗਤੀਵਿਧੀਆਂ ਦੀ ਵਿਸਤ੍ਰਿਤ ਜਾਣਕਾਰੀ ਵੀ ਦਿੱਤੀ।
ਮੀਟਿੰਗ ਦੌਰਾਨ ਰਾਜ ਪੱਧਰੀ ਕਮੇਟੀ ਦੇ ਮੈਂਬਰ ਮੰਤਰੀਗਣ, ਸੰਸਦ ਮੈਂਬਰ ਅਤੇ ਵਿਧਾਇਕਾਂ ਨੇ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ’ ਦੇ ਸਫਲ ਆਯੋਜਨ ਲਈ ਆਪਣੇ ਕੀਮਤੀ ਸੁਝਾਅ ਵੀ ਪੇਸ਼ ਕੀਤੇ।
ਇਸ ਮੌਕੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਸ਼੍ਰੀ ਰਣਬੀਰ ਗੰਗਵਾ, ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ਼੍ਰੀ ਰਾਜੇਸ਼ ਨਾਗਰ, ਕਾਲਕਾ ਦੀ ਵਿਧਾਇਕਾ ਸ਼੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ਼੍ਰੀ ਅਰੁਣ ਗੁਪਤਾ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ਼੍ਰੀ ਕੇ. ਮਕਰੰਦ ਪਾਂਡੁਰੰਗ, ਡਿਪਟੀ ਕਮਿਸ਼ਨਰ ਸ਼੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਸੁਸ਼੍ਰੀ ਅਦਿਤੀ ਸਿੰਘ, ਭਾਜਪਾ ਨੇਤਰੀ ਸ਼੍ਰੀਮਤੀ ਬੰਤੋ ਕਟਾਰੀਆ ਸਮੇਤ ਸਾਬਕਾ ਮੰਤਰੀ, ਵਿਧਾਇਕ ਅਤੇ ਸੀਨੀਅਰ ਪ੍ਰਸ਼ਾਸਕੀ ਅਧਿਕਾਰੀ ਮੌਜੂਦ ਸਨ।
ਸਲਸਵਿਹ/2026
*****