azadi ka amrit mahotsav

ਸਿੱਖਿਆ ਮੰਤਰੀ ਮਹੀਪਾਲ ਢਾਂਡਾ ਵੱਲੋਂ ਪੰਚਕੂਲਾ ਗਰਵਨਮੈਂਟ ਕਾਲਜ ਦਾ ਅਚਨਚੇਤ ਨਿਰੀਖਣ: ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਜਾਣੀਆਂ ਸਮੱਸਿਆਵਾਂ, ਐਮ.ਪੀ.ਐਡ. ਕੋਰਸ ਸ਼ੁਰੂ ਕਰਨ ਦਾ ਦਿੱਤਾ ਭਰੋਸਾ

ਸਿੱਖਿਆ ਮੰਤਰੀ ਦੇ ਇਸ ਦੌਰੇ ਅਤੇ ਨਿੱਘੇ ਵਿਵਹਾਰ ਨਾਲ ਵਿਦਿਆਰਥੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ

Posted On: 08 Aug 2026 3:48PM

ਚੰਡੀਗੜ੍ਹ, 8 ਅਗਸਤ - ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਅੱਜ ਪੰਚਕੂਲਾ ਦੇ ਸੈਕਟਰ-1 ਸਥਿਤ ਸਰਕਾਰੀ ਕਾਲਜ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਲਜ ਕੈਂਪਸ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਵਿੱਚ ਜਾ ਕੇ ਬਹੁਤ ਹੀ ਨਿੱਘੇ ਸੁਭਾਅ ਨਾਲ ਉਨ੍ਹਾਂ ਨਾਲ ਸਿੱਧੀ ਗੱਲਬਾਤ ਕੀਤੀ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀਆਂ ਵਿਦਿਅਕ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਛੇਤੀ ਹੱਲ ਲਈ ਮੌਕੇ 'ਤੇ ਮੌਜੂਦ ਕਾਲਜ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ।

ਨਿਰੀਖਣ ਦੌਰਾਨ ਵਿਦਿਆਰਥੀਆਂ ਨੇ ਕਾਲਜ ਵਿੱਚ ਵੱਖ-ਵੱਖ ਕੋਰਸਾਂ, ਸਰੋਤਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਮੰਤਰੀ ਅੱਗੇ ਆਪਣੀ ਗੱਲ ਰੱਖੀ। ਵਿਦਿਆਰਥੀਆਂ ਨੇ ਖ਼ਾਸ ਤੌਰ 'ਤੇ ਕਾਲਜ ਵਿੱਚ ਸਰੀਰਕ ਸਿੱਖਿਆ ਵਿੱਚ ਪੋਸਟ ਗ੍ਰੈਜੂਏਸ਼ਨ ਯਾਨੀ ਐਮ.ਪੀ.ਐਡ. ਦਾ ਕੋਰਸ ਸ਼ੁਰੂ ਕਰਨ ਦੀ ਮੰਗ ਪ੍ਰਮੁੱਖਤਾ ਨਾਲ ਚੁੱਕੀ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ 'ਤੇ ਸਕਾਰਾਤਮਕ ਅਤੇ ਅਰਥਪੂਰਨ ਢੰਗ ਨਾਲ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਐਮ.ਪੀ.ਐਡ. ਦਾ ਕੋਰਸ ਸ਼ੁਰੂ ਕਰਵਾਉਣ ਦੀ ਦਿਸ਼ਾ ਵਿੱਚ ਜ਼ਰੂਰੀ ਕਦਮ ਚੁੱਕੇ ਜਾਣਗੇ ਤਾਂ ਜੋ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਭਵਿੱਖ ਬਣਾਉਣ ਵਾਲੇ ਨੌਜਵਾਨਾਂ ਨੂੰ ਸਥਾਨਕ ਪੱਧਰ 'ਤੇ ਹੀ ਬਿਹਤਰ ਮੌਕੇ ਮਿਲ ਸਕਣ।

ਵਿਦਿਆਰਥੀ ਦੇਸ਼ ਦਾ ਭਵਿੱਖ, ਆਪਣੀ ਊਰਜਾ ਦੀ ਦੇਸ਼ ਨਿਰਮਾਣ ਵਿੱਚ ਕਰਨ ਸਹੀ ਵਰਤੋਂ

ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਨੌਜਵਾਨ ਅਤੇ ਵਿਦਿਆਰਥੀ ਕਿਸੇ ਵੀ ਰਾਸ਼ਟਰ ਦਾ ਅਸਲੀ ਭਵਿੱਖ ਅਤੇ ਉਸ ਦੀ ਊਰਜਾ ਦਾ ਆਧਾਰ ਹੁੰਦੇ ਹਨ। ਅੱਜ ਦਾ ਨੌਜਵਾਨ ਜੇਕਰ ਸਹੀ ਦਿਸ਼ਾ ਵਿੱਚ ਅੱਗੇ ਵਧੇ ਤਾਂ ਉਹ ਨਾ ਸਿਰਫ਼ ਆਪਣੇ ਪਰਿਵਾਰ ਸਗੋ ਪੂਰੇ ਸੂਬੇ ਅਤੇ ਦੇਸ਼ ਦਾ ਨਾਂ ਵਿਸ਼ਵ ਪੱਧਰ 'ਤੇ ਰੌਸ਼ਨ ਕਰ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਊਰਜਾ ਨੂੰ ਸਕਾਰਾਤਮਕ ਕੰਮਾਂ ਵਿੱਚ ਲਗਾਉਣ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਹੁਨਰ ਨੂੰ ਨਿਖਾਰਨ 'ਤੇ ਧਿਆਨ ਕੇਂਦਰਿਤ ਕਰਨ।

ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਖੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਹੈ ਵਚਨਬੱਧ

ਸਿੱਖਿਆ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਖੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੰਤਰੀ ਨੇ ਕਾਲਜ ਪ੍ਰਸ਼ਾਸਨ ਨੂੰ ਦਿੱਤੇ ਨਿਰਦੇਸ਼ ਸਿੱਖਿਆ ਮੰਤਰੀ ਨੇ ਕਾਲਜ ਦੇ ਪ੍ਰੋਫ਼ੈਸਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਰਹਿਣ ਅਤੇ ਕੈਂਪਸ ਵਿੱਚ ਵਧੀਆ ਵਿਦਿਅਕ ਮਾਹੌਲ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕਾਇਮ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਹੋ ਸਕੇ। ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਲਾਇਬ੍ਰੇਰੀ ਵਰਗੀਆਂ ਮੁੱਢਲੀਆਂ ਸਹੂਲਤਾਂ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਸਿੱਖਿਆ ਮੰਤਰੀ ਦੇ ਇਸ ਦੌਰੇ ਅਤੇ ਨਿੱਘੇ ਵਿਵਹਾਰ ਨਾਲ ਵਿਦਿਆਰਥੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸ਼ੈਲਜਾ ਛਾਬੜਾ, ਸੀਨੀਅਰ ਪ੍ਰੋਫ਼ੈਸਰ, ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

ਸਲਸਵਿਹ/2026

 


 

*****

 


(Release ID: 3960)