CM Press Release
azadi ka amrit mahotsav

ਨਾਂਗਲ ਚੌਧਰੀ ਬਣੇਗਾ ਦੇਸ਼ ਦੀ ਨਵੀਂ ਆਰਥਿਕ ਰਾਜਧਾਨੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਕਸਤ ਭਾਰਤ ਦਾ ਸੁਪਨਾ ਹੋ ਰਿਹਾ ਸਾਕਾਰ, ਹਰਿਆਣਾ ਦੇ ਹਰ ਜ਼ਿਲ੍ਹੇ ਨੂੰ ਮਿਲੀ ਐਕਸਪ੍ਰੈਸ-ਵੇ ਦੀ ਸੌਗਾਤ - ਮੁੱਖ ਮੰਤਰੀ

ਹੁਣ ਵਿਰੋਧੀਆਂ ਦੇ ਭਰਮਜਾਲ ਵਿੱਚ ਨਹੀਂ ਆਵੇਗੀ ਜਨਤਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

Posted On: 23 Aug 2026 3:11PM

ਚੰਡੀਗੜ੍ਹ, 23 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਂਗਲ ਚੌਧਰੀ ਖੇਤਰ ਵਿੱਚ ਇੰਟੀਗ੍ਰੇਟੇਡ ਮਲਟੀ ਮੌਡਲ ਲੌਜਿਸਟਿਕ ਹੱਬ ਦੇ ਰੇਲ ਸੰਪਰਕ ਸ਼ੁਭਆਰੰਭ ਸਮਾਰੋਹ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮੁੱਚਾ ਖੇਤਰ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਇੱਕ ਵੱਡੀ ਆਰਥਿਕ ਰਾਜਧਾਨੀ ਵਜੋਂ ਉੱਭਰਨ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਇਸ ਪ੍ਰੋਜੈਕਟ ਦੀ ਮਜ਼ਬੂਤ ਨੀਂਹ ਰੱਖੀ ਗਈ ਸੀ, ਜੋ ਅੱਜ ਸਾਕਾਰ ਰੂਪ ਲੈ ਰਹੀ ਹੈ।

ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਦੇ ਕਈ ਵੱਡੇ ਨਿਵੇਸ਼ਕ ਇਸ ਪ੍ਰੋਜੈਕਟ ਵਿੱਚ ਡੂੰਘੀ ਦਿਲਚਸਪੀ ਦਿਖਾ ਰਹੇ ਹਨ, ਜਿਸ ਨਾਲ ਸਥਾਨਕ ਨੌਜਵਾਨਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਮੌਕੇ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ ਸਮੇਤ ਵਿਧਾਇਕ ਤੇ ਹੋਰ ਪਤਵੰਤੇ ਮੌਜੂਦ ਸਨ।

ਮੁੱਖ ਮੰਤਰੀ ਨੇ ਸੂਬੇ ਵਿੱਚ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਜਿੱਥੇ ਚੰਡੀਗੜ੍ਹ ਤੋਂ ਨਾਂਗਲ ਚੌਧਰੀ ਪਹੁੰਚਣ ਵਿੱਚ 10 ਘੰਟੇ ਲੱਗ ਜਾਂਦੇ ਸਨ, ਉੱਥੇ ਹੀ ਹੁਣ ਆਧੁਨਿਕ ਐਕਸਪ੍ਰੈਸ-ਵੇ ਦੇ ਨਿਰਮਾਣ ਨਾਲ ਇਹ ਦੂਰੀ ਬਹੁਤ ਘੱਟ ਸਮੇਂ ਵਿੱਚ ਤੈਅ ਹੋ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਦਾ ਹਰੇਕ ਜ਼ਿਲ੍ਹਾ ਚਾਰ ਮਾਰਗੀ ਅਤੇ ਹਰਿਤ ਗਲਿਆਰਾ ਐਕਸਪ੍ਰੈਸ-ਵੇ ਨਾਲ ਸਿੱਧਾ ਜੁੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਦਯੋਗ ਲੱਗਣ ਤੋਂ ਬਾਅਦ ਆਵਾਜਾਈ ਦੇ ਸਾਧਨ ਜੁਟਾਏ ਜਾਂਦੇ ਸਨ, ਪਰ ਮੌਜੂਦਾ ਸਰਕਾਰ ਨੇ ਪਹਿਲਾਂ ਵਿਸ਼ਵ ਪੱਧਰੀ ਆਵਾਜਾਈ ਵਿਵਸਥਾ ਖੜ੍ਹੀ ਕੀਤੀ ਹੈ ਤਾਂ ਜੋ ਮਹਿੰਦਰਗੜ੍ਹ, ਰੇਵਾੜੀ ਅਤੇ ਆਸਪਾਸ ਦੇ ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਦਾ ਉਤਪਾਦ ਸਿੱਧਾ ਮੁੰਬਈ ਬੰਦਰਗਾਹ ਦੇ ਰਸਤੇ ਗਲੋਬਲ ਬਾਜ਼ਾਰਾਂ ਤੱਕ ਬਹੁਤ ਤੇਜ਼ ਰਫ਼ਤਾਰ ਨਾਲ ਪਹੁੰਚ ਸਕੇ। ਇਹ ਪ੍ਰੋਜੈਕਟ ਹਰਿਆਣਾ ਦੇ ਨਾਲ-ਨਾਲ ਗੁਆਂਢੀ ਰਾਜ ਰਾਜਸਥਾਨ ਦੇ ਆਰਥਿਕ ਵਿਕਾਸ ਲਈ ਵੀ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।

ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਨਤਾ ਉਨ੍ਹਾਂ ਦੇ ਝੂਠੇ ਦਾਅਵਿਆਂ ਅਤੇ ਝਾਂਸੇ ਵਿੱਚ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਦੇ ਮਾਰਗ 'ਤੇ ਅੱਗੇ ਵਧ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦੀਆਂ ਵਿਕਾਸ ਪਹਿਲਕਦਮੀਆਂ ਵਿੱਚ ਇਹ ਖੇਤਰ ਸਿਖਰਲੇ ਸਥਾਨ 'ਤੇ ਹੈ।

ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਹੋਏ ਕੰਮਾਂ ਦੇ ਸੰਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਸਥਾਨਕ ਅਗਵਾਈ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਅਨੁਸਾਰ ਖੇਤਰ ਵਿੱਚ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਕੋਰੀਆਵਾਸ ਵੀ ਸ਼ੁਰੂ ਹੋ ਚੁੱਕਾ ਹੈ, ਜਿੱਥੇ ਵਿਦਿਆਰਥੀਆਂ ਦੀ ਐਮ.ਬੀ.ਬੀ.ਐਸ. ਦੀਆਂ ਕਲਾਸਾਂ ਵਿਧੀਵਤ ਰੂਪ ਨਾਲ ਚੱਲ ਰਹੀਆਂ ਹਨ। ਬੁਨਿਆਦੀ ਢਾਂਚੇ ਦੇ ਪੂਰੇ ਵਿਕਾਸ ਨਾਲ ਇਹ ਪੂਰਾ ਖੇਤਰ ਖੁਸ਼ਹਾਲੀ ਅਤੇ ਉਦਯੋਗਿਕ ਤਰੱਕੀ ਦਾ ਇੱਕ ਨਵਾਂ ਕੇਂਦਰ ਬਣ ਕੇ ਉੱਭਰੇਗਾ।

ਸਲਸਵਿਹ/2026


 

*****

 


(Release ID: 4399)