ਚੰਡੀਗੜ੍ਹ, 23 ਅਗਸਤ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਜ਼ਿਲ੍ਹਾ ਮਹਿੰਦਰਗੜ੍ਹ ਦੇ ਨਾਂਗਲ ਚੌਧਰੀ ਖੇਤਰ ਵਿੱਚ ਸਥਿਤ ਇੰਟੀਗ੍ਰੇਟੇਡ ਮਲਟੀ-ਮੌਡਲ ਲੌਜਿਸਟਿਕਸ ਹੱਬ (ਆਈ.ਐਮ.ਐਲ.ਐਚ.) ਦੇ ਨਵੇਂ ਬਣੇ ਰੇਲ ਯਾਰਡ ਤੋਂ ਪਹਿਲੀ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਲਗਭਗ 280 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਰੇਲਵੇ ਕਨੈਕਟੀਵਿਟੀ ਦੇ ਸ਼ੁਰੂ ਹੋਣ ਨਾਲ ਹਰਿਆਣਾ ਦੇ ਲੌਜਿਸਟਿਕਸ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਨਾਰਨੌਲ ਦੇ ਵਿਧਾਇਕ ਓਮ ਪ੍ਰਕਾਸ਼ ਯਾਦਵ, ਮਹਿੰਦਰਗੜ੍ਹ ਦੇ ਵਿਧਾਇਕ ਕੰਵਰ ਸਿੰਘ ਯਾਦਵ ਮੌਜੂਦ ਸਨ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ੁਰੂਆਤ ਹਰਿਆਣਾ ਨੂੰ ਦੇਸ਼ ਦੇ ਚੋਟੀ ਦੇ ਲੌਜਿਸਟਿਕਸ ਨੈਟਵਰਕ ਵਿੱਚ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਲਗਭਗ 408 ਏਕੜ ਖੇਤਰ ਵਿੱਚ ਵਿਕਸਤ ਹੋ ਰਹੀ ਇਹ ਪ੍ਰੋਜੈਕਟ ਕੁੱਲ 1300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਦੇਸ਼ ਦੀਆਂ ਚੋਟੀ ਦੀਆਂ 50 ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ। ਇਸ ਪ੍ਰੋਜੈਕਟ ਦੇ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਸਾਲਾਨਾ ਲਗਭਗ 20 ਲੱਖ ਕੰਟੇਨਰਾਂ ਦੇ ਪ੍ਰਬੰਧਨ ਦੀ ਸਮਰੱਥਾ ਵਿਕਸਤ ਹੋਵੇਗੀ, ਜਿਸ ਨਾਲ ਆਟੋਮੋਬਾਈਲ, ਮਸ਼ੀਨਰੀ, ਗਾਰਮੈਂਟਸ ਅਤੇ ਖੇਤੀਬਾੜੀ ਉਤਪਾਦਾਂ ਵਰਗੇ ਪ੍ਰਮੁੱਖ ਉਦਯੋਗਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਨਾਂਗਲ ਚੌਧਰੀ ਦਾ ਇਹ ਹੱਬ ਰੇਲ ਅਤੇ ਸੜਕ ਦੋਵਾਂ ਸੰਪਰਕਾਂ ਨੂੰ ਆਪਸ ਵਿੱਚ ਜੋੜਦਾ ਹੈ, ਜਿਸ ਨਾਲ ਪੱਛਮੀ ਬੰਦਰਗਾਹਾਂ ਤੋਂ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਤੱਕ ਮਾਲ ਦੀ ਆਵਾਜਾਈ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼, ਸੁਗਮ ਅਤੇ ਕਿਫ਼ਾਇਤੀ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਹੱਬ ਦੇ ਸੰਚਾਲਨ ਨਾਲ ਪੂਰੇ ਇਲਾਕੇ ਵਿੱਚ ਰੁਜ਼ਗਾਰ ਅਤੇ ਵਪਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਸਰਕਾਰ ਨੇ ਇਸ ਪੂਰੇ ਖੇਤਰ ਵਿੱਚ ਬਿਜਲੀ, ਪਾਣੀ ਅਤੇ ਸੜਕ ਵਰਗੀਆਂ ਮੁੱਢਲੀਆਂ ਸਹੂਲਤਾਂ ਪਹਿਲਾਂ ਹੀ ਪੂਰੀਆਂ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ ਤਹਿਤ ਅੱਗੇ ਆਉਣ ਅਤੇ ਹਰਿਆਣਾ ਦੀ ਇਸ ਤੇਜ਼ ਉਦਯੋਗਿਕ ਯਾਤਰਾ ਵਿੱਚ ਭਾਗੀਦਾਰ ਬਣਨ।
ਇਸ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਰੇਲ ਮੰਤਰਾਲੇ ਦੇ ਉਪਕ੍ਰਮ ਡੈਡੀਕੇਟੇਡ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।
ਇਸ ਮੌਕੇ ਸਾਬਕਾ ਮੰਤਰੀ ਡਾ. ਅਭੈ ਸਿੰਘ ਯਾਦਵ, ਐਚ.ਐਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਨਿਰਦੇਸ਼ਕ ਸੁਸ਼ੀਲ ਸਾਰਵਾਨ, ਮਨੀਸ਼ ਅਵਸਥੀ, ਜਤਿੰਦਰ ਸ਼੍ਰੀਵਾਸਤਵ, ਵਿਵੇਕ ਤਿਆਗੀ ਤੋਂ ਇਲਾਵਾ ਹੋਰ ਪਤਵੰਤੇ ਨਾਗਰਿਕ ਮੌਜੂਦ ਸਨ।
ਸਲਸਵਿਹ/2026
*****