ਚੰਡੀਗੜ੍ਹ, 24 ਅਗਸਤ - ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਅੱਜ ਚੰਡੀਗੜ੍ਹ ਸਥਿਤ ਨਵੇਂ ਹਰਿਆਣਾ ਸਿਵਲ ਸਕੱਤਰੇਤ ਵਿੱਚ ਆਪਣੇ ਦਫ਼ਤਰ ਵਿੱਚ ਰੋਹਤਕ ਜ਼ਿਲ੍ਹਾ ਗਜ਼ਟੀਅਰ-2025 ਦਾ ਵਿਮੋਚਨ ਕੀਤਾ।
ਲਗਭਗ 650 ਪੰਨਿਆਂ ਦਾ ਇਹ ਪ੍ਰਕਾਸ਼ਨ ਸਾਲ 1966 ਵਿੱਚ ਹਰਿਆਣਾ ਦੇ ਵੱਖਰੇ ਰਾਜ ਵਜੋਂ ਗਠਨ ਤੋਂ ਬਾਅਦ ਪ੍ਰਕਾਸ਼ਤ ਕੀਤੇ ਗਏ ਜ਼ਿਲ੍ਹਾ ਗਜ਼ਟੀਅਰਾਂ ਦੀ ਲੜੀ ਦਾ 15ਵਾਂ ਪ੍ਰਕਾਸ਼ਨ ਹੈ। ਇਹ ਸਾਲ 1970 ਵਿੱਚ ਪ੍ਰਕਾਸ਼ਤ ਰੋਹਤਕ ਜ਼ਿਲ੍ਹਾ ਗਜ਼ਟੀਅਰ ਦਾ ਪਹਿਲਾ ਸੋਧਿਆ ਸੰਸਕਰਣ ਹੈ। ਇਸ ਵਿੱਚ 19 ਅਧਿਆਇ ਹਨ, ਜੋ 484 ਪੰਨਿਆਂ ਵਿੱਚ ਵਿਸਥਾਰ ਹਨ। ਇਸ ਦੇ ਨਾਲ 72 ਸਾਰਣੀਆਂ ਵਾਲਾ ਇੱਕ ਪਰਿਸ਼ਿਸ਼ਟ ਅਤੇ 40 ਪੰਨਿਆਂ ਵਿੱਚ ਰੰਗੀਨ ਤਸਵੀਰਾਂ ਵੀ ਸ਼ਾਮਲ ਹਨ।
ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਜ਼ਿਲ੍ਹਾ ਗਜ਼ਟੀਅਰ “ਲਘੂ ਵਿਸ਼ਵਕੋਸ਼” ਦੀ ਤਰ੍ਹਾਂ ਹੁੰਦੇ ਹਨ, ਜਿਨ੍ਹਾਂ ਵਿੱਚ ਕਿਸੇ ਜ਼ਿਲ੍ਹੇ ਦੇ ਭੂਗੋਲ, ਆਬਾਦੀ, ਸਮਾਜ ਅਤੇ ਸੱਭਿਆਚਾਰ, ਇਤਿਹਾਸ, ਅਰਥਵਿਵਸਥਾ, ਪ੍ਰਸ਼ਾਸਨ ਅਤੇ ਵਿਕਾਸ ਨਾਲ ਸਬੰਧਤ ਵਿਆਪਕ ਅਤੇ ਪ੍ਰਮਾਣਿਕ ਜਾਣਕਾਰੀ ਉਪਲਬਧ ਹੁੰਦੀ ਹੈ।
ਗਜ਼ਟੀਅਰ ਅਨੁਸਾਰ, ਰੋਹਤਕ ਦਾ ਪੁਰਾਣਾ ਨਾਮ ‘ਰੋਹਿਤਕ’ ਸੀ, ਜਿਸ ਦਾ ਜ਼ਿਕਰ ਮਹਾਭਾਰਤ ਵਿੱਚ ਵੀ ਮਿਲਦਾ ਹੈ। ਪਾਂਡਵ ਯੋਧੇ ਨਕੁਲ ਦੇ ਪੱਛਮੀ ਮੁਹਿੰਮ ਦੇ ਸੰਦਰਭ ਵਿੱਚ ਇਸ ਖੇਤਰ ਦਾ ਜ਼ਿਕਰ ‘ਰੋਹਿਤਕ’ ਨਾਮ ਨਾਲ ਕੀਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਖੇਤਰ ਵਿੱਚ ‘ਰੋਹੇਰਾ’ ਦਰੱਖਤਾਂ ਦੇ ਜੰਗਲ ਕਾਰਨ ਇਸ ਦਾ ਨਾਮ ‘ਰੋਹਿਤਕ’ ਪਿਆ।
ਪੁਰਾਤੱਤਵ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਰੋਹਤਕ ਖੇਤਰ ਵਿੱਚ ਪੁਰਾਣੇ ਸਮੇਂ ਤੋਂ ਹੀ ਮਨੁੱਖੀ ਬਸਤੀਆਂ ਮੌਜੂਦ ਸਨ ਅਤੇ ਇਹ ਖੇਤਰ ਸਮੇਂ ਦੇ ਨਾਲ ਸੱਭਿਆਚਾਰਕ ਅਤੇ ਰਾਜਨੀਤਿਕ ਗਤੀਵਿਧੀਆਂ ਦਾ ਮਹੱਤਵਪੂਰਨ ਕੇਂਦਰ ਬਣ ਗਿਆ। ਗਜ਼ਟੀਅਰ ਵਿੱਚ ਜ਼ਿਕਰ ਹੈ ਕਿ ਇਸ ਖੇਤਰ ਦੇ ਪੁਰਾਤੱਤਵ ਸਥਾਨਾਂ ਦਾ ਸਬੰਧ ਸਿੰਧੂ ਘਾਟੀ ਸੱਭਿਆਚਾਰ ਨਾਲ ਜੁੜੀਆਂ ਬਸਤੀਆਂ ਨਾਲ ਰਿਹਾ ਹੈ। ਉੱਥੇ ਹੀ, ਖੋਖਰਾਕੋਟ ਦੇ ਪੁਰਾਣੇ ਟਿੱਲੇ ਹੜੱਪਾ ਸੱਭਿਆਚਾਰ ਨਾਲ ਸਬੰਧਤ ਅਵਸ਼ੇਸ਼ਾਂ ਦੇ ਉੱਪਰ ਸਥਿਤ ਮੰਨੇ ਜਾਂਦੇ ਹਨ।
ਗਜ਼ਟੀਅਰ ਵਿੱਚ ਰੋਹਤਕ ਜ਼ਿਲ੍ਹੇ ਦੇ ਰਾਜਨੀਤਿਕ ਇਤਿਹਾਸ ਨੂੰ ਵੱਖ-ਵੱਖ ਸ਼ਾਸਨ ਪ੍ਰਣਾਲੀਆਂ ਦੇ ਕ੍ਰਮ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਖੇਤਰ ਚਾਹਮਾਨ ਵੰਸ਼ ਦੇ ਸ਼ਾਸਕ ਪ੍ਰਿਥਵੀਰਾਜ ਚੌਹਾਨ ਤੀਜੇ ਦੇ ਵਿਆਪਕ ਕੰਟਰੋਲ ਵਿੱਚ ਰਿਹਾ। ਸਾਲ 1192 ਵਿੱਚ ਚੌਹਾਨ ਦੀ ਹਾਰ ਤੋਂ ਬਾਅਦ ਇਹ ਖੇਤਰ ਮੁਹੰਮਦ ਗੌਰੀ ਦੇ ਕੰਟਰੋਲ ਵਿੱਚ ਆ ਗਿਆ। ਦਿੱਲੀ ਸਲਤਨਤ ਅਤੇ ਮੁਗਲ ਕਾਲ ਦੌਰਾਨ ਇਹ ਖੇਤਰ ਅਕਸਰ ਵੱਖ-ਵੱਖ ਸਾਮੰਤਾਂ ਅਤੇ ਅਮੀਰਾਂ ਨੂੰ ਫ਼ੌਜੀ ਜਾਗੀਰ ਵਜੋਂ ਸੌਂਪਿਆ ਜਾਂਦਾ ਰਿਹਾ।
30 ਦਸੰਬਰ, 1803 ਨੂੰ ਹੋਈ ਸੁਰਜੀ-ਅੰਜਨਗਾਉਂ ਦੀ ਸੰਧੀ ਤੋਂ ਬਾਅਦ ਯਮੁਨਾ ਦੇ ਪੱਛਮ ਵਿੱਚ ਮਰਾਠਾ ਸ਼ਾਸਕ ਦੌਲਤ ਰਾਓ ਸਿੰਧੀਆ ਦੇ ਅਧੀਨ ਆਉਣ ਵਾਲੇ ਹੋਰ ਖੇਤਰਾਂ ਦੇ ਨਾਲ ਰੋਹਤਕ ਖੇਤਰ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਕੰਟਰੋਲ ਵਿੱਚ ਆ ਗਿਆ।
ਸਾਲ 1948 ਵਿੱਚ ਤਤਕਾਲੀ ਪੰਜਾਬ ਦਾ ਹਿੱਸਾ ਰਹੇ ਇਸ ਜ਼ਿਲ੍ਹੇ ਨੇ ਆਪਣਾ ਮੌਜੂਦਾ ਸਰੂਪ ਗ੍ਰਹਿਣ ਕੀਤਾ, ਜਦੋਂ ਤਤਕਾਲੀ ਦੁਜਾਨਾ ਰਿਆਸਤ ਦਾ ਇਸ ਵਿੱਚ ਰਲੇਵਾਂ ਹੋਇਆ। ਇਸ ਤੋਂ ਬਾਅਦ 1 ਨਵੰਬਰ, 1966 ਨੂੰ ਹਰਿਆਣਾ ਦੇ ਭਾਰਤ ਸੰਘ ਦੇ 17ਵੇਂ ਰਾਜ ਵਜੋਂ ਗਠਨ ਦੇ ਸਮੇਂ ਰੋਹਤਕ ਪ੍ਰਦੇਸ਼ ਦੇ ਸੱਤ ਮੂਲ ਜ਼ਿਲ੍ਹਿਆਂ ਵਿੱਚ ਸ਼ਾਮਲ ਸੀ। ਉਸ ਸਮੇਂ ਰੋਹਤਕ ਜ਼ਿਲ੍ਹੇ ਵਿੱਚ ਰੋਹਤਕ, ਸੋਨੀਪਤ, ਗੋਹਾਣਾ ਅਤੇ ਝੱਜਰ ਤਹਿਸੀਲਾਂ ਅਤੇ ਨਾਹਰ ਉਪ-ਤਹਿਸੀਲ ਸ਼ਾਮਲ ਸਨ।
ਬਾਅਦ ਵਿੱਚ 22 ਦਸੰਬਰ, 1972 ਨੂੰ ਸੋਨੀਪਤ ਅਤੇ 15 ਜੁਲਾਈ, 1997 ਨੂੰ ਝੱਜਰ ਨੂੰ ਤਤਕਾਲੀ ਰੋਹਤਕ ਜ਼ਿਲ੍ਹੇ ਤੋਂ ਵੱਖ ਕਰਕੇ ਨਵੇਂ ਜ਼ਿਲ੍ਹੇ ਬਣਾਏ ਗਏ।
ਸੋਧੇ ਹੋਏ ਗਜ਼ਟੀਅਰ ਵਿੱਚ ਵਿਸ਼ੇਸ਼ ਤੌਰ 'ਤੇ ਪਿਛਲੇ ਪੰਜ ਦਹਾਕਿਆਂ ਵਿੱਚ ਰੋਹਤਕ ਜ਼ਿਲ੍ਹੇ ਵਿੱਚ ਹੋਏ ਵਿਕਾਸ ਦਾ ਵਿਸ੍ਥਾਰ ਵੇਰਵਾ ਦਿੱਤਾ ਗਿਆ ਹੈ। ਇਸ ਵਿੱਚ ਇਤਿਹਾਸ, ਆਬਾਦੀ, ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ, ਉਦਯੋਗ, ਬੈਂਕਿੰਗ, ਵਪਾਰ ਅਤੇ ਵਣਜ, ਆਵਾਜਾਈ ਅਤੇ ਸੰਚਾਰ, ਬੁਨਿਆਦੀ ਢਾਂਚਾ, ਕਾਨੂੰਨ ਅਤੇ ਨਿਆਂ, ਸਿਹਤ ਸੇਵਾਵਾਂ ਅਤੇ ਸੈਰ-ਸਪਾਟਾ ਵਰਗੇ ਵੱਖ-ਵੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਰੋਹਤਕ ਦੇ ਸਿੱਖਿਆ ਅਤੇ ਮੈਡੀਕਲ ਸਹੂਲਤਾਂ ਦੇ ਮਹੱਤਵਪੂਰਨ ਕੇਂਦਰ ਵਜੋਂ ਉੱਭਰਨ, ਖੇਡਾਂ ਅਤੇ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਇਸ ਦੀ ਵਧਦੀ ਭੂਮਿਕਾ ਅਤੇ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਤੋਂ ਇਸ ਦੀ ਬਿਹਤਰ ਕਨੈਕਟੀਵਿਟੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਕਾਸ਼ਨ ਪ੍ਰਸ਼ਾਸਕਾਂ, ਯੋਜਨਾਕਾਰਾਂ, ਖੋਜਕਾਰਾਂ, ਪੱਤਰਕਾਰਾਂ, ਸੈਲਾਨੀਆਂ ਅਤੇ ਆਮ ਜਨਤਾ ਲਈ ਮਹੱਤਵਪੂਰਨ ਸੰਦਰਭ ਸਮੱਗਰੀ ਵਜੋਂ ਉਪਯੋਗੀ ਹੁੰਦੇ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸੋਧਿਆ ਰੋਹਤਕ ਜ਼ਿਲ੍ਹਾ ਗਜ਼ਟੀਅਰ ਖੋਜਾਰਥੀਆਂ, ਇਤਿਹਾਸਕਾਰਾਂ, ਸਮਾਜ ਵਿਗਿਆਨੀਆਂ ਅਤੇ ਸਿਵਲ ਸੁਸਾਇਟੀ ਲਈ ਉਪਯੋਗੀ ਸਾਬਤ ਹੋਵੇਗਾ।
ਰੋਹਤਕ ਜ਼ਿਲ੍ਹਾ ਗਜ਼ਟੀਅਰ ਵਿਕਰੀ ਲਈ ਪ੍ਰਿੰਟਿੰਗ ਐਂਡ ਸਟੇਸ਼ਨਰੀ ਸਮੱਗਰੀ ਵਿਭਾਗ, ਰਾਜਕੀ ਪ੍ਰੈੱਸ, ਸੈਕਟਰ-6, ਪੰਚਕੂਲਾ ਸਥਿਤ ਸੇਲ ਡਿਪੋ ਵਿੱਚ ਉਪਲਬਧ ਰਹੇਗਾ। ਜ਼ਿਲ੍ਹੇ ਦੇ ਇਤਿਹਾਸ, ਵਿਰਸੇ ਅਤੇ ਵਿਕਾਸ ਨਾਲ ਸਬੰਧਤ ਇਸ ਮਹੱਤਵਪੂਰਨ ਦਸਤਾਵੇਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਦੀਆਂ ਕਾਪੀਆਂ ਹਰਿਆਣਾ ਦੇ ਜ਼ਿਲ੍ਹਾ ਲਾਇਬ੍ਰੇਰੀਆਂ ਅਤੇ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਉਪਲਬਧ ਕਰਵਾਈਆਂ ਜਾਣਗੀਆਂ।
ਇੱਕ ਨਵੀਂ ਪਹਿਲ ਦੇ ਤਹਿਤ ਡਾ. ਮਿਸ਼ਰਾ ਨੇ ਦੱਸਿਆ ਕਿ ਇਹ ਗਜ਼ਟੀਅਰ ਜਲਦੀ ਹੀ ਮਾਲ ਵਿਭਾਗ ਦੀ ਅਧਿਕਾਰਤ ਵੈਬਸਾਈਟ 'ਤੇ ਆਨਲਾਈਨ ਵੀ ਉਪਲਬਧ ਕਰਵਾਇਆ ਜਾਵੇਗਾ। ਇਸ ਨਾਲ ਖੋਜਕਾਰਾਂ, ਵਿਦਿਆਰਥੀਆਂ, ਇਤਿਹਾਸਕਾਰਾਂ ਅਤੇ ਆਮ ਜਨਤਾ ਨੂੰ ਰੋਹਤਕ ਜ਼ਿਲ੍ਹੇ ਦੀ ਇਤਿਹਾਸਕ ਅਤੇ ਸਮਕਾਲੀ ਯਾਤਰਾ ਨਾਲ ਸਬੰਧਤ ਇਸ ਵਿਆਪਕ ਦਸਤਾਵੇਜ਼ ਤੱਕ ਆਸਾਨੀ ਨਾਲ ਪਹੁੰਚ ਮਿਲ ਸਕੇਗੀ।
ਡਾ. ਮਿਸ਼ਰਾ ਨੇ ਡਿਪਟੀ ਕਮਿਸ਼ਨਰ, ਰੋਹਤਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਲਗਾਤਾਰ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੁਦਮੁਖਤਿਆਰ ਸੰਸਥਾਵਾਂ ਅਤੇ ਏਜੰਸੀਆਂ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਪ੍ਰਤੀ ਵੀ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਨਾਲ ਸਬੰਧਤ ਵਿਸਥਾਰ ਜਾਣਕਾਰੀ ਅਤੇ ਮਹੱਤਵਪੂਰਨ ਸਮੱਗਰੀ ਉਪਲਬਧ ਕਰਵਾ ਕੇ ਜ਼ਿਲ੍ਹਾ ਗਜ਼ਟੀਅਰ ਤਿਆਰ ਕਰਨ ਵਿੱਚ ਸਹਿਯੋਗ ਦਿੱਤਾ।
ਵਿੱਤ ਕਮਿਸ਼ਨਰ ਨੇ ਸ਼੍ਰੀ ਕਮਲੇਸ਼ ਕੁਮਾਰ ਭਾਦੂ, ਰਾਜ ਸੰਪਾਦਕ ਗਜ਼ਟੀਅਰਜ਼-ਕਮ-ਸਕੱਤਰ ਮਾਲ; ਸ਼੍ਰੀਮਤੀ ਰਜਨੀ ਗੁਪਤਾ, ਸੰਯੁਕਤ ਰਾਜ ਸੰਪਾਦਕ; ਸ਼੍ਰੀ ਸੁਰਿੰਦਰ ਕੁਮਾਰ, ਸੰਪਾਦਕ; ਅਤੇ ਸਹਾਇਕ ਸੰਪਾਦਕਾਂ ਸ਼੍ਰੀ ਸੁਰਿੰਦਰ ਸਿੰਘ ਸੇਵਲ, ਸ਼੍ਰੀਮਤੀ ਅਮਿਤਾ ਅਰੋੜਾ, ਸ਼੍ਰੀ ਰਾਜੇਸ਼ ਸਿੰਘ, ਸ਼੍ਰੀਮਤੀ ਰੋਸ਼ਨੀ ਦੇਵੀ ਅਤੇ ਸ਼੍ਰੀਮਤੀ ਮੀਨਾਕਸ਼ੀ ਕਾਲਰਾ ਸਮੇਤ ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ, ਹਰਿਆਣਾ ਦੇ ਗਜ਼ਟੀਅਰਜ਼ ਸੰਗਠਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਗਏ ਲਗਤਾਰ ਅਤੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਇਹ ਮਹੱਤਵਪੂਰਨ ਪ੍ਰਕਾਸ਼ਨ ਤਿਆਰ ਹੋ ਸਕਿਆ ਹੈ।
ਸਲਸਵਿਹ/2026
*****