CM Press Release
azadi ka amrit mahotsav

ਨੂੰਹ ਨੂੰ 174.66 ਕਰੋੜ ਰੁਪਏ ਦੀਆਂ 22 ਵਿਕਾਸ ਪ੍ਰੋਜੈਕਟਾਂ ਦੀ ਸੌਗਾਤ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਉਦਘਾਟਨ ਅਤੇ ਨੀਂਹ ਪੱਥਰ

ਸਿਹਤ ਸੇਵਾਵਾਂ ਨੂੰ ਵੱਡੀ ਮਜ਼ਬੂਤੀ, ਨੂੰਹ ਵਿੱਚ 155.49 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ 100 ਬੈਡ ਦਾ ਜ਼ਿਲ੍ਹਾ ਜਨਰਲ ਹਸਪਤਾਲ

ਮੇਵਾਤ ਵਿਕਾਸ ਏਜੰਸੀ ਤਹਿਤ ਖੇਡਾਂ, ਸਿੱਖਿਆ ਅਤੇ ਜਨਤਕ ਸਹੂਲਤਾਂ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟਾਂ ਦਾ ਵੀ ਰੱਖਿਆ ਨੀਂਹ ਪੱਥਰ

ਮੁੱਖ ਮੰਤਰੀ ਨੇ ਪੁਨਹਾਣਾ ਵਿੱਚ ਬੀ.ਪੀ.ਐਚ.ਯੂ. ਅਤੇ ਮਾਂਡੀਖੇੜਾ ਵਿੱਚ ਟੀ.ਬੀ. ਦਫ਼ਤਰ ਇਮਾਰਤ ਸਮੇਤ ਵੱਖ-ਵੱਖ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

Posted On: 29 Aug 2026 6:46PM

ਚੰਡੀਗੜ੍ਹ, 29 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਨੂੰਹ ਜ਼ਿਲ੍ਹੇ ਨੂੰ ਵਿਕਾਸ ਦੀ ਵੱਡੀ ਸੌਗਾਤ ਦਿੰਦਿਆਂ 174.66 ਕਰੋੜ ਰੁਪਏ ਦੀ ਲਾਗਤ ਦੇ 22 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸਿੱਖਿਆ ਅਤੇ ਹੋਰ ਜਨਤਕ ਸਹੂਲਤਾਂ ਦੇ ਵਿਸਥਾਰ ਨਾਲ ਜੁੜੇ ਮਹੱਤਵਪੂਰਨ ਵਿਕਾਸ ਕਾਰਜ ਸ਼ਾਮਲ ਹਨ। ਮੁੱਖ ਮੰਤਰੀ ਨੇ 17 ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ 5 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਨ੍ਹਾਂ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਨੂੰਹ ਵਿੱਚ ਪੁਰਾਣੇ ਸੀ.ਐਚ.ਸੀ. ਪਰਿਸਰ ਵਿੱਚ 155.49 ਕਰੋੜ ਰੁਪਏ ਦੀ ਲਾਗਤ ਨਾਲ 100 ਬੈੱਡ ਸਮਰੱਥਾ ਵਾਲੇ ਜ਼ਿਲ੍ਹਾ ਜਨਰਲ ਹਸਪਤਾਲ (ਡੀ.ਸੀ.ਐਚ.) ਦਾ ਨਿਰਮਾਣ ਹੈ, ਜਿਸ ਦਾ ਮੁੱਖ ਮੰਤਰੀ ਨੇ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਸਿਹਤ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ਤਹਿਤ ਪਿੰਡ ਅੜਬਰ ਵਿੱਚ 60 ਲੱਖ ਰੁਪਏ, ਪਿੰਡ ਛਾਰੋੜਾ ਵਿੱਚ 79 ਲੱਖ ਰੁਪਏ, ਪਿੰਡ ਕੰਕਰ ਖੇੜੀ (ਖੇਰਲੀ ਨੂੰਹ) ਵਿੱਚ 64 ਲੱਖ ਰੁਪਏ, ਪਿੰਡ ਨਈ ਵਿੱਚ 69 ਲੱਖ ਰੁਪਏ, ਪਿੰਡ ਸਿਰੋਲੀ ਵਿੱਚ 61 ਲੱਖ ਰੁਪਏ ਅਤੇ ਪਿੰਡ ਇੰਦਰੀ ਵਿੱਚ 63 ਲੱਖ ਰੁਪਏ ਦੀ ਲਾਗਤ ਨਾਲ ਉਪ ਸਿਹਤ ਕੇਂਦਰ (ਐਸ.ਐਚ.ਸੀ.) ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇਗਾ। ਪਿੰਡ ਪੜੇਨੀ ਵਿੱਚ 50 ਲੱਖ ਰੁਪਏ ਅਤੇ ਪਿੰਗਵਾਂ ਵਿੱਚ 62 ਲੱਖ ਰੁਪਏ ਦੀ ਲਾਗਤ ਨਾਲ ਬਲਾਕ ਪਬਲਿਕ ਹੈਲਥ ਯੂਨਿਟ (ਬੀ.ਪੀ.ਐਚ.ਯੂ.) ਇਮਾਰਤਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ।

ਇਸ ਮੌਕੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਸੋਹਣਾ ਦੇ ਵਿਧਾਇਕ ਤੇਜਪਾਲ ਤੰਵਰ, ਹਥੀਨ ਦੇ ਵਿਧਾਇਕ ਮੁਹੰਮਦ ਇਸਰਾਇਲ, ਨੂੰਹ ਦੇ ਵਿਧਾਇਕ ਆਫਤਾਬ ਅਹਿਮਦ, ਫਿਰੋਜ਼ਪੁਰ-ਝਿਰਕਾ ਦੇ ਵਿਧਾਇਕ ਮਾਮਨ ਖਾਨ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਖੇਡਾਂ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਵੀ ਮਿਲੇਗੀ ਮਜ਼ਬੂਤੀ

ਮੁੱਖ ਮੰਤਰੀ ਨੇ ਮੇਵਾਤ ਵਿਕਾਸ ਏਜੰਸੀ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਵੀ ਨੀਂਹ ਰੱਖੀ। ਇਨ੍ਹਾਂ ਵਿੱਚ ਨੂੰਹ ਵਿੱਚ 2.45 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਪਾਰਕ ਦਾ ਨਿਰਮਾਣ, ਪਿੰਗਵਾਂ ਵਿੱਚ 1.80 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਦਾ ਨਵੀਨੀਕਰਨ ਅਤੇ 1.47 ਕਰੋੜ ਰੁਪਏ ਦੀ ਲਾਗਤ ਨਾਲ 100 ਮਾਡਲ ਆਂਗਣਵਾੜੀ ਕੇਂਦਰਾਂ ਦੀ ਸਥਾਪਨਾ ਸ਼ਾਮਲ ਹੈ।

ਇਸੇ ਤਰ੍ਹਾਂ, ਨੂੰਹ ਬਲਾਕ ਦੇ 33 ਸਰਕਾਰੀ ਸਕੂਲਾਂ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਬਾਲਕਾ ਪਖਾਨਿਆਂ ਦਾ ਨਿਰਮਾਣ, ਹਥੀਨ ਬਲਾਕ ਵਿੱਚ 39 ਲੱਖ ਰੁਪਏ ਦੀ ਲਾਗਤ ਨਾਲ ਉਪ-ਮੰਡਲ ਪੱਧਰੀ ਲਾਇਬ੍ਰੇਰੀ ਦਾ ਨਿਰਮਾਣ, ਹਥੀਨ ਬਲਾਕ ਦੇ 14 ਸਰਕਾਰੀ ਸਕੂਲਾਂ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਹਾਈਬ੍ਰਿਡ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਅਤੇ ਹਥੀਨ ਬਲਾਕ ਦੇ 10 ਸਰਕਾਰੀ ਸਕੂਲਾਂ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨਾਂ ਦਾ ਵਿਕਾਸ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪਿੰਗਵਾਂ ਬਲਾਕ ਦੇ ਪਿੰਡ ਲਾਹਬਾਸ ਵਿੱਚ 86 ਲੱਖ ਰੁਪਏ ਦੀ ਲਾਗਤ ਨਾਲ ਅਲਵੀ ਭਵਨ ਦੇ ਨਿਰਮਾਣ ਦੀ ਵੀ ਨੀਂਹ ਰੱਖੀ।

ਬੀ.ਪੀ.ਐਚ.ਯੂ. ਅਤੇ ਟੀ.ਬੀ. ਦਫ਼ਤਰ ਇਮਾਰਤ ਦਾ ਉਦਘਾਟਨ

ਮੁੱਖ ਮੰਤਰੀ ਨੇ ਸਿਹਤ ਵਿਭਾਗ ਦੇ ਦੋ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਵਿੱਚ ਪੁਨਹਾਣਾ ਸੀ.ਐਚ.ਸੀ. ਪਰਿਸਰ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਬਣੇ ਬਲਾਕ ਪਬਲਿਕ ਹੈਲਥ ਯੂਨਿਟ (ਬੀ.ਪੀ.ਐਚ.ਯੂ.) ਭਵਨ ਅਤੇ ਮਾਂਡੀਖੇੜਾ ਨਾਗਰਿਕ ਹਸਪਤਾਲ ਪਰਿਸਰ ਵਿੱਚ 1.54 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਟੀ.ਬੀ. ਦਫ਼ਤਰ ਭਵਨ ਸ਼ਾਮਲ ਹਨ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੇਵਾਤ ਵਿਕਾਸ ਏਜੰਸੀ ਤਹਿਤ ਪਿੰਡ ਸ਼ਾਹਪੁਰ-ਨੰਗਲੀ (ਨੂੰਹ) ਅਤੇ ਕਾਮੇੜਾ (ਫਿਰੋਜ਼ਪੁਰ ਝਿਰਕਾ) ਵਿੱਚ 85 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮਾਂ ਦੇ ਨਵੀਨੀਕਰਨ ਅਤੇ ਜ਼ਿਲ੍ਹਾ ਨੂੰਹ ਦੇ 16 ਸਰਕਾਰੀ ਸਕੂਲਾਂ ਵਿੱਚ 80 ਲੱਖਰੁਪਏ ਦੀ ਲਾਗਤ ਨਾਲ ਮਿਲਣ ਵਾਲੀਆਂ ਖੇਡ ਸਹੂਲਤਾਂ ਦਾ ਉਦਘਾਟਨ ਕੀਤਾ ਹੈ। ਮੁੱਖ ਮੰਤਰੀ ਨੇ 92 ਲੱਖ ਰੁਪਏ ਦੀ ਵਜ਼ੀਫ਼ਾ ਰਾਸ਼ੀ ਦੀ ਵੰਡ ਵੀ ਕੀਤੀ। ਇਹ ਰਾਸ਼ੀ ਮੁੱਖ ਮੰਤਰੀ ਮੇਵਾਤ ਗਰੀਬ ਮੇਧਾਵੀ ਵਜ਼ੀਫ਼ਾ ਯੋਜਨਾ ਅਤੇ ਮੁੱਖ ਮੰਤਰੀ ਮੇਵਾਤ ਛਾਤਰ ਪ੍ਰਤਿਭਾ ਸਨਮਾਨ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਉਦੇਸ਼ ਨੂੰਹ ਜ਼ਿਲ੍ਹੇ ਵਿੱਚ ਸਿਹਤ, ਸਿੱਖਿਆ, ਖੇਡਾਂ ਸਮੇਤ ਬੁਨਿਆਦੀ ਸਹੂਲਤਾਂ ਦਾ ਨਿਰੰਤਰ ਵਿਸਥਾਰ ਕਰਦੇ ਹੋਏ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਨਾਲ ਜਿੱਥੇ ਸਿਹਤ ਸੇਵਾਵਾਂ ਨੂੰ ਮਜ਼ਬੂਤੀ ਮਿਲੇਗੀ, ਉੱਥੇ ਹੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਸਿੱਖਿਆ ਅਤੇ ਖੇਡਾਂ ਦੀਆਂ ਬਿਹਤਰ ਸਹੂਲਤਾਂ ਵੀ ਵਿਕਸਤ ਹੋਣਗੀਆਂ। ਸਰਕਾਰ ਪ੍ਰਦੇਸ਼ ਦੇ ਸਾਰੇ ਖੇਤਰਾਂ ਦਾ ਸਮਾਨ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਸਲਸਵਿਹ/2026


 

*****

 


(Release ID: 4653)