ਚੰਡੀਗੜ੍ਹ, 1 ਸਤੰਬਰ 2026
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਧਿਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਪਰ ਅਧਿਕਾਰਾਂ ਦੇ ਨਾਲ ਮਰਿਆਦਾ ਅਤੇ ਜ਼ਿੰਮੇਵਾਰੀ ਵੀ ਜੁੜੀ ਹੁੰਦੀ ਹੈ। ਵਿਰੋਧ ਦੇ ਨਾਮ 'ਤੇ ਨਿਯਮ ਤੋੜਨਾ ਜਾਂ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕਰਨਾ ਕਿਸੇ ਵੀ ਸਥਿਤੀ ਵਿੱਚ ਉਚਿਤ ਨਹੀਂ ਹੈ। ਕਿਸੇ ਕਰਮਚਾਰੀ 'ਤੇ ਆਪਣਾ ਰਾਜਨੀਤਿਕ ਗੁੱਸਾ ਕੱਢਣਾ ਉਚਿਤ ਨਹੀਂ ਹੈ। ਕਾਂਗਰਸ ਦੇ ਵਿਧਾਇਕਾਂ ਨੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਦੇ ਗੇਟ 'ਤੇ ਹੀ ਨਹੀਂ, ਸਗੋਂ ਅੰਦਰ ਵੀ ਸਦਨ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਸਮਾਪਤੀ ਮੌਕੇ ਆਯੋਜਿਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਚੱਲੇ ਇਸ ਸੈਸ਼ਨ ਵਿੱਚ ਤਿੰਨ ਮੀਟਿੰਗਾਂ ਹੋਈਆਂ ਅਤੇ ਲਗਭਗ 16 ਘੰਟੇ ਸਕਾਰਾਤਮਕ ਅਤੇ ਸਾਰਥਕ ਚਰਚਾ ਹੋਈ। ਮੁੱਖ ਮੰਤਰੀ ਨੇ ਸੈਸ਼ਨ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਵਿਧਾਇਕਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਮੀਡੀਆ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੀ ਆਪਣੀ ਮਰਿਆਦਾ, ਪਰੰਪਰਾਵਾਂ ਅਤੇ ਸੁਰੱਖਿਆ ਸੰਬੰਧੀ ਨਿਯਮ ਹਨ। ਜੇਕਰ ਕਿਸੇ ਵਿਵਸਥਾ ਤਹਿਤ ਨਾਅਰੇ ਲਿਖੀਆਂ ਤਖ਼ਤੀਆਂ ਲੈ ਕੇ ਵਿਧਾਨ ਸਭਾ ਭਵਨ ਵਿੱਚ ਦਾਖ਼ਲੇ ਦੀ ਮਨਾਹੀ ਹੈ, ਤਾਂ ਹਰੇਕ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਵਿਵਸਥਾ ਦਾ ਪਾਲਣ ਕਰੇ। ਸਿਰਫ਼ ਵਿਧਾਇਕ ਹੋਣ ਦਾ ਅਰਥ ਇਹ ਨਹੀਂ ਹੈ ਕਿ ਕੋਈ ਵਿਅਕਤੀ ਨਿਯਮ ਅਤੇ ਕਾਨੂੰਨ ਤੋਂ ਉੱਪਰ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਵੀ ਹੈਰਾਨੀ ਹੋਈ ਕਿ ਕੁਝ ਕਾਂਗਰਸੀ ਵਿਧਾਇਕ ਵਿਰੋਧ ਪ੍ਰਦਰਸ਼ਨ ਨੂੰ ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ ਤੱਕ ਲੈ ਗਏ ਅਤੇ ਇਸ ਘਟਨਾਕ੍ਰਮ ਵਿੱਚ ਵਿਰੋਧ ਧਿਰ ਦੇ ਨੇਤਾ ਸ੍ਰੀ ਭੂਪੇਂਦਰ ਸਿੰਘ ਹੁੱਡਾ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸ੍ਰੀ ਹੁੱਡਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਹਨ, ਲੰਬੇ ਸਮੇਂ ਤੋਂ ਜਨਤਕ ਜੀਵਨ ਵਿੱਚ ਹਨ ਅਤੇ ਅੱਜ ਵਿਰੋਧ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਅਜਿਹੇ ਸੀਨੀਅਰ ਨੇਤਾ ਤੋਂ ਸੰਜਮ ਅਤੇ ਮਰਿਆਦਾ ਦੀ ਉਮੀਦ ਸੁਭਾਵਿਕ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਕੋਲ ਮੁੱਦਿਆਂ ਦੀ ਭਾਰੀ ਘਾਟ ਹੈ ਅਤੇ ਮੁੱਦਾ-ਰਹਿਤ ਕਾਂਗਰਸ ਜਿਸ ਗਤੀ ਨਾਲ ਝੂਠ ਫੈਲਾਉਂਦੀ ਹੈ, ਉਸ ਗਤੀ ਨਾਲ ਤਾਂ ਹਵਾ ਵੀ ਨਹੀਂ ਚੱਲਦੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਕਾਰਨ ਅੱਜ ਭਾਰਤ ਦੇ ਵਿਕਾਸ ਦੀ ਚਰਚਾ ਭਾਰਤ ਵਿੱਚ ਹੀ ਨਹੀਂ, ਸਗੋਂ ਭਾਰਤ ਤੋਂ ਬਾਹਰ ਵੀ ਹੋ ਰਹੀ ਹੈ।
ਸੁਰੱਖਿਆ ਕਰਮਚਾਰੀਆਂ ਦੇ ਸਨਮਾਨ ਦੀ ਲੋੜ :
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਗੇਟ 'ਤੇ ਤਾਇਨਾਤ ਹਰ ਪੁਲਿਸ ਕਰਮਚਾਰੀ ਆਪਣੀ ਡਿਊਟੀ ਨਿਭਾ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਵਿਧਾਨ ਸਭਾ ਮੈਂਬਰ ਦੀ ਆਪਣੀ ਮਰਿਆਦਾ ਹੈ, ਉਸੇ ਤਰ੍ਹਾਂ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀ ਵੀ ਸਨਮਾਨ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਕਿਸੇ ਕਰਮਚਾਰੀ 'ਤੇ ਆਪਣਾ ਰਾਜਨੀਤਿਕ ਗੁੱਸਾ ਕੱਢਣਾ ਉਚਿਤ ਨਹੀਂ ਹੈ।
ਮੁੱਖ ਮੰਤਰੀ ਨੇ ਕਾਂਗਰਸ ਲੀਡਰਸ਼ਿਪ ਨੂੰ ਪੂਰੇ ਘਟਨਾਕ੍ਰਮ 'ਤੇ ਆਤਮ-ਚਿੰਤਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਪੁਲਿਸ ਕਰਮਚਾਰੀ ਜਾਂ ਸੁਰੱਖਿਆ ਕਰਮਚਾਰੀ ਨਾਲ ਅਣਉਚਿਤ ਵਿਵਹਾਰ ਹੋਇਆ ਹੈ ਤਾਂ ਉਸ ਲਈ ਖੇਦ ਪ੍ਰਗਟ ਕਰਨ ਵਿੱਚ ਕਿਸੇ ਨੇਤਾ ਦਾ ਕੱਦ ਛੋਟਾ ਨਹੀਂ, ਸਗੋਂ ਵੱਡਾ ਹੁੰਦਾ ਹੈ।
1984 ਦੇ ਦੰਗਿਆਂ ਨਾਲ ਸੰਬੰਧਿਤ ਪੋਸਟਰ 'ਤੇ ਵੀ ਜਤਾਈ ਇਤਰਾਜ਼ :
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਵੱਲੋਂ ਵਿਧਾਨ ਸਭਾ ਦੀ ਮਰਿਆਦਾ ਨੂੰ ਸਿਰਫ਼ ਗੇਟ 'ਤੇ ਹੀ ਨਹੀਂ, ਸਗੋਂ ਸਦਨ ਦੇ ਅੰਦਰ ਵੀ ਤਾਰ-ਤਾਰ ਕਰਨ ਦਾ ਕੰਮ ਕੀਤਾ ਗਿਆ। ਉਨ੍ਹਾਂ 27 ਅਗਸਤ ਨੂੰ ਸਦਨ ਵਿੱਚ ਕਾਂਗਰਸ ਪਾਰਟੀ ਤੋਂ ਚੁਣੇ ਗਏ ਇੱਕ ਸਿੱਖ-ਦਲਿਤ ਵਿਧਾਇਕ ਵੱਲੋਂ ਦਿਖਾਏ ਗਏ ਪੋਸਟਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਵਿੱਚ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਰੋਲ ਮਾਡਲ ਦੱਸਣ ਵਾਲਿਆਂ ਤੋਂ ਮੁਆਫ਼ੀ ਦੀ ਮੰਗ ਕੀਤੀ ਗਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਪੋਸਟਰ ਦਿਖਾਇਆ ਜਾਣਾ ਅਤੇ ਉਸ ਤੋਂ ਬਾਅਦ ਵਿਰੋਧ ਧਿਰ ਦੇ ਨੇਤਾ ਦੇ ਇਸ਼ਾਰੇ 'ਤੇ ਉਸ ਨੂੰ ਉਨ੍ਹਾਂ ਦੇ ਲਾਡਲੇ ਵਿਧਾਇਕ ਵੱਲੋਂ ਖੋਹਿਆ ਜਾਣਾ ਅਤੇ ਅਪਮਾਨਜਨਕ ਢੰਗ ਨਾਲ ਸਦਨ ਵਿੱਚ ਸੁੱਟਣਾ ਬਹੁਤ ਦੁਖਦ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਕਾਨੂੰਨ ਦੇ ਨਾਲ-ਨਾਲ ਇਨਸਾਨੀਅਤ ਵੀ ਤਾਰ-ਤਾਰ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ 1984 ਦੇ ਦੰਗਿਆਂ ਦੌਰਾਨ ਲੋਕਾਂ ਨਾਲ ਕਿਸ ਤਰ੍ਹਾਂ ਦਾ ਅਤਿਆਚਾਰ ਹੋਇਆ ਅਤੇ ਸਿੱਖ ਔਰਤਾਂ ਨਾਲ ਕਿਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਗਿਆ, ਇਹ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਨੇ ਵੀ ਕਿਹਾ ਸੀ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਦਨ ਵਿੱਚ ਵਿਰੋਧ ਧਿਰ ਦੇ ਨੇਤਾ ਵੱਲੋਂ ਉਸੇ ਤਰ੍ਹਾਂ ਦੀ ਸਫ਼ਾਈ ਦਿੰਦੇ ਨਜ਼ਰ ਆਉਣਾ ਬਹੁਤ ਦੁਖਦ ਹੈ।
ਮਾਨਸੂਨ ਸੈਸ਼ਨ ਵਿੱਚ ਤਿੰਨ ਧਿਆਨ ਖਿੱਚੂ ਮਤਿਆਂ 'ਤੇ ਚਰਚਾ
ਮੁੱਖ ਮੰਤਰੀ ਨੇ ਦੱਸਿਆ ਕਿ ਮਾਨਸੂਨ ਸੈਸ਼ਨ ਦੌਰਾਨ ਤਿੰਨ ਧਿਆਨ ਖਿੱਚੂ ਮਤਿਆਂ 'ਤੇ ਚਰਚਾ ਹੋਈ। ਇਨ੍ਹਾਂ ਵਿੱਚ ਕਾਨੂੰਨ-ਵਿਵਸਥਾ, ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ (HKRNL) ਅਤੇ ਯੂਨੀਵਰਸਿਟੀਆਂ ਵਿੱਚ ਕੰਟਰੈਕਚੁਅਲ ਅਧਿਆਪਕਾਂ ਨਾਲ ਸੰਬੰਧਿਤ ਵਿਸ਼ੇ ਸ਼ਾਮਲ ਸਨ।
HKRNL ਨੂੰ ਲੈ ਕੇ ਵਿਰੋਧ ਧਿਰ 'ਤੇ ਤੱਥਾਂ ਨਾਲ ਜਵਾਬ
ਮੁੱਖ ਮੰਤਰੀ ਨੇ HKRNL ਦੇ ਸੰਬੰਧ ਵਿੱਚ ਕਿਹਾ ਕਿ ਵਿਰੋਧ ਧਿਰ ਇਸ ਵਿਸ਼ੇ 'ਤੇ ਇਤਿਹਾਸ ਦੇ ਅਧੂਰੇ ਪੰਨੇ ਦਿਖਾ ਕੇ ਸਿਰਫ਼ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ HKRNL ਦੇ ਮਾਧਿਅਮ ਨਾਲ ਫੈਲੇ ਠੇਕੇਦਾਰੀ ਸੱਭਿਆਚਾਰ, ਵਿਚੋਲੇਪਣ, ਸ਼ੋਸ਼ਣ ਅਤੇ ਪਾਰਦਰਸ਼ਤਾ ਦੀ ਘਾਟ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ ਅਤੇ ਵਿਵਸਥਾ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਕਰਮਚਾਰੀ-ਪੱਖੀ ਬਣਾਇਆ ਹੈ।
ਮੁੱਖ ਮੰਤਰੀ ਨੇ ਅੰਕੜੇ ਰੱਖਦਿਆਂ ਦੱਸਿਆ ਕਿ ਹਰਿਆਣਾ ਦੇ ਗਠਨ ਤੋਂ ਬਾਅਦ ਸਾਲ 1967 ਵਿੱਚ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਦੀ ਕੁੱਲ ਗਿਣਤੀ 97,385 ਸੀ। ਇਨ੍ਹਾਂ ਵਿੱਚ ਕੰਟੀਨਜੈਂਸੀ ਪੇਡ, ਵਰਕਚਾਰਜ ਅਤੇ ਕੰਟਰੈਕਟ ਆਧਾਰ ਵਾਲੇ 11,397 ਕਰਮਚਾਰੀ ਸ਼ਾਮਲ ਸਨ। ਸਾਲ 2014 ਤੱਕ ਇਨ੍ਹਾਂ ਕੰਟਰੈਕਟ ਕਰਮਚਾਰੀਆਂ ਦੀ ਗਿਣਤੀ ਵਧ ਕੇ ਲਗਭਗ 1 ਲੱਖ 10 ਹਜ਼ਾਰ ਹੋ ਗਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 1967 ਤੋਂ 2005 ਤੱਕ 38 ਸਾਲਾਂ ਵਿੱਚ ਕੰਟੀਨਜੈਂਸੀ ਪੇਡ, ਵਰਕਚਾਰਜ ਅਤੇ ਕੰਟਰੈਕਟ ਆਧਾਰ ਵਾਲੀ ਸੰਯੁਕਤ ਸ਼੍ਰੇਣੀ ਵਿੱਚ 27,552 ਦਾ ਵਾਧਾ ਹੋਇਆ, ਜਦੋਂ ਕਿ ਕਾਂਗਰਸ ਦੇ ਸ਼ਾਸਨਕਾਲ ਦੇ 10 ਸਾਲਾਂ ਵਿੱਚ ਲਗਭਗ 71 ਹਜ਼ਾਰ ਦਾ ਵਾਧਾ ਹੋਇਆ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ 10 ਸਾਲਾਂ ਵਿੱਚ ਲਗਭਗ 68 ਹਜ਼ਾਰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਜਦੋਂ ਕਿ ਇਸੇ ਅਰਸੇ ਦੌਰਾਨ 71 ਹਜ਼ਾਰ ਕੰਟਰੈਕਚੁਅਲ ਕਰਮਚਾਰੀ ਭਰਤੀ ਕੀਤੇ ਗਏ। ਇਸ ਦੇ ਉਲਟ ਮੌਜੂਦਾ ਸਰਕਾਰ ਨੇ HKRNL ਦੇ ਮਾਧਿਅਮ ਨਾਲ ਲਗਭਗ 28 ਹਜ਼ਾਰ ਕੰਟਰੈਕਚੁਅਲ ਕਰਮਚਾਰੀਆਂ ਨੂੰ ਰੱਖਿਆ ਹੈ, ਜਦੋਂ ਕਿ ਪਿਛਲੇ ਲਗਭਗ 12 ਸਾਲਾਂ ਵਿੱਚ 1 ਲੱਖ 84 ਹਜ਼ਾਰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਠੇਕਾ ਕਰਮਚਾਰੀਆਂ ਦੇ ਹਿੱਤਾਂ ਲਈ ਬਣਾਈ ਵਿਵਸਥਿਤ ਨੀਤੀ :
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਠੇਕਾ ਕਰਮਚਾਰੀਆਂ ਲਈ ਈ.ਪੀ.ਐੱਫ., ਈ.ਐੱਸ.ਆਈ., ਬਰਾਬਰ ਵੇਤਨ, ਜਣੇਪਾ ਛੁੱਟੀ, ਅਨੁਕੰਪਾ ਤਾਇਨਾਤੀ ਅਤੇ ਤਬਾਦਲੇ ਦੀ ਵਿਵਸਥਿਤ ਨੀਤੀ ਬਣਾਈ ਹੈ। ਉਨ੍ਹਾਂ ਦੱਸਿਆ ਕਿ HKRNL ਤਹਿਤ ਇੱਕ ਕੈਲੰਡਰ ਸਾਲ ਵਿੱਚ 10 ਮੈਡੀਕਲ ਛੁੱਟੀਆਂ ਅਤੇ 10 ਆਮ ਛੁੱਟੀਆਂ ਦਾ ਪ੍ਰਬੰਧ ਹੈ। ਮਹਿਲਾ ਕਰਮਚਾਰੀਆਂ ਨੂੰ 22 ਦਿਨਾਂ ਦੀਆਂ ਆਮ ਛੁੱਟੀਆਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪਰਬ 'ਤੇ ਸਰਕਾਰ ਦਾ ਸੰਕਲਪ :
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਮਾਨਸੂਨ ਸੈਸ਼ਨ ਵਿੱਚ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪਰਬ ਨੂੰ ਸਮਰਪਿਤ ਦੇਸ਼ ਵਿਆਪੀ ‘ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਅਭਿਆਨ’ 'ਤੇ ਸਰਕਾਰੀ ਪ੍ਰਸਤਾਵ ਪਾਸ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਸਾਲ ਵਿੱਚ ਡੇਰਾ ਸੱਚਖੰਡ ਬੱਲਾਂ, ਜਲੰਧਰ ਤੋਂ ਵਾਰਾਣਸੀ ਤੱਕ ਜਾਣ ਵਾਲੀ ਸਮਰਸਤਾ ਯਾਤਰਾ ਆਉਂਦੀ 5 ਅਕਤੂਬਰ ਨੂੰ ਹਰਿਆਣਾ ਪਹੁੰਚੇਗੀ। ਯਾਤਰਾ ਦੇ ਸਵਾਗਤ ਲਈ ਇਸ ਦੇ ਰਸਤੇ ਵਿੱਚ ਪੂਰੇ ਪ੍ਰਦੇਸ਼ ਵਿੱਚ ਪ੍ਰਵੇਸ਼ ਦੁਆਰ ਅਤੇ ਸਵਾਗਤ ਸਥਲ ਤਿਆਰ ਕੀਤੇ ਜਾਣਗੇ ਅਤੇ ਜਨ ਸਭਾਵਾਂ ਦਾ ਆਯੋਜਨ ਵੀ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਮੀਡੀਆ ਪ੍ਰਤੀਨਿਧੀਆਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇਸ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਕਰਨ ਅਤੇ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ।
ਦਿਵੰਗਤਾਂ ਨੂੰ ਸ਼ਰਧਾਂਜਲੀ ਅਤੇ ਵਿਧਾਨਕ ਕਾਰਜ :
ਮੁੱਖ ਮੰਤਰੀ ਨੇ ਦੱਸਿਆ ਕਿ ਸੈਸ਼ਨ ਦੇ ਪਹਿਲੇ ਦਿਨ ਸੰਯੁਕਤ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਚੌਧਰੀ ਸਹੀ ਰਾਮ ਬਿਸ਼ਨੋਈ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਮੈਂਬਰ ਸ੍ਰੀ ਰਾਜਪਾਲ ਭੁਖੜੀ, ਹਰਿਆਣਾ ਦੇ ਸ਼ਹੀਦਾਂ ਅਤੇ ਰੋਹਤਕ ਡੀ-ਪਾਰਕ ਬਾਜ਼ਾਰ, ਝੱਜਰਜ਼ਿਲ੍ਹੇ ਦੇ ਮੁਨੀਪੁਰ ਪਿੰਡ ਦੇ ਖੂਹ ਵਿੱਚ ਜ਼ਹਿਰੀਲੀ ਗੈਸ ਕਾਰਨ ਹੋਈ ਦੁਖਦ ਦੁਰਘਟਨਾ ਅਤੇ ਵੱਖ-ਵੱਖ ਕੁਦਰਤੀ ਆਫ਼ਤਾਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਸਦਨ ਦੇ ਪਟਲ 'ਤੇ ਰੱਖੇ ਗਏ 15 ਬਿੱਲਾਂ 'ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵਿਧਾਇਕਾਂ ਨੇ ਸਾਰਥਕ ਚਰਚਾ ਕੀਤੀ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਵਿਚਾਰ-ਮੰਥਨ ਅਤੇ ਫ਼ੈਸਲਾ ਬਹੁਤ ਰਚਨਾਤਮਕ ਅਤੇ ਉਪਯੋਗੀ ਰਿਹਾ।
ਸਾਰੇ ਵਿਧਾਇਕਾਂ ਅਤੇ ਵਿਧਾਨ ਸਭਾ ਸਪੀਕਰ ਦਾ ਧੰਨਵਾਦ :
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਸਪੀਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੈਸ਼ਨ ਦੌਰਾਨ ਸਾਰੇ ਮੈਂਬਰਾਂ ਨੂੰ ਖੁੱਲ੍ਹ ਕੇ ਚਰਚਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਸਾਰੇ ਵਿਧਾਇਕਾਂ ਦਾ ਵੀ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਸਾਰਥਕ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਮਾਨਸੂਨ ਸੈਸ਼ਨ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸੂਚਨਾ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮਕਰੰਦ ਪਾਂਡੁਰੰਗ, ਵਿਭਾਗ ਦੇ ਡਾਇਰੈਕਟਰ ਡਾ. ਆਦਿਤਿਆ ਦਹੀਆ, ਵਧੀਕ ਡਾਇਰੈਕਟਰ ਮਨੀਸ਼ ਲੋਹਾਨ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅੱਤਰੀ ਸਮੇਤ ਹੋਰ ਪਤਵੰਤੇ ਮੌਜੂਦ ਸਨ।
*****