CM Press Release
azadi ka amrit mahotsav

ਘੱਟ ਪੜ੍ਹੇ-ਲਿਖੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਬਣਾਈ ਜਾਵੇ ਬਿਹਤਰ ਕਾਰਜ ਯੋਜਨਾ - ਮੁੱਖ ਮੰਤਰੀ

ਜੇਲ੍ਹਾਂ ਵਿੱਚ ਵੀ ਚਲਾਏ ਜਾ ਰਹੇ ਹਨ ਸਿੱਖਿਆ ਅਤੇ ਹੁਨਰ ਵਿਕਾਸ ਪ੍ਰੋਗਰਾਮ

Posted On: 02 Sep 2026 6:47PM

ਟੈਲੀ ਈ.ਸੀ.ਜੀ. ਸੇਵਾਵਾਂ ਦੇਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ

ਲਾਡੋ ਲਕਸ਼ਮੀ ਯੋਜਨਾ ਦੇ ਲਾਭ ਤੋਂ ਕੋਈ ਵੀ ਯੋਗ ਮਹਿਲਾ ਵਾਂਝੀ ਨਾ ਰਹੇ

ਚੰਡੀਗੜ੍ਹ, 2 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਘੱਟ ਪੜ੍ਹੇ-ਲਿਖੇ ਨੌਜਵਾਨਾਂ ਦੇ ਪਿਛੋਕੜ ਵਿੱਚ ਜਾ ਕੇ ਸਰਵੇਖਣ ਰਿਪੋਰਟ ਤਿਆਰ ਕਰਵਾਈ ਜਾਵੇ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਿਹਤਰ ਕਾਰਜ ਯੋਜਨਾ ਅਮਲ ਵਿੱਚ ਲਿਆਂਦੀ ਜਾਵੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਗੁੱਡ ਪ੍ਰੈਕਟਿਸਿਜ਼ ਆਫ਼ ਵੇਰੀਅਸ ਡਿਪਾਰਟਮੈਂਟਸ ਵੱਲੋਂ ਪ੍ਰਸਤੁਤੀ ਨੂੰ ਲੈ ਕੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਡਾ. ਸੁਮਿਤਾ ਮਿਸ਼ਰਾ, ਜੀ. ਅਨੁਪਮਾ, ਏ.ਕੇ. ਸਿੰਘ, ਵਿਜੇਂਦਰ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਜੇਲ੍ਹਾਂ ਵਿੱਚ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਰਾਜ ਦੀਆਂ 5 ਜੇਲ੍ਹਾਂ ਵਿੱਚ ਆਈ.ਟੀ.ਆਈ. ਚਲਾਈਆਂ ਜਾ ਰਹੀਆਂ ਹਨ ਤਾਂ ਜੋ ਜੇਲ੍ਹਾਂ ਤੋਂ ਕੈਦੀ ਬਾਹਰ ਆ ਕੇ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਇਨ੍ਹਾਂ ਵਿੱਚ 8 ਵੱਖ-ਵੱਖ ਟਰੇਡਾਂ ਵਿੱਚ ਇੱਕ ਸਾਲ ਦੀ ਸਿਖਲਾਈ ਦਿੱਤੀ ਗਈ ਜਿਸ ਵਿੱਚ 123 ਨੌਜਵਾਨਾਂ ਨੇ ਆਈ.ਟੀ.ਆਈ. ਪਾਸ ਕਰ ਲਈ ਹੈ। ਇਸ ਤੋਂ ਇਲਾਵਾ 20 ਜੇਲ੍ਹਾਂ ਵਿੱਚ ਤਿੰਨ ਮਹੀਨੇ ਤੱਕ ਦਾ ਸ਼ਾਰਟ ਟਰਮ ਵੋਕੇਸ਼ਨਲ ਕੋਰਸ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 1,604 ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕੀਤੀ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਜੇਲ੍ਹਾਂ ਵਿੱਚ ਉੱਲਾਸ ਯੋਜਨਾ ਤਹਿਤ ਵੀ 3,321 ਨੌਜਵਾਨਾਂ ਨੂੰ ਉੱਚ ਪੱਧਰ ਦੀ ਸਿੱਖਿਆ ਲਈ ਰਜਿਸਟਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਦਿਅਕ ਪ੍ਰੋਗਰਾਮ ਤਹਿਤ ਇਗਨੂ ਅਤੇ ਐਨ.ਆਈ.ਓ.ਐਸ. ਤੋਂ ਸਿੱਖਿਆ ਮੁਹੱਈਆ ਕਰਵਾਉਣ ਲਈ ਦਾਖ਼ਲੇ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਕੈਦੀਆਂ ਦੀ ਆਬਾਦੀ ਦੇ ਵਿਦਿਅਕ ਪ੍ਰੋਫਾਈਲ ਅਨੁਸਾਰ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 3,346 ਅਨਪੜ੍ਹ ਨੌਜਵਾਨ ਹਨ। ਇਸ ਲਈ ਉਨ੍ਹਾਂ ਨੌਜਵਾਨਾਂ ਦਾ ਵਿਸਤਾਰ ਨਾਲ ਸਰਵੇਖਣ ਕੀਤਾ ਜਾਵੇ ਅਤੇ ਇਹ ਜਾਣਕਾਰੀ ਇਕੱਠੀ ਕੀਤੀ ਜਾਵੇ ਕਿ ਉਹ ਕਿਹੜੇ ਕਾਰਨਾਂ ਕਰਕੇ ਘੱਟ ਪੜ੍ਹੇ-ਲਿਖੇ ਰਹੇ ਹਨ।

ਹਰ ਰੁੱਖ ਦੀ ਜਿਓ-ਟੈਗਿੰਗ ਯਕੀਨੀ ਬਣਾਈ ਜਾਵੇ

ਵਨ ਵਿਭਾਗ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ 1 ਕਰੋੜ 40 ਲੱਖ ਪੌਦੇ ਲਗਾਉਣ ਦੇ ਟੀਚੇ ਤਹਿਤ 70 ਲੱਖ ਪੌਦੇ ਲਗਾਏ ਜਾ ਚੁੱਕੇ ਹਨ। ਇਸ ਵਿੱਚ ਗ੍ਰੀਨ ਕਵਰ ਮਿਆਵਾਕੀ ਯੋਜਨਾ ਦੇ 19 ਖੇਤਰਾਂ ਵਿੱਚ ਇੱਕ ਏਕੜ ਤੋਂ ਵੱਧ ਭੂਮੀ 'ਤੇ ਪੌਦੇ ਲਗਾਏ ਗਏ ਹਨ। ਸ਼ਹਿਰਾਂ ਵਿੱਚ ਇੱਕ ਲੱਖ ਪੌਦੇ ਲਗਾ ਕੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਦੇ ਸੁਰੱਖਿਆ ਗਾਰਡ ਲਗਾਏ ਗਏ ਹਨ ਅਤੇ ਹਰ ਰੁੱਖ ਦੀ ਜਿਓ-ਟੈਗਿੰਗ ਯਕੀਨੀ ਬਣਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 200 ਤੋਂ ਵੱਧ ਨਰਸਰੀਆਂ ਵਿੱਚ 1,392 ਕਿਸਮ ਦੇ ਪੌਦੇ ਤਿਆਰ ਕੀਤੇ ਜਾ ਰਹੇ ਹਨ ਅਤੇ ਪੌਦੇ ਲਗਾ ਕੇ ਉਨ੍ਹਾਂ ਦੀ ਤਿੰਨ ਸਾਲ ਤੱਕ ਸੰਭਾਲ ਕਰਨ ਦੀ ਜ਼ਿੰਮੇਵਾਰੀ ਯਕੀਨੀ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਭਰਨ ਵਾਲੇ ਖੇਤਰਾਂ ਵਿੱਚ ਸਫੇਦੇ ਦੇ ਪੌਦੇ ਲਗਾਏ ਜਾਣ ਅਤੇ ਪਿਛਲੇ ਸਾਲ ਲਗਾਏ ਗਏ ਪੌਦਿਆਂ ਵਿੱਚੋਂ ਕਿੰਨੇ ਜਿਉਂਦੇ ਰਹੇ, ਇਸ ਦੀ ਰਿਪੇਰੋਟ ਵੀ ਤਿਆਰ ਕਰਕੇ ਪੇਸ਼ ਕੀਤੀ ਜਾਵੇ।

2,157 ਗ੍ਰਾਮ ਪੰਚਾਇਤਾਂ ਟੀ.ਬੀ. ਮੁਕਤ ਘੋਸ਼ਿਤ

ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਟੈਲੀ ਈ.ਸੀ.ਜੀ. ਸੇਵਾ ਦੇਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿਸ ਦੇ ਸਾਰੇ 600 ਸਿਹਤ ਅਦਾਰਿਆਂ ਵਿੱਚ ਟੈਲੀ ਈ.ਸੀ.ਜੀ. ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਰਾਹੀਂ 1,086 ਮਰੀਜ਼ਾਂ ਦੀ ਗੰਭੀਰ ਬਿਮਾਰੀ ਦਾ ਸਮੇਂ ਸਿਰ ਪਤਾ ਲੱਗਿਆ ਅਤੇ ਉਨ੍ਹਾਂ ਨੂੰ ਸਿਹਤ ਲਾਭ ਦਿੱਤਾ ਗਿਆ।

ਸਿਹਤ ਵਿਭਾਗ ਵੱਲੋਂ ਨੈਸ਼ਨਲ ਟੀ.ਬੀ. ਪ੍ਰੋਗਰਾਮ ਤਹਿਤ 2,157 ਗ੍ਰਾਮ ਪੰਚਾਇਤਾਂ ਨੂੰ ਟੀ.ਬੀ. ਮੁਕਤ ਘੋਸ਼ਿਤ ਕੀਤਾ ਜਾ ਚੁੱਕਾ ਹੈ। ਨਿਸ਼ਯ ਮਿੱਤਰਾਂ ਰਾਹੀਂ ਟੀ.ਬੀ. ਮਰੀਜ਼ਾਂ ਨੂੰ ਦਵਾਈਆਂ ਅਤੇ 1,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੇਅ ਕੇਅਰ ਸੈਂਟਰ ਵਿੱਚ ਕੈਂਸਰ ਮਰੀਜ਼ਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਕੁਆਲਿਟੀ ਅਸ਼ੋਰੈਂਸ ਅਤੇ ਕਾਇਆਕਲਪ ਪ੍ਰੋਗਰਾਮ ਤਹਿਤ 22 ਜ਼ਿਲ੍ਹਿਆਂ ਵਿੱਚੋਂ 16 ਜ਼ਿਲ੍ਹਾ ਹਸਪਤਾਲਾਂ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ ਹੀ ਨਵੀਨੀਕਰਨ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਹਸਪਤਾਲਾਂ ਦਾ ਕੰਮ ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਸਵਸਥ ਨਾਰੀ ਸਸ਼ਕਤ ਪਰਿਵਾਰ ਤਹਿਤ ਜ਼ਿਲ੍ਹਾ ਅਤੇ ਉਪ-ਮੰਡਲ ਹਸਪਤਾਲਾਂ ਵਿੱਚ ਬੀ.ਪੀ., ਸ਼ੂਗਰ, ਕੈਂਸਰ, ਐਨ.ਸੀ., ਪੀ.ਐਨ.ਸੀ., ਟੀਕਾਕਰਨ, ਪੋਸ਼ਣ, ਮਾਨਸਿਕ ਸਿਹਤ ਅਤੇ ਬਾਲਗਾਂ ਦੀ ਕੌਂਸਲਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਚਾਲੂ ਸਾਲ ਦੌਰਾਨ 220247 ਔਰਤਾਂ ਨੇ ਲਾਭ ਲਿਆ ਹੈ।

ਸੇਵਾ ਵਿਭਾਗ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਹਰ ਯੋਗ ਮਹਿਲਾ ਨੂੰ ਯਕੀਨੀ ਬਣਾਇਆ ਜਾਵੇ। ਕੋਈ ਵੀ ਯੋਗ ਮਹਿਲਾ ਲਾਭ ਲੈਣ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ। ਦਿਵਿਆਂਗ, ਵਿਧਵਾ, ਬੁਢਾਪਾ ਅਤੇ ਵਿਧੁਰ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਅਤੇ ਵਿੱਤੀ ਸਹਾਇਤਾ ਪ੍ਰੋ-ਐਕਟਿਵ ਮੋਡ ਰਾਹੀਂ ਦਿੱਤੀ ਜਾ ਰਹੀ ਹੈ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਉਪ-ਪ੍ਰਧਾਨ ਸਕੱਤਰ ਅਜੇ ਕੁਮਾਰ, ਕਮਿਸ਼ਨਰ ਅਤੇ ਸਕੱਤਰ ਜੇ. ਗਣੇਸ਼ਣ, ਸਕੱਤਰ ਗ੍ਰਹਿ ਵਿਭਾਗ ਆਮਨਾ ਤਸਨੀਮ ਸਮੇਤ ਸੇਵਾ, ਸਿਹਤ, ਗ੍ਰਹਿ ਅਤੇ ਵਨ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

ਸਲਸਵਿਹ/2026




 

*****

 


(Release ID: 4972)