ਚੰਡੀਗੜ੍ਹ, 9 ਸਤੰਬਰ—ਹਰਿਆਣਾ ਵਿੱਚ ਖੇਡਾਂ ਨੂੰ ਵਧੇਰੇ ਸੰਗਠਿਤ ਅਤੇ ਨਤੀਜਾਮੁਖੀ ਬਣਾਉਣ ਦੀ ਦਿਸ਼ਾ ਵਿੱਚ ਰਾਜ ਸਰਕਾਰ ਨੇ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਪ੍ਰਦੇਸ਼ ਦੇ ਪੂਰੇ ਖੇਡ ਤੰਤਰ ਨੂੰ ਏਕੀਕ੍ਰਿਤ ਡਿਜੀਟਲ ਮੰਚ ਨਾਲ ਜੋੜਨ ਲਈ ਰਾਜ ਖੇਡ ਪੋਰਟਲ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਬੇ ਭਰ ਦੇ ਖੇਡ ਬੁਨਿਆਦੀ ਢਾਂਚੇ ਦੀ ਵਿਆਪਕ ਮੈਪਿੰਗ, ਸਾਂਝਾ ਰਾਜ ਖੇਡ ਕੈਲੰਡਰ ਅਤੇ ਜ਼ਮੀਨੀ ਪੱਧਰ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਤਿਭਾਵਾਂ ਨੂੰ ਤਿਆਰ ਕਰਨ ਲਈ ਟੈਲੈਂਟ-ਪਾਥਵੇਅ ਫ੍ਰੇਮਵਰਕ ਵਿਕਸਿਤ ਕੀਤਾ ਜਾਵੇਗਾ।
ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਰਾਜ ਖੇਡ ਪ੍ਰਸ਼ਾਸਨਿਕ ਕਮੇਟੀ ਦੀ ਪਹਿਲੀ ਬੈਠਕ ਵਿੱਚ ਇਹ ਫ਼ੈਸਲੇ ਲਏ ਗਏ।
ਮੀਟਿੰਗ ਵਿੱਚ ਮੌਜੂਦਾ ਖੇਡ ਸਹੂਲਤਾਂ ਦੀ ਵੱਧ ਤੋਂ ਵੱਧ ਵਰਤੋਂ ‘ਤੇ ਵੀ ਖਾਸ ਜ਼ੋਰ ਦਿੱਤਾ ਗਿਆ। ਸਕੂਲ-ਕਾਲਜਾਂ, ਪੰਚਾਇਤਾਂ ਅਤੇ ਸ਼ਹਿਰੀ ਸੰਸਥਾਵਾਂ ਵਿੱਚ ਉਪਲਬਧ ਖੇਡ ਸਹੂਲਤਾਂ ਨੂੰ ਸਾਂਝੀ ਵਰਤੋਂ ਵਿਵਸਥਾ ਤਹਿਤ ਲਿਆ ਕੇ ਸੰਸਥਾਗਤ ਸਮੇਂ ਤੋਂ ਬਾਅਦ ਮਾਨਤਾ ਪ੍ਰਾਪਤ ਖਿਡਾਰੀਆਂ ਅਤੇ ਖੇਡ ਕਲੱਬਾਂ ਨੂੰ ਇਨ੍ਹਾਂ ਦੀ ਵਰਤੋਂ ਦਾ ਮੌਕਾ ਦਿੱਤਾ ਜਾਵੇਗਾ।
ਖੇਡ ਵਿਭਾਗ ਦੀ ਪ੍ਰਧਾਨ ਸਕੱਤਰ ਸ਼੍ਰੀਮਤੀ ਅਮਨੀਤ ਪੀ. ਕੁਮਾਰ ਨੇ ਦੱਸਿਆ ਕਿ ਪ੍ਰਸਤਾਵਿਤ ਰਾਜ ਖੇਡ ਪੋਰਟਲ ਪ੍ਰਦੇਸ਼ ਦੇ ਖੇਡ ਤੰਤਰ ਦਾ ਏਕੀਕ੍ਰਿਤ ਡਿਜੀਟਲ ਮੰਚ ਹੋਵੇਗਾ। ਇਸ ‘ਤੇ ਖੇਡ ਸਹੂਲਤਾਂ ਅਤੇ ਜਾਇਦਾਦਾਂ, ਮੁਕਾਬਲਿਆਂ ਅਤੇ ਸਿਖਲਾਈ ਕੈਂਪਾਂ, ਸਿਖਲਾਈ ਦੇਣ ਵਾਲਿਆਂ (ਕੋਚਾਂ), ਖੇਡ ਉਪਕਰਨਾਂ, ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨਾਲ ਜੁੜੀ ਜਾਣਕਾਰੀ ਇੱਕ ਹੀ ਥਾਂ ‘ਤੇ ਉਪਲਬਧ ਹੋਵੇਗੀ। ਖੇਡ ਬੁਨਿਆਦੀ ਢਾਂਚੇ ਨਾਲ ਜੁੜੇ ਸਾਰੇ ਵਿਭਾਗ, ਬੋਰਡ ਅਤੇ ਨਿਗਮ ਨੋਡਲ ਅਧਿਕਾਰੀ ਨਾਮਜ਼ਦ ਕਰਨਗੇ, ਜੋ ਪੋਰਟਲ ‘ਤੇ ਸੂਚਨਾ ਨੂੰ ਨਿਯਮਤ ਤੌਰ ‘ਤੇ ਅੱਪਡੇਟ ਰੱਖਣਗੇ।
ਸੂਬੇ ਭਰ ਵਿੱਚ ਖੇਡ ਵਿਭਾਗ, ਸਿੱਖਿਆ ਵਿਭਾਗ, ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਯੂਨੀਵਰਸਿਟੀਆਂ ਅਤੇ ਹੋਰ ਏਜੰਸੀਆਂ ਦੇ ਅਧੀਨ ਉਪਲਬਧ ਖੇਡ ਸਹੂਲਤਾਂ ਦੀ ਵਿਆਪਕ ਮੈਪਿੰਗ ਕਰਕੇ ਇੱਕ ਬੁਨਿਆਦੀ ਡਾਟਾਬੇਸ ਤਿਆਰ ਕੀਤਾ ਜਾਵੇਗਾ। ਇਸ ਨਾਲ ਖੇਡ ਸਹੂਲਤਾਂ ਵਿੱਚ ਮੌਜੂਦ ਕਮੀਆਂ ਦੀ ਪਛਾਣ ਕਰਨ, ਸਰੋਤਾਂ ਦੀ ਬਿਹਤਰ ਵਰਤੋਂ ਕਰਨ ਅਤੇ ਭਵਿੱਖ ਦੇ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਧੇਰੇ ਵਿਗਿਆਨਕ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।
ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਆਯੋਜਿਤ ਮੁਕਾਬਲਿਆਂ, ਟੂਰਨਾਮੈਂਟਾਂ, ਸਿਖਲਾਈ ਕੈਂਪਾਂ ਅਤੇ ਹੋਰ ਖੇਡ ਗਤੀਵਿਧੀਆਂ ਨੂੰ ਸ਼ਾਮਲ ਕਰਦਿਆਂ ਸੰਮਿਲਿਤ ਰਾਜ ਖੇਡ ਕੈਲੰਡਰ ਤਿਆਰ ਕੀਤਾ ਜਾਵੇਗਾ। ਇਸ ਨਾਲ ਮੁਕਾਬਲਿਆਂ ਦੀਆਂ ਤਾਰੀਖਾਂ ਵਿੱਚ ਬੇਲੋੜੇ ਟਕਰਾਅ ਤੋਂ ਬਚਣ, ਖੇਡ ਸਹੂਲਤਾਂ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਅਤੇ ਖਿਡਾਰੀਆਂ ਦੀ ਵੱਧ ਭਾਗੀਦਾਰੀ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਖੇਡ ਪ੍ਰਤਿਭਾਵਾਂ ਦੀ ਪਛਾਣ ਅਤੇ ਉਨ੍ਹਾਂ ਦੇ ਵਿਵਸਥਿਤ ਵਿਕਾਸ ਲਈ ਟੈਲੈਂਟ-ਪਾਥਵੇਅ ਫ੍ਰੇਮਵਰਕ ਤਿਆਰ ਕੀਤਾ ਜਾਵੇਗਾ। ਸਕੂਲ ਅਤੇ ਪੰਚਾਇਤ ਪੱਧਰ ‘ਤੇ ਮੁਕਾਬਲਿਆਂ ਅਤੇ ਪ੍ਰਤਿਭਾ ਪਛਾਣ ਨਾਲ ਇਸ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਕੇਂਦਰਾਂ ਰਾਹੀਂ ਅੱਗੇ ਵਧਾਉਂਦੇ ਹੋਏ ਲੋੜੀਂਦੀ ਸਿਖਲਾਈ ਅਤੇ ਸਹਿਯੋਗ ਉਪਲਬਧ ਕਰਵਾਇਆ ਜਾਵੇਗਾ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਲਈ ਤਿਆਰ ਹੋ ਸਕਣ।
ਖੇਡ ਵਿਭਾਗ ਦੇ ਡਾਇਰੈਕਟਰ ਸ਼੍ਰੀ ਪਾਰਥ ਗੁਪਤਾ ਨੇ ਦੱਸਿਆ ਕਿ ਖਿਡਾਰੀਆਂ ਨੂੰ ਉਪਲਬਧ ਕਰਵਾਏ ਜਾ ਰਹੇ ਸਿਖਲਾਈ, ਵਜ਼ੀਫ਼ੇ, ਪੁਰਸਕਾਰ, ਖੇਡ ਉਪਕਰਨ, ਖੁਰਾਕ ਅਤੇ ਆਵਾਜਾਈ ਤੇ ਹੋਰ ਸਹਾਇਤਾ ਦੀ ਵਧੇਰੇ ਤਾਲਮੇਲ ਵਾਲੀ ਨਿਗਰਾਨੀ ਰਾਜ ਖੇਡ ਪੋਰਟਲ ਰਾਹੀਂ ਕੀਤੀ ਜਾ ਸਕੇਗੀ। ਨਾਲ ਹੀ, ਖੇਡ ਬੁਨਿਆਦੀ ਢਾਂਚੇ ਵਿੱਚ ਸੁਰੱਖਿਆ ਅਤੇ ਮਿਆਰਾਂ ਦੀ ਪਾਲਣਾ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਖੇਡ ਦੇ ਮੈਦਾਨਾਂ, ਸਟੇਡੀਐਮਾਂ, ਸਵਿਮਿੰਗ ਪੂਲ, ਜਿੰਨੇਜ਼ੀਅਮ, ਫਲੱਡ-ਲਾਇਟਿੰਗ ਵਿਵਸਥਾ, ਦਰਸ਼ਕ ਦੀਰਘਾਵਾਂ ਅਤੇ ਖੇਡ ਉਪਕਰਨਾਂ ਦੀ ਸੁਰੱਖਿਆ ਜਾਂਚ ਘੱਟੋ-ਘੱਟ ਹਰ ਛੇ ਮਹੀਨੇ ਵਿੱਚ ਯਕੀਨੀ ਬਣਾਈ ਜਾਵੇਗੀ ਅਤੇ ਇਸ ਦੀ ਨਿਗਰਾਨੀ ਪੋਰਟਲ ਨਾਲ ਜੋੜੀ ਜਾਵੇਗੀ।
ਰਾਜ ਸਰਕਾਰ ਖੇਡਾਂ ਨੂੰ ਵਧੇਰੇ ਸਮਾਵੇਸ਼ੀ ਅਤੇ ਵਿਆਪਕ ਬਣਾਉਣ ‘ਤੇ ਵੀ ਖਾਸ ਧਿਆਨ ਦੇਵੇਗੀ। ਮਹਿਲਾ ਖਿਡਾਰੀਆਂ ਲਈ ਸੁਰੱਖਿਅਤ ਖੇਡ ਸਹੂਲਤਾਂ, ਮਹਿਲਾ ਸਿਖਲਾਈ ਦੇਣ ਵਾਲਿਆਂ ਦੀ ਉਪਲਬਧਤਾ ਅਤੇ ਬਿਹਤਰ ਰਿਹਾਇਸ਼ੀ ਅਤੇ ਆਵਾਜਾਈ ਸਹਾਇਤਾ ਨੂੰ ਮਜ਼ਬੂਤ ਕੀਤਾ ਜਾਵੇਗਾ। ਪੇਂਡੂ ਨੌਜਵਾਨਾਂ ਲਈ ਪੰਚਾਇਤ ਪੱਧਰ ਦੇ ਖੇਡ ਮੈਦਾਨਾਂ ਅਤੇ ਪੇਂਡੂ ਖੇਡ ਗਤੀਵਿਧੀਆਂ ਦੀ ਵੱਧ ਵਰਤੋਂ ਨੂੰ ਹੁਣ ਦੇ ਦਿੱਤਾ ਜਾਵੇਗਾ। ਦਿਵਿਆਂਗ ਖਿਡਾਰੀਆਂ ਲਈ ਪ੍ਰਮੁੱਖ ਖੇਡ ਸਹੂਲਤਾਂ ਦੀ ਪਹੁੰਚਯੋਗਤਾ ਦੀ ਸਮੀਖਿਆ ਕਰਕੇ ਰੁਕਾਵਟ-ਮੁਕਤ ਬੁਨਿਆਦੀ ਢਾਂਚੇ ਅਤੇ ਅਨੁਕੂਲਿਤ ਖੇਡ ਉਪਕਰਨਾਂ ‘ਤੇ ਜ਼ੋਰ ਦਿੱਤਾ ਜਾਵੇਗਾ। ਜ਼ਿਲ੍ਹਾ ਪੱਧਰ ‘ਤੇ ਖੇਡ ਸਹੂਲਤਾਂ, ਸਿਖਲਾਈ ਦੇਣ ਵਾਲਿਆਂ ਦੀ ਉਪਲਬਧਤਾ ਅਤੇ ਖਿਡਾਰੀਆਂ ਦੀ ਭਾਗੀਦਾਰੀ ਦਾ ਮੁਲਾਂਕਣ ਕਰਕੇ ਮੁਕਾਬਲਤਨ ਘੱਟ ਸਹੂਲਤਾਂ ਵਾਲੇ ਜ਼ਿਲ੍ਹਿਆਂ ਅਤੇ ਬਲਾਕਾਂ ਦੀ ਪਛਾਣ ਕੀਤੀ ਜਾਵੇਗੀ।
ਖੇਡ ਪ੍ਰਸ਼ਾਸਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਦੋ-ਪੱਧਰੀ ਵਿਵਸਥਾ ਲਾਗੂ ਕੀਤੀ ਜਾਵੇਗੀ। ਮੁੱਖ ਸਕੱਤਰ ਦੀ ਪ੍ਰਧਾਨਗੀ ਵਾਲੀ ਰਾਜ ਖੇਡ ਪ੍ਰਸ਼ਾਸਨਿਕ ਕਮੇਟੀ ਸਮੁੱਚੀ ਨੀਤੀਗਤ ਦਿਸ਼ਾ ਅਤੇ ਰਣਨੀਤਕ ਨਿਗਰਾਨੀ ਪ੍ਰਦਾਨ ਕਰੇਗੀ, ਜਦੋਂ ਕਿ ਰਾਜ ਖੇਡ ਕਾਰਜਕਾਰੀ ਕਮੇਟੀ ਪ੍ਰਸ਼ਾਸਨਿਕ ਕਮੇਟੀ ਦੇ ਫ਼ੈਸਲਿਆਂ ਦੇ ਲਾਗੂਕਰਨ, ਵਿਭਾਗਾਂ ਵਿਚਕਾਰ ਤਾਲਮੇਲ ਅਤੇ ਪ੍ਰਭਾਵਸ਼ਾਲੀ ਅਮਲ ਦਾ ਕੰਮ ਕਰੇਗੀ।
ਮੀਟਿੰਗ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਜੇਂਦਰ ਕੁਮਾਰ, ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ਼੍ਰੀ ਵਿਜੇ ਸਿੰਘ ਦਹੀਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ਼੍ਰੀ ਸ਼ੇਖਰ ਵਿਦਿਆਰਥੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਸਲਸਵਿਹ/2026
*****