Cooperation
azadi ka amrit mahotsav

ਸਹਿਕਾਰਤਾ ਨੂੰ ਤਕਨਾਲੋਜੀ ਅਤੇ ਪਾਰਦਰਸ਼ਤਾ ਨਾਲ ਬਣਾਵਾਂਗੇ ਖੁਸ਼ਹਾਲੀ ਦਾ ਮਜ਼ਬੂਤ ਆਧਾਰ - ਡਾ. ਅਰਵਿੰਦ ਸ਼ਰਮਾ

ਪੋਸਟਲ ਐਂਡ ਆਰ.ਐਮ.ਐਸ. ਅੰਪਲਾਇਜ਼ ਕੋਆਪ੍ਰੇਟਿਵ ਬੈਂਕ ਦੇ ਪ੍ਰੋਗਰਾਮ ਵਿੱਚ ਪਹੁੰਚੇ ਕੈਬਨਿਟ ਮੰਤਰੀ, ਲਗਭਗ ਸੌ ਸਾਲ ਦੀ ਸਹਿਕਾਰੀ ਵਿਰਾਸਤ ਦੀ ਕੀਤੀ ਸ਼ਲਾਘਾ

‘ਮੈਂ ਨਹੀਂ, ਅਸੀਂ’ ਦੀ ਭਾਵਨਾ ਹੀ ਸਹਿਕਾਰਤਾ ਦੀ ਅਸਲੀ ਤਾਕਤ, ਕਰਮਚਾਰੀ ਤੋਂ ਕਿਸਾਨ ਅਤੇ ਪਸ਼ੂ ਪਾਲਕ ਤੱਕ ਬਣਨ ਸਮਰੱਥ - ਸਹਿਕਾਰਤਾ ਮੰਤਰੀ

710 ਪੈਕਸ ਦੇ ਕੰਪਿਊਟਰੀਕਰਨ ਨਾਲ ਪਿੰਡਾਂ ਵਿੱਚ ਮਜ਼ਬੂਤ ਹੋ ਰਿਹਾ ਸਹਿਕਾਰੀ ਤੰਤਰ, ‘ਸਹਿਕਾਰ ਤੋਂ ਖੁਸ਼ਹਾਲੀ’ ਦੇ ਸੰਕਲਪ ਨੂੰ ਅੱਗੇ ਵਧਾ ਰਿਹਾ ਹਰਿਆਣਾ

Posted On: 13 Sep 2026 6:24PM

ਚੰਡੀਗੜ੍ਹ, 13 ਸਤੰਬਰ - ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸਹਿਕਾਰਤਾ ਦਾ ਮੂਲ ਮੰਤਰ ਮੈਂ ਨਹੀਂ, ਅਸੀਂਹੈ। ਸਹਿਕਾਰੀ ਸੰਸਥਾਵਾਂ ਨੂੰ ਤਕਨਾਲੋਜੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਆਧੁਨਿਕ ਪ੍ਰਬੰਧਨ ਨਾਲ ਜੋੜ ਕੇ ਕਿਸਾਨ, ਕਰਮਚਾਰੀ, ਔਰਤਾਂ ਅਤੇ ਨੌਜਵਾਨਾਂ ਦੀ ਆਰਥਿਕ ਮਜ਼ਬੂਤੀ ਦਾ ਵੱਡਾ ਆਧਾਰ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਸਹਿਕਾਰ ਤੋਂ ਖੁਸ਼ਹਾਲੀਦੇ ਮੰਤਰ ਨੂੰ ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਤੇਜ਼ੀ ਨਾਲ ਧਰਾਤਲ 'ਤੇ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੰਕਲਪ ਹੈ ਕਿ ਦੇਸ਼ ਨੂੰ ਸਾਲ 2047 ਤੱਕ ਵਿਕਸਿਤ ਬਣਾਉਣ ਵਿੱਚ ਸਾਰੇ ਲੋਕਾਂ ਦੀ ਅਹਿਮ ਭੂਮਿਕਾ ਹੋਵੇਗੀ।

ਡਾ. ਅਰਵਿੰਦ ਸ਼ਰਮਾ ਐਤਵਾਰ ਨੂੰ ਅੰਬਾਲਾ ਛਾਉਣੀ ਵਿੱਚ 'ਦ ਪੋਸਟਲ ਐਂਡ ਆਰ.ਐਮ.ਐਸ. ਅੰਪਲਾਇਜ਼ ਕੋਆਪ੍ਰੇਟਿਵ ਬੈਂਕ' ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਬੈਂਕ ਦੇ ਚੇਅਰਮੈਨ ਸਚਿਨ ਖਰਬ, ਡਾਇਰੈਕਟਰ ਮੰਡਲ, ਅਧਿਕਾਰੀਆਂ, ਕਰਮਚਾਰੀਆਂ ਅਤੇ ਡਾਕ ਤੇ ਬੀ.ਐਸ.ਐਨ.ਐਲ. ਪਰਿਵਾਰ ਨੂੰ ਸੰਸਥਾ ਦੀ ਲੰਮੀ ਸਹਿਕਾਰੀ ਯਾਤਰਾ ਲਈ ਵਧਾਈ ਦਿੱਤੀ।

ਮੰਤਰੀ ਨੇ ਕਿਹਾ ਕਿ ਸਾਲ 1928 ਵਿੱਚ ਲਾਹੌਰ ਵਿੱਚ ਸ਼ੁਰੂ ਹੋਈ ਇਹ ਸਹਿਕਾਰੀ ਸੰਸਥਾ ਵੰਡ ਤੋਂ ਬਾਅਦ 1947 ਵਿੱਚ ਅੰਬਾਲਾ ਛਾਉਣੀ ਆਈ ਅਤੇ ਅੱਜ ਲਗਭਗ ਇੱਕ ਸਦੀ ਦੀ ਵਿਰਾਸਤ ਆਪਣੇ ਨਾਲ ਲੈ ਕੇ ਅੱਗੇ ਵਧ ਰਹੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਡਾਕ ਅਤੇ ਬੀ.ਐਸ.ਐਨ.ਐਲ. ਵਿਭਾਗ ਦੇ 13 ਹਜ਼ਾਰ ਤੋਂ ਵੱਧ ਸਥਾਈ ਕਰਮਚਾਰੀਆਂ ਦਾ ਇਸ ਨਾਲ ਸ਼ੇਅਰਧਾਰਕ ਵਜੋਂ ਜੁੜਨਾ ਸਹਿਕਾਰਤਾ ਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂਬਰ ਨੂੰ ਲੋੜ ਦੇ ਸਮੇਂ ਤੁਰੰਤ 11 ਲੱਖ ਰੁਪਏ ਤੱਕ ਦੀ ਕਰਜ਼ਾ ਸਹੂਲਤ ਉਪਲਬਧ ਕਰਵਾਉਣ ਦੀ ਵਿਵਸਥਾ ਸੰਸਥਾ ਦੀ ਮੈਂਬਰ ਹਿੱਤ ਦੀ ਭਾਵਨਾ ਨੂੰ ਦਰਸਾਉਂਦੀ ਹੈ। ਬੱਚਿਆਂ ਦੀ ਸਿੱਖਿਆ, ਵਿਆਹ, ਮਕਾਨ ਜਾਂ ਸੰਕਟ ਦੇ ਸਮੇਂ ਆਪਣੀ ਸਹਿਕਾਰੀ ਸੰਸਥਾ ਜਦੋਂ ਕਰਮਚਾਰੀ ਦੇ ਨਾਲ ਖੜ੍ਹਦੀ ਹੈ ਤਾਂ ਉਹ ਕੇਵਲ ਬੈਂਕ ਨਹੀਂ, ਬਲਕਿ ਪਰਿਵਾਰ ਦੇ ਸਹਿਯੋਗੀ ਦੀ ਭੂਮਿਕਾ ਨਿਭਾਉਂਦੀ ਹੈ।

ਡਾ. ਸ਼ਰਮਾ ਨੇ ਕਿਹਾ ਕਿ ਹਰਿਆਣਾ ਵਿੱਚ ਪੈਕਸ ਨੂੰ ਸਿਰਫ ਖਾਦ ਅਤੇ ਕਰਜ਼ਾ ਵੰਡਣ ਤੱਕ ਸੀਮਤ ਰੱਖਣ ਦੀ ਬਜਾਏ ਬਹੁ-ਉਦੇਸ਼ੀ ਬਣਾਇਆ ਜਾ ਰਿਹਾ ਹੈ, 710 ਪੈਕਸ ਦੇ ਕੰਪਿਊਟਰੀਕਰਨ, ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਅਤੇ ਸਾਂਝੇ ਸੇਵਾ ਕੇਂਦਰ ਵਰਗੀਆਂ ਸਹੂਲਤਾਂ ਰਾਹੀਂ ਪਿੰਡਾਂ ਵਿੱਚ ਸਹਿਕਾਰੀ ਸੰਸਥਾਵਾਂ ਨੂੰ ਸੇਵਾਵਾਂ ਦਾ ਮਜ਼ਬੂਤ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਹੈਫੇਡ ਅਤੇ ਹੋਰ ਸਹਿਕਾਰੀ ਸੰਸਥਾਵਾਂ ਕਿਸਾਨਾਂ ਦੀ ਫ਼ਸਲ ਖਰੀਦ ਅਤੇ ਖਾਦ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ, ਜਦੋਂ ਕਿ ਦੁੱਧ ਸਹਿਕਾਰਤਾ ਹਜ਼ਾਰਾਂ ਪਸ਼ੂ ਪਾਲਕ ਪਰਿਵਾਰਾਂ ਨੂੰ ਬਾਜ਼ਾਰ ਨਾਲ ਜੋੜ ਰਹੀ ਹੈ। ਉਨ੍ਹਾਂ ਹਰਿਆਣਾ ਦੀ ਪਛਾਣ ਨਾਲ ਸਹਿਕਾਰਤਾ ਨੂੰ ਜੋੜਦਿਆਂ ਕਿਹਾ, "ਦੂਧ-ਦਹੀ ਕਾ ਖਾਨਾ, ਯੋ ਸੈ ਮ੍ਹਾਰਾ ਹਰਿਆਣਾ।" ਸਾਡਾ ਯਤਨ ਹੈ ਕਿ ਦੁੱਧ-ਦਹੀ ਦੀ ਇਹੋ ਤਾਕਤ ਸਹਿਕਾਰਤਾ ਦੇ ਮਾਧਿਅਮ ਨਾਲ ਪਸ਼ੂ ਪਾਲਕਾਂ ਅਤੇ ਗ੍ਰਾਮੀਣ ਪਰਿਵਾਰਾਂ ਦੀ ਆਰਥਿਕ ਖੁਸ਼ਹਾਲੀ ਦੀ ਤਾਕਤ ਵੀ ਬਣੇ। ਸਹਿਕਾਰਤਾ ਮੰਤਰੀ ਨੇ ਬੈਂਕ ਪ੍ਰਬੰਧਨ ਨੂੰ ਮੈਂਬਰ ਹਿੱਤ ਨੂੰ ਹਰੇਕ ਫੈਸਲੇ ਦੇ ਕੇਂਦਰ ਵਿੱਚ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਡਾਇਰੈਕਟਰ ਮੰਡਲ ਦੇ ਯਤਨਾਂ ਨਾਲ ਪਿਛਲੇ ਲਗਭਗ ਦੋ ਸਾਲਾਂ ਵਿੱਚ ਬੈਂਕ ਦੀ ਕਾਰਜਸ਼ੀਲ ਪੂੰਜੀ ਵਿੱਚ ਲਗਭਗ 200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕਿਸੇ ਸਹਿਕਾਰੀ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਸ ਦੀ ਬੈਲੇਂਸ ਸ਼ੀਟ ਤੋਂ ਵੀ ਵੱਧ ਕੇ ਮੈਂਬਰਾਂ ਦਾ ਵਿਸ਼ਵਾਸ ਹੁੰਦਾ ਹੈ। ਇਸ ਵਿਸ਼ਵਾਸ ਨੂੰ ਪਾਰਦਰਸ਼ਤਾ ਅਤੇ ਬਿਹਤਰ ਸੇਵਾਵਾਂ ਨਾਲ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।

ਡਾ. ਸ਼ਰਮਾ ਨੇ ਡਾਕ ਕਰਮਚਾਰੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਦਲਦੇ ਸਮੇਂ ਅਤੇ ਤਕਨਾਲੋਜੀ ਦੇ ਬਾਵਜੂਦ ਡਾਕ ਵਿਭਾਗ ਪ੍ਰਤੀ ਸਮਾਜ ਦਾ ਭਰੋਸਾ ਕਾਇਮ ਹੈ। ਇੱਕ ਦੌਰ ਵਿੱਚ ਪਿੰਡ ਦਾ ਡਾਕੀਆ ਕੇਵਲ ਚਿੱਠੀ ਨਹੀਂ, ਬਲਕਿ ਪਰਿਵਾਰਾਂ ਦੀਆਂ ਖੁਸ਼ੀਆਂ ਅਤੇ ਸੰਦੇਸ਼ ਲੈ ਕੇ ਆਉਂਦਾ ਸੀ। ਉਸੇ ਭਰੋਸੇ ਨੂੰ ਇਹ ਬੈਂਕ ਆਰਥਿਕ ਸਹਿਯੋਗ ਅਤੇ ਸਹਿਕਾਰਤਾ ਦੀ ਸ਼ਕਤੀ ਦੇ ਨਾਲ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਹਿਕਾਰਤਾ ਵਿਭਾਗ ਸਕਾਰਾਤਮਕ ਯਤਨ ਕਰਨ ਵਾਲੀਆਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਹਰ ਸੰਭਵ ਸਹਿਯੋਗ ਲਈ ਤਤਪਰ ਹਨ। ਸਾਡਾ ਨਿਸ਼ਾਨਾ ਹੈ ਕਿ ਹਰਿਆਣਾ ਦੀਆਂ ਸਹਿਕਾਰੀ ਸੰਸਥਾਵਾਂ ਸੇਵਾ, ਪਾਰਦਰਸ਼ਤਾ, ਆਧੁਨਿਕ ਤਕਨਾਲੋਜੀ ਅਤੇ ਮੈਂਬਰ ਹਿੱਤ ਦੇ ਮਾਮਲੇ ਵਿੱਚ ਦੇਸ਼ ਦੇ ਸਾਹਮਣੇ ਮਿਸਾਲ ਬਣਨ।

ਸਲਸਵਿਹ/2026

 


 

*****

 


(Release ID: 6024)