ਚੰਡੀਗੜ੍ਹ, 27 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਂ ਕਦੇ ਛੁੱਟੀ ਦੀ ਚਿੰਤਾ ਕੀਤੀ ਅਤੇ ਨਾਂ ਆਰਾਮ ਨੂੰ ਪਹਿਲ ਦਿੱਤੀ। ਉਹਨਾਂ ਲਈ 140 ਕਰੋੜ ਦੇਸ਼ਵਾਸੀ ਹੀ ਪਰਿਵਾਰ ਹਨ। ਗਰੀਬ ਦੀ ਪੀੜਾ, ਕਿਸਾਨ ਦੀ ਚਿੰਤਾ ਅਤੇ ਯੁਵਾ ਦਾ ਸਪਨਾ ਉਹਨਾਂ ਦਾ ਆਪਣਾ ਹੈ। ਮਾਤਾਵਾਂ-ਭੈਣਾਂ ਦਾ ਸਨਮਾਨ ਉਹਨਾਂ ਦੀ ਸਰਵਉੱਚ ਪਹਿਲ ਹੈ, ਜਦਕਿ ਸਰਹੱਦ 'ਤੇ ਖੜ੍ਹੇ ਸੈਨਿਕ ਦਾ ਸਾਹਸ ਉਹਨਾਂ ਦਾ ਸੰਕਲਪ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਸੇਵਾ ਸੰਕਲਪ ਅਭਿਆਨ ਦੇ ਤਹਿਤ ਗੁਜਰਾਤ ਦੇ ਵਡਨਗਰ ਤੋਂ ਵਾਰਾਣਸੀ ਤੱਕ ਕੱਢੀ ਜਾ ਰਹੀ ਸੇਵਾ ਯਾਤਰਾ (ਮੋਟਰਸਾਈਕਲ ਯਾਤਰਾ) ਦੇ ਸਵਾਗਤ ਨੂੰ ਲੈ ਕੇ ਮਹਿੰਦਰਗੜ੍ਹ ਦੇ ਪਿੰਡ ਗੋਦ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਯਾਤਰਾ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਤੋਂ ਬਾਅਦ ਹਰੀ ਝੰਡੀ ਦਿਖਾ ਕੇ ਉਸ ਨੂੰ ਅੱਗੇ ਮੰਜ਼ਿਲ ਲਈ ਰਵਾਨਾ ਕੀਤਾ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਯਾਤਰਾ ਸੇਵਾ ਤੋਂ ਸੰਕਲਪ, ਸੰਕਲਪ ਤੋਂ ਸਿੱਧੀ ਅਤੇ ਸਿੱਧੀ ਤੋਂ ਵਿਕਸਿਤ ਭਾਰਤ ਤੱਕ ਦੀ ਯਾਤਰਾ ਹੈ। ਉਹਨਾਂ ਕਿਹਾ ਕਿ ਮਹਿੰਦਰਗੜ੍ਹ ਇਤਿਹਾਸ, ਪਰਾਕ੍ਰਮ, ਜਨਚੇਤਨਾ ਅਤੇ ਰਾਸ਼ਟਰੀ ਸਵਾਭਿਮਾਨ ਦੀ ਧਰਤੀ ਹੈ। ਉਹਨਾਂ ਨੇ ਯਾਤਰਾ ਦਾ ਇੱਥੇ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਇਸ ਨੂੰ ਯਾਦਗਾਰ ਪਲ ਦੱਸਿਆ।
ਉਹਨਾਂ ਕਿਹਾ ਕਿ ਵਡਨਗਰ ਤੋਂ ਵਾਰਾਣਸੀ ਤੱਕ ਦੀ ਯਾਤਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਕ ਜੀਵਨ-ਯਾਤਰਾ ਦਾ ਵੀ ਪ੍ਰਤੀਕ ਹੈ। ਵਡਨਗਰ ਉਹਨਾਂ ਦੀ ਜਨਮਭੂਮੀ ਹੈ, ਜਦਕਿ ਵਾਰਾਣਸੀ ਉਹਨਾਂ ਦੀ ਕਰਮਭੂਮੀ ਹੈ, ਜਿੱਥੋਂ ਭਾਰਤ ਦੀ ਵਿਰਾਸਤ ਅਤੇ ਆਧੁਨਿਕ ਉਮੀਦਾਂ ਨੂੰ ਨਾਲ ਲੈ ਕੇ ਵਿਕਸਿਤ ਭਾਰਤ ਦਾ ਸੰਕਲਪ ਅੱਗੇ ਵਧਾਇਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਨਾਲ ਜਨਸੇਵਾ ਨੂੰ ਰਾਜਨੀਤੀ ਦਾ ਮੂਲ ਉਦੇਸ਼ ਬਣਾਇਆ। 7 ਅਕਤੂਬਰ, 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਆਗਾਮੀ 7 ਅਕਤੂਬਰ ਨੂੰ ਉਹਨਾਂ ਦੀ ਜਨਸੇਵਾ ਦੇ ਅਵਿਰਾਮ 25 ਸਾਲ ਪੂਰੇ ਹੋਣਗੇ। ਉਹਨਾਂ ਕਿਹਾ ਕਿ ਇਸ ਪੂਰੇ ਸਫ਼ਰ ਵਿੱਚ ਗਰੀਬ ਭਲਾਈ ਅਤੇ ਦੇਸ਼ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਣਾ ਉਹਨਾਂ ਦੀ ਪਹਿਲ ਰਹੀ ਹੈ।
ਭਾਰਤ ਅੱਜ ਡਿਜੀਟਲ ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲਾਲ ਕਿਲੇ ਤੋਂ ਸਵੱਛਤਾ ਦਾ ਸੰਦੇਸ਼ ਦਿੱਤਾ ਗਿਆ। ਸਵੱਛ ਭਾਰਤ ਮਿਸ਼ਨ ਨੂੰ ਗਰੀਬ ਦੀ ਸਿਹਤ, ਨਾਰੀ ਦੀ ਗਰਿਮਾ ਅਤੇ ਦੇਸ਼ ਦੇ ਸਨਮਾਨ ਨਾਲ ਜੋੜਦੇ ਹੋਏ ਅੱਗੇ ਵਧਾਇਆ ਗਿਆ। ਉੱਜਵਲਾ ਯੋਜਨਾ ਰਾਹੀਂ ਗਰੀਬ ਮਾਤਾਵਾਂ ਨੂੰ ਧੂੰਏਂ ਤੋਂ ਮੁਕਤੀ, ਜਦਕਿ ਹਰ ਘਰ ਬਿਜਲੀ, ਨਲ ਤੋਂ ਜਲ, ਜਨਧਨ ਯੋਜਨਾ ਅਤੇ ਪੱਕੇ ਮਕਾਨ ਲਈ ਅਭਿਆਨ ਚਲਾਏ ਗਏ। ਆਯੁਸ਼ਮਾਨ ਭਾਰਤ ਨੇ ਗਰੀਬ ਪਰਿਵਾਰਾਂ ਨੂੰ ਇਲਾਜ ਦਾ ਭਰੋਸਾ ਦਿੱਤਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੇ ਕਿਸਾਨਾਂ ਨੂੰ ਆਰਥਿਕ ਸਹਾਰਾ ਦਿੱਤਾ ਅਤੇ ਮੁਫ਼ਤ ਰਾਸ਼ਨ ਨੇ ਸੰਕਟ ਦੇ ਸਮੇਂ ਕਰੋੜਾਂ ਪਰਿਵਾਰਾਂ ਦੀ ਰਸੋਈ ਦਾ ਚੁੱਲ੍ਹਾ ਬਾਲ਼ੀ ਰੱਖਿਆ।
ਉਹਨਾਂ ਕਿਹਾ ਕਿ ਭਾਰਤ ਅੱਜ ਡਿਜੀਟਲ ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ ਅਤੇ ਯੂ.ਪੀ.ਆਈ. ਪੂਰੀ ਦੁਨੀਆ ਲਈ ਉਦਾਹਰਨ ਬਣ ਚੁੱਕਾ ਹੈ। ਸਟਾਰਟਅੱਪ, ਸਪੇਸ, ਡਰੋਨ, ਏਆਈ, ਸੈਮੀਕੰਡਕਟਰ, ਰੱਖਿਆ ਉਤਪਾਦਨ ਅਤੇ ਹਰਿਤ ਊਰਜਾ ਵਰਗੇ ਖੇਤਰਾਂ ਵਿੱਚ ਯੁਵਾ ਦੇਸ਼ ਦੀ ਨਵੀਂ ਪਛਾਣ ਬਣਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਡਾ ਤਿਰੰਗਾ ਚੰਦਰਮਾ ਦੇ ਉਸ ਦੱਖਣੀ ਧਰੁਵ ਦੇ ਕੋਲ ਲਹਿਰਾ ਰਿਹਾ ਹੈ, ਜਿੱਥੇ ਦੁਨੀਆ ਦਾ ਕੋਈ ਦੇਸ਼ ਪਹਿਲਾਂ ਨਹੀਂ ਪਹੁੰਚ ਸਕਿਆ ਸੀ। ਇਹ ਸਫ਼ਲਤਾ ਉਸ ਨਵੇਂ ਭਾਰਤ ਦੇ ਆਤਮਵਿਸ਼ਵਾਸ ਦੀ ਜਿੱਤ ਹੈ, ਜੋ ਔਖੇ ਤੋਂ ਔਖੇ ਟੀਚੇ ਨਿਰਧਾਰਿਤ ਕਰਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਸਾਹਸ ਰੱਖਦਾ ਹੈ। ਭਾਰਤ ਹੁਣ ਦੂਜਿਆਂ ਦੇ ਬਣਾਏ ਰਸਤਿਆਂ 'ਤੇ ਚੱਲਣ ਵਾਲਾ ਨਹੀਂ, ਸਗੋ ਦੁਨੀਆ ਨੂੰ ਨਵੇਂ ਰਸਤੇ ਦਿਖਾਉਣ ਵਾਲਾ ਰਾਸ਼ਟਰ ਬਣ ਰਿਹਾ ਹੈ।
ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਵੀ ਭਾਰਤ ਦੀ ਨੀਤੀ ਅਤੇ ਪਛਾਣ ਬਦਲੀ ਹੈ। ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦਾ। ਅੱਤਵਾਦ ਦਾ ਜਵਾਬ ਉਸ ਦੇ ਘਰ ਵਿੱਚ ਵੜ ਕੇ ਦਿੱਤਾ ਜਾਂਦਾ ਹੈ। ਵੀਰ ਸੈਨਿਕਾਂ ਨੂੰ ਆਧੁਨਿਕ ਸਰੋਤ ਦਿੱਤੇ ਜਾ ਰਹੇ ਹਨ ਅਤੇ ਰੱਖਿਆ ਉਤਪਾਦਨ ਵਿੱਚ ਆਤਮਨਿਰਭਰਤਾ ਵਧੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬਣੇ ਰੱਖਿਆ ਉਪਕਰਣ ਅੱਜ ਦੂਜੇ ਦੇਸ਼ਾਂ ਤੱਕ ਪਹੁੰਚ ਰਹੇ ਹਨ। ਅਨੁਛੇਦ 370 ਨੂੰ ਹਟਾ ਕੇ ਜੰਮੂ-ਕਸ਼ਮੀਰ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਵਨ ਰੈਂਕ, ਵਨ ਪੈਨਸ਼ਨ ਲਾਗੂ ਕਰਕੇ ਪੂਰਵ ਸੈਨਿਕਾਂ ਦੇ ਅਧਿਕਾਰ ਨੂੰ ਸਨਮਾਨ ਦੇਣ ਦਾ ਕੰਮ ਹੋਇਆ ਹੈ।
ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਚਲਾਇਆ
ਕੋਰੋਨਾ ਮਹਾਂਮਾਰੀ ਦੇ ਔਖੇ ਦੌਰ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੱਡੇ-ਵੱਡੇ ਸਾਧਨ-ਸੰਪੰਨ ਦੇਸ਼ ਵੀ ਬੇਵੱਸ ਦਿਖਾਈ ਦੇ ਰਹੇ ਸਨ, ਤਦ ਪ੍ਰਧਾਨ ਮੰਤਰੀ ਨੇ ਭਾਰਤ ਦੀ ਅਗਵਾਈ ਦ੍ਰਿੜ੍ਹਤਾ ਅਤੇ ਦੂਰਦਰਸ਼ਤਾ ਨਾਲ ਕੀਤੀ। ਭਾਰਤੀ ਵਿਗਿਆਨੀਆਂ ਨੇ ਸਵਦੇਸ਼ੀ ਵੈਕਸੀਨ ਬਣਾਈ ਅਤੇ ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਚਲਾਇਆ ਗਿਆ।
ਉਹਨਾਂ ਕਿਹਾ ਕਿ ਅੱਜ ਵਿਸ਼ਵ ਮੰਚ 'ਤੇ ਭਾਰਤ ਦੀ ਆਵਾਜ਼ ਸਨਮਾਨ ਨਾਲ ਸੁਣੀ ਜਾਂਦੀ ਹੈ। ਜੀ-20 ਅਤੇ ਹਾਲ ਹੀ ਵਿੱਚ ਹੋਏ ਬ੍ਰਿਕਸ ਸੰਮੇਲਨ ਦੀ ਸਫ਼ਲ ਪ੍ਰਧਾਨਗੀ ਨੇ ਭਾਰਤ ਦੀ ਸੰਗਠਨ ਸਮਰੱਥਾ, ਸੱਭਿਆਚਾਰ ਅਤੇ ਅਗਵਾਈ ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਭਾਰਤ ਨੂੰ ਅੱਜ ਇੱਕ ਭਰੋਸੇਯੋਗ ਸਾਥੀ, ਹੱਲ ਦੇਣ ਵਾਲੇ ਰਾਸ਼ਟਰ ਅਤੇ ਮਾਨਵਤਾ ਦੀ ਮਜ਼ਬੂਤ ਆਵਾਜ਼ ਵਜੋ ਦੇਖਿਆ ਜਾਂਦਾ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਵਿਕਾਸ ਅਤੇ ਵਿਰਾਸਤ ਇੱਕ-ਦੂਜੇ ਦੇ ਵਿਰੋਧੀ ਨਹੀਂ, ਸਗੋ ਇੱਕ-ਦੂਜੇ ਦੀ ਸ਼ਕਤੀ ਹਨ। ਦੇਸ਼ ਵਿੱਚ ਐਕਸਪ੍ਰੈਸ-ਵੇਅ, ਵੰਦੇ ਭਾਰਤ ਟ੍ਰੇਨਾਂ, ਨਵੇਂ ਹਵਾਈ ਅੱਡੇ, ਡਿਜੀਟਲ ਤਕਨਾਲੋਜੀ ਅਤੇ ਉਦਯੋਗਿਕ ਕੌਰੀਡੋਰ ਵਰਗੀਆਂ ਆਧੁਨਿਕ ਪ੍ਰੋਜੈਕਟਾਂ ਦੇ ਨਾਲ ਅਯੋਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਭਵੱਯ ਅਤੇ ਦਿਵੱਯ ਮੰਦਰ, ਕਾਸ਼ੀ ਵਿਸ਼ਵਨਾਥ ਧਾਮ, ਮਹਾਕਾਲ ਲੋਕ ਅਤੇ ਸੱਭਿਆਚਾਰਕ ਵਿਰਾਸਤ ਦਾ ਮੁੜ-ਉਥਾਨ ਵੀ ਹੋ ਰਿਹਾ ਹੈ। ਭਾਰਤ ਆਪਣੀਆਂ ਜੜ੍ਹਾਂ 'ਤੇ ਮਾਣ ਕਰਦਿਆਂ ਭਵਿੱਖ ਵੱਲ ਵਧ ਰਿਹਾ ਹੈ।
ਯੁਵਾਵਾਂ ਨੂੰ ਯਾਤਰਾ ਦਾ ਸੰਦੇਸ਼ ਸਮਝਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੋਟਰਸਾਈਕਲ ਦੀ ਗਤੀ ਲਈ ਊਰਜਾ, ਦਿਸ਼ਾ ਲਈ ਸੰਤੁਲਨ ਅਤੇ ਮੰਜ਼ਿਲ ਲਈ ਅਨੁਸ਼ਾਸਨ ਜ਼ਰੂਰੀ ਹੈ। ਇਸੇ ਤਰ੍ਹਾਂ ਜੀਵਨ ਵਿੱਚ ਵੀ ਇਹਨਾਂ ਤਿੰਨਾਂ ਦਾ ਮਹੱਤਵ ਹੈ। ਉਹਨਾਂ ਨੇ ਯੁਵਾਵਾਂ ਨੂੰ ਆਪਣੀ ਊਰਜਾ ਰਾਸ਼ਟਰ ਨਿਰਮਾਣ ਵਿੱਚ ਲਗਾਉਣ, ਨਸ਼ੇ, ਹਿੰਸਾ, ਨਿਰਾਸ਼ਾ ਅਤੇ ਨਕਾਰਾਤਮਕਤਾ ਤੋਂ ਦੂਰ ਰਹਿਣ ਅਤੇ ਖੇਡ, ਲਾਇਬ੍ਰੇਰੀ, ਪ੍ਰਯੋਗਸ਼ਾਲਾ, ਖੇਤ, ਉਦਯੋਗ ਅਤੇ ਸਟਾਰਟਅੱਪ ਨੂੰ ਆਪਣੀ ਕਰਮਭੂਮੀ ਬਣਾਉਣ ਦੀ ਅਪੀਲ ਕੀਤੀ।
ਉਹਨਾਂ ਨੇ ਯਾਤਰਾ ਵਿੱਚ ਸ਼ਾਮਲ ਸਾਥੀਆਂ ਨੂੰ ਹਰੇਕ ਪੜਾਅ 'ਤੇ ਸੇਵਾ ਦਾ ਕੋਈ ਕਾਰਜ ਕਰਨ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਯਾਤਰਾ ਸੇਵਾ ਦੀ ਜੋਤ ਅਤੇ ਰਾਸ਼ਟਰਭਗਤੀ ਦਾ ਸੰਦੇਸ਼ ਲੈ ਕੇ ਅੱਗੇ ਵਧੇ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰੇ।
ਮੁੱਖ ਮੰਤਰੀ ਨੇ ਯਾਤਰਾ ਵਿੱਚ ਅਨੁਸ਼ਾਸਨ ਬਣਾਏ ਰੱਖਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਯਾਤਰਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਬਾਬਾ ਵਿਸ਼ਵਨਾਥ ਤੋਂ ਯਾਤਰਾ 'ਤੇ ਆਸ਼ੀਰਵਾਦ ਬਣਾਏ ਰੱਖਣ ਦੀ ਕਾਮਨਾ ਕਰਦਿਆਂ ਕਿਹਾ ਕਿ ਸੇਵਾ ਦਾ ਇਹ ਕਾਰਵਾਂ ਅੱਗੇ ਵਧਦਾ ਰਹੇ ਅਤੇ ਰਾਸ਼ਟਰਭਗਤੀ ਦੀ ਜੋਤ ਹਰ ਹਿਰਦੇ ਵਿੱਚ ਜਗਦੀ ਰਹੇ।
ਗੋਦ ਵਿੱਚ ਬਣੇਗੀ ਈ-ਲਾਇਬ੍ਰੇਰੀ - ਮੁੱਖ ਮੰਤਰੀ
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਮਹਿੰਦਰਗੜ੍ਹ ਲਈ ਕਈ ਅਹਿਮ ਐਲਾਨ ਵੀ ਕੀਤੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵਿਕਾਸ ਦੇ ਮਾਮਲੇ ਵਿੱਚ ਇਸ ਖੇਤਰ ਵਿੱਚ ਕੋਈ ਕਮੀ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਨਾਂਗਲ ਚੌਧਰੀ ਦੇ ਸਾਬਕਾ ਵਿਧਾਇਕ ਡਾ. ਅਭੈ ਸਿੰਘ ਯਾਦਵ ਦੀ ਮੰਗ 'ਤੇ ਬਲਾਹ ਕਲਾਂ ਪਿੰਡ ਵਿੱਚ ਵਾਟਰ ਵਰਕਸ ਨੂੰ ਨਹਿਰ ਤੋਂ ਪਾਈਪਲਾਈਨ ਰਾਹੀਂ ਜੋੜਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਗੋਦ ਪਿੰਡ ਵਿੱਚ ਈ-ਲਾਇਬ੍ਰੇਰੀ ਸਥਾਪਿਤ ਕਰਨ, ਬਲਾਹ ਖੁਰਦ ਵਿੱਚ ਹਨੂਮਾਨ ਸਿੰਘ ਦੇ ਖੇਤ ਤੋਂ ਰਾਜਸਥਾਨ ਸਰਹੱਦ ਤੱਕ ਰਸਤਾ ਪੱਕਾ ਕਰਨ ਅਤੇ ਪਿੰਡ ਬਲਾਹ ਖੁਰਦ ਵਿੱਚ ਬਾਲਾਜੀ ਮੰਦਰ ਦੇ ਸਾਹਮਣੇ ਖ਼ਾਲੀ ਜ਼ਮੀਨ 'ਤੇ ਵਿਆਯਾਮਸ਼ਾਲਾ ਬਣਾਉਣ ਦਾ ਵੀ ਐਲਾਨ ਕੀਤਾ।
ਯਾਤਰਾ ਵਿੱਚ ਸ਼ਾਮਲ ਯੁਵਾਵਾਂ ਨਾਲ ਮੁੱਖ ਮੰਤਰੀ ਨੇ ਕੀਤਾ ਸੰਵਾਦ
ਪ੍ਰੋਗਰਾਮ ਤੋਂ ਬਾਅਦ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਵਡਨਗਰ ਤੋਂ ਵਾਰਾਣਸੀ ਸੇਵਾ ਯਾਤਰਾ ਵਿੱਚ ਸ਼ਾਮਲ ਯੁਵਾਵਾਂ ਨਾਲ ਸੰਵਾਦ ਵੀ ਕੀਤਾ। ਇਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਨਾਲ ਯਾਤਰਾ ਦੇ ਰਾਜਸਥਾਨ ਤੋਂ ਲੰਘਣ ਵੇਲੇ ਦੇ ਤਜਰਬੇ ਵੀ ਸਾਂਝੇ ਕੀਤੇ।
ਉਹਨਾਂ ਦੱਸਿਆ ਕਿ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਪਿੰਡ ਨਾਚਨਾ ਵਿੱਚ ਜਦੋਂ ਉਹਨਾਂ ਦੀ ਯਾਤਰਾ ਪਹੁੰਚੀ ਤਾਂ ਇੱਕ 90 ਸਾਲਾ ਬਜ਼ੁਰਗ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਉਹਨਾਂ ਦਾ ਮੁਫ਼ਤ ਇਲਾਜ ਹੋ ਸਕਿਆ ਹੈ।
ਇਸੇ ਤਰ੍ਹਾਂ ਜਦੋਂ ਉਹ ਬੀਕਾਨੇਰ ਜ਼ਿਲ੍ਹੇ ਤੋਂ ਲੰਘੇ ਤਾਂ ਇੱਕ ਮਹਿਲਾ ਨੇ ਉਹਨਾਂ ਨੂੰ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਉਹਨਾਂ ਨੂੰ ਘਰ ਵਿੱਚ ਮੁਫ਼ਤ ਗੈਸ ਉਪਲਬਧ ਹੋਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਰਹਿਣ ਲਈ ਮੁਫ਼ਤ ਘਰ ਮਿਲਿਆ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਦੌਰਾਨ ਹਰਿਆਣਾ ਅੰਤਯੋਦਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਇੱਕ ਮਹਿਲਾ ਨੂੰ ਹੈਪੀ ਕਾਰਡ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ, ਉੱਜਵਲਾ ਯੋਜਨਾ, ਸਨਮਾਨ ਭੱਤਾ ਯੋਜਨਾ ਦੇ ਲਾਭਪਾਤਰੀਆਂ ਦੇ ਵਿਚਾਰ ਸੁਣੇ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ।
ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਸੇਵਾਭਾਵ ਨੂੰ ਜਨ-ਜਨ ਤੱਕ ਪਹੁੰਚਾ ਰਹੀ ਸੰਕਲਪ ਯਾਤਰਾ - ਡਾ. ਅਰਚਨਾ ਗੁਪਤਾ
ਆਪਣੇ ਸੰਬੋਧਨ ਵਿੱਚ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਵਡਨਗਰ ਤੋਂ ਵਾਰਾਣਸੀ ਤੱਕ ਦੀ ਸੰਕਲਪ ਯਾਤਰਾ ਸੇਵਾ ਮਿੱਤਰਾਂ ਨਾਲ ਰਾਜਸਥਾਨ ਦੀ ਧਰਤੀ ਤੋਂ ਹਰਿਆਣਾ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਯੁਵਾ ਸਾਥੀ ਇਸ ਯਾਤਰਾ ਵਿੱਚ ਇਸ ਲਈ ਸ਼ਾਮਲ ਹੋਏ ਹਨ, ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਤਕ ਜੀਵਨ ਦੇ 25 ਸਾਲਾਂ ਵਿੱਚ ਸੇਵਾ, ਸੁਸ਼ਾਸਨ, ਤਿਆਗ ਅਤੇ ਬਲੀਦਾਨ ਦੇ ਭਾਵ ਨੂੰ ਜੀਅ ਕੇ ਦਿਖਾਇਆ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ 25 ਸਾਲਾਂ ਦੀ ਸੇਵਾ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਉਹ ਮੋਟਰਸਾਈਕਲ ਯਾਤਰਾ 'ਤੇ ਨਿਕਲੇ ਹਨ। ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਦੱਖਣੀ ਹਰਿਆਣਾ ਵਿੱਚ ਹਰਿਆਣਾ ਸਰਕਾਰ ਨੇ ਅਨੇਕਾਂ ਵਿਕਾਸ ਕਾਰਜ ਕੀਤੇ ਹਨ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਇਸ ਖੇਤਰ ਲਈ ਨਵੀਆਂ ਯੋਜਨਾਵਾਂ ਲਿਆਉਣ ਦੇ ਨਾਲ ਬਾਜਰਾ ਉਤਪਾਦਕਾਂ ਨੂੰ ਲਾਭ ਦੇਣ ਲਈ ਕਈ ਕੰਮ ਕੀਤੇ ਹਨ। ਸਰਕਾਰ ਨੇ ਭਾਵਾਂਤਰ ਭਰਪਾਈ ਵਰਗੀ ਵਿਵਸਥਾ ਰਾਹੀਂ ਕਿਸਾਨਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਹਰਿਆਣਾ ਵਿੱਚ ਕਿਸਾਨ ਜੋ ਵੀ ਬੀਜੇਗਾ, ਉਸ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਿਆ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣਾ ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. ਦੇਣ ਵਾਲਾ ਪਹਿਲਾ ਸੂਬਾ ਬਣਿਆ ਹੈ ਅਤੇ ਮੁੱਖ ਮੰਤਰੀ ਨੇ ਕਿਸਾਨਾਂ ਦੀ ਫ਼ਸਲ ਦਾ ਇੱਕ ਵੀ ਦਾਣਾ ਅਜਾਈਂ ਨਾ ਜਾਣ ਦੇਣ ਦਾ ਸੰਕਲਪ ਲਿਆ ਹੈ।
ਮੋਦੀ ਦੀ ਅਗਵਾਈ ਵਿੱਚ ਦੇਸ਼ ਦੀ ਤਸਵੀਰ ਬਦਲੀ, ਕਨੈਕਟੀਵਿਟੀ ਅਤੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ - ਧਰਮਬੀਰ ਸਿੰਘ
ਸਾਂਸਦ ਸ਼੍ਰੀ ਧਰਮਬੀਰ ਸਿੰਘ ਨੇ ਕਿਹਾ ਕਿ 17 ਸਤੰਬਰ ਤੋਂ ਪੂਰੇ ਦੇਸ਼ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਵਡਨਗਰ ਤੋਂ ਸ਼ੁਰੂ ਹੋਈ ਸੰਕਲਪ ਯਾਤਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਦੀ ਯਾਤਰਾ ਨੂੰ ਯਾਦ ਕਰਨ ਦਾ ਮੌਕਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੱਤਵਾਦ, ਨਕਸਲਵਾਦ ਅਤੇ ਕਸ਼ਮੀਰ ਤੇ ਨੌਰਥ ਈਸਟ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਦੀ ਦਿਸ਼ਾ ਵਿੱਚ ਮਹੱਤਵਪੂਰਨ ਕੰਮ ਹੋਇਆ ਹੈ। ਬਦਲਦੇ ਮੌਸਮ ਅਤੇ ਬਾਰਿਸ਼ ਦੀ ਕਮੀ ਦੇ ਵਿਚਕਾਰ ਨਦੀਆਂ ਨੂੰ ਜੋੜਨ, ਵਾਟਰ ਬਾਡੀਜ਼ ਬਣਾਉਣ ਅਤੇ ਭੂਜਲ ਪੱਧਰ ਨੂੰ ਉੱਪਰ ਲਿਆਉਣ ਦੀ ਦਿਸ਼ਾ ਵਿੱਚ ਵੀ ਵਿਵਸਥਾਵਾਂ ਕੀਤੀਆਂ ਗਈਆਂ ਹਨ। ਸਾਂਸਦ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੀ ਕਮਾਨ ਸੰਭਾਲਣ ਤੋਂ ਬਾਅਦ ਗੁਜਰਾਤ ਦੀ ਤਸਵੀਰ ਬਦਲੀ ਅਤੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਵੀ ਕਨੈਕਟੀਵਿਟੀ, ਰੇਲ, ਸੜਕ ਅਤੇ ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਬਦਲਾਅ ਆਇਆ ਹੈ। ਆਯੁਸ਼ਮਾਨ ਵਰਗੀਆਂ ਯੋਜਨਾਵਾਂ ਨਾਲ ਲੋਕਾਂ ਨੂੰ ਸਿਹਤ ਸੁਵਿਧਾ ਦਾ ਲਾਭ ਮਿਲਿਆ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੀ ਪ੍ਰਧਾਨ ਮੰਤਰੀ ਵਾਂਗ ਦਿਨ-ਰਾਤ ਸਮੱਸਿਆਵਾਂ ਦੇ ਹੱਲ ਵਿੱਚ ਲੱਗੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਨੂੰ ਵੀ ਇਹੋ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਵੀ ਪੂਰਾ ਦਿਨ ਦੇਸ਼ ਲਈ ਕੰਮ ਕਰਨਗੇ, ਤਾਂ ਜੋ ਦੇਸ਼ ਅੱਗੇ ਵਧ ਸਕੇ ਅਤੇ ਸਭ ਕਾ ਸਾਥ, ਸਭ ਕਾ ਵਿਕਾਸ ਦੇ ਸੰਕਲਪ ਨੂੰ ਅੱਗੇ ਵਧਾਇਆ ਜਾ ਸਕੇ।
ਦੱਖਣੀ ਹਰਿਆਣਾ ਵਿੱਚ ਸਰਕਾਰ ਦੇ ਯਤਨਾਂ ਨਾਲ ਮਿਲੀ ਪਾਣੀ ਦੀ ਉਪਲਬਧਤਾ ਨਾਲ ਬਦਲੀ ਖੇਤੀ ਦੀ ਤਸਵੀਰ - ਸਾਬਕਾ ਵਿਧਾਇਕ ਡਾ. ਅਭੈ ਸਿੰਘ ਯਾਦਵ
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਡਾ. ਅਭੈ ਸਿੰਘ ਯਾਦਵ ਨੇ ਕਿਹਾ ਕਿ ਸਰਕਾਰ ਨੇ ਦੱਖਣੀ ਹਰਿਆਣਾ ਦੇ ਇਸ ਖੇਤਰ ਨੂੰ ਨਵਾਂ ਜੀਵਨ ਦੇਣ ਦਾ ਕੰਮ ਕੀਤਾ ਹੈ। ਸਾਲ 2014 ਵਿੱਚ ਜਦੋਂ ਸਰਕਾਰ ਆਈ ਸੀ, ਤਦ ਇੱਥੇ ਪੀਣ ਵਾਲੇ ਪਾਣੀ ਦੀ ਕਮੀ ਸੀ ਅਤੇ ਖੇਤੀ ਲਗਭਗ ਖ਼ਤਮ ਹੋ ਗਈ ਸੀ। ਲੋਕਾਂ ਨੂੰ ਆਪਣੀ ਫ਼ਸਲ ਲਈ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਾਣੀ ਦੀ ਵਿਵਸਥਾ ਕੀਤੇ ਜਾਣ ਦਾ ਨਤੀਜਾ ਅੱਜ ਕਿਸਾਨਾਂ ਦੀ ਖ਼ੁਸ਼ਹਾਲੀ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਨੇ ਜ਼ਿਲ੍ਹੇ ਨੂੰ ਮੈਡੀਕਲ ਕਾਲਜ, ਲੌਜਿਸਟਿਕ ਹਬ ਅਤੇ 152-ਡੀ ਸਮੇਤ ਨੈਸ਼ਨਲ ਹਾਈਵੇਅ ਵਰਗੀਆਂ ਮਹੱਤਵਪੂਰਨ ਸੌਗਾਤਾਂ ਦਿੱਤੀਆਂ ਹਨ। ਇਹਨਾਂ ਵਿਕਾਸ ਕਾਰਜਾਂ ਨਾਲ ਖੇਤਰ ਵਿੱਚ ਸੁਵਿਧਾਵਾਂ ਅਤੇ ਕਨੈਕਟੀਵਿਟੀ ਨੂੰ ਮਜ਼ਬੂਤੀ ਮਿਲੀ ਹੈ।
ਇਸ ਦੌਰਾਨ ਰਾਸ਼ਟਰੀ ਮੰਤਰੀ ਸ਼੍ਰੀ ਜੈ ਪ੍ਰਕਾਸ਼, ਵਿਧਾਇਕ ਸ਼੍ਰੀ ਓਮਪ੍ਰਕਾਸ਼ ਯਾਦਵ, ਸ਼੍ਰੀ ਕੰਵਰ ਸਿੰਘ ਯਾਦਵ, ਜ਼ਿਲ੍ਹਾ ਪ੍ਰਧਾਨ ਸ਼੍ਰੀ ਯਤੇਂਦਰ ਰਾਵ, ਸਾਬਕਾ ਡਿਪਟੀ ਸਪੀਕਰ ਸ਼੍ਰੀ ਸੰਤੋਸ਼ ਯਾਦਵ, ਸਾਬਕਾ ਵਿਧਾਇਕ ਸ਼੍ਰੀ ਸੀਤਾਰਾਮ ਯਾਦਵ, ਸ਼੍ਰੀ ਗੋਵਿੰਦ ਭਾਰਦਵਾਜ, ਗੁਜਰਾਤ ਤੋਂ ਸਾਂਸਦ ਸ਼੍ਰੀ ਚੰਦੂ ਭਾਈ ਸਿਰੋਹਾ, ਭਾਜਪਾ ਜਨਰਲ ਸਕੱਤਰ ਸ਼੍ਰੀ ਵੇਦ ਫੂਲਾਂ, ਸ਼੍ਰੀ ਗੋਪਾਲ ਸ਼ਰਮਾ, ਯੂਥ ਮੋਰਚਾ ਦੇ ਸੂਬਾ ਪ੍ਰਧਾਨ ਸ਼੍ਰੀ ਅਕਸ਼ੈ ਦਹੀਆ ਵੀ ਮੌਜੂਦ ਸਨ।
ਸਲਸਵਿਹ/2026
*****