ਚੰਡੀਗੜ੍ਹ, 1 ਅਕਤੂਬਰ - ਹਰਿਆਣਾ ਨੇ ਰਾਸ਼ਟਰੀ ਆਈਜੀਓਟੀ ਕਰਮਯੋਗੀ ਮੰਚ 'ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰੈਂਕਿੰਗ ਵਿੱਚ ਸ਼੍ਰੇਣੀ-ਬੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਿਆਣਾ ਨੇ 60.72 ਅੰਕ ਪ੍ਰਾਪਤ ਕੀਤੇ ਹਨ। ਇਹ ਰੈਂਕਿੰਗ ਸਰਕਾਰੀ ਕਰਮਚਾਰੀਆਂ ਦੇ ਸਮਰੱਥਾ ਨਿਰਮਾਣ ਅਤੇ ਲਗਾਤਾਰ ਸਿੱਖਣ ਦੀਆਂ ਗਤੀਵਿਧੀਆਂ ਦੇ ਮੁਲਾਂਕਣ 'ਤੇ ਆਧਾਰਿਤ ਹੈ।
ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਪ੍ਰਸੋਨਲ ਅਤੇ ਸਿਖਲਾਈ ਵਿਭਾਗ ਦੇ ਅਧੀਨ ਕਰਮਯੋਗੀ ਭਾਰਤ ਵੱਲੋਂ ਜਾਰੀ ਸੂਚਨਾ ਅਨੁਸਾਰ, 31 ਅਗਸਤ, 2026 ਤੱਕ ਦੇ ਅੰਕੜਿਆਂ ਦੇ ਆਧਾਰ 'ਤੇ ਤਿਆਰ ਰੈਂਕਿੰਗ ਵਿੱਚ ਹਰਿਆਣਾ ਨੇ ਸ਼੍ਰੇਣੀ-ਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼੍ਰੇਣੀ ਵਿੱਚ 1,00,001 ਤੋਂ 5,00,000 ਤੱਕ ਸਰਕਾਰੀ ਕਰਮਚਾਰੀਆਂ ਵਾਲੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹਨ। ਹਰਿਆਣਾ ਤੋਂ ਬਾਅਦ ਕਰਨਾਟਕ ਨੇ 60.47, ਤੇਲੰਗਾਨਾ ਨੇ 60.39, ਗੁਜਰਾਤ ਨੇ 60.18 ਅਤੇ ਪੰਜਾਬ ਨੇ 60.06 ਅੰਕ ਪ੍ਰਾਪਤ ਕੀਤੇ ਹਨ।
ਇਹ ਰੈਂਕਿੰਗ ਆਈਜੀਓਟੀ ਕਰਮਯੋਗੀ ਮੰਚ ਦੇ ਮਾਧਿਅਮ ਨਾਲ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ-ਆਧਾਰਿਤ ਸਿਖਲਾਈ, ਸਮਰੱਥਾ ਨਿਰਮਾਣ ਅਤੇ ਲਗਾਤਾਰ ਸਿੱਖਣ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਭਾਗੀਦਾਰੀ ਨੂੰ ਮਾਪਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ-ਸਮੇਂ 'ਤੇ ਇਹ ਰੈਂਕਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਆਪਣੀ ਪ੍ਰਗਤੀ ਦਾ ਮੁਲਾਂਕਣ ਕਰਦੇ ਹੋਏ ਲਗਾਤਾਰ ਸੁਧਾਰ ਕਰ ਸਕਣ।
ਕੁੱਲ ਰੈਂਕਿੰਗ ਤਿੰਨ ਮੁੱਖ ਪ੍ਰਦਰਸ਼ਨ ਮਾਪਦੰਡਾਂ 'ਤੇ ਆਧਾਰਿਤ ਹੈ, ਜਿਨ੍ਹਾਂ ਲਈ ਕੁੱਲ 100 ਅੰਕ ਨਿਰਧਾਰਿਤ ਹਨ। ਰਾਜਾਂ ਦੇ ਵਿਭਾਗਾਂ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਮਰੱਥਾ ਨਿਰਮਾਣ ਯੋਜਨਾਵਾਂ ਤਿਆਰ ਕਰਨ ਲਈ 30 ਪ੍ਰਤੀਸ਼ਤ, ਭੂਮਿਕਾ-ਆਧਾਰਿਤ ਗਿਆਨ ਦੇ ਨਿਰਮਾਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੋਰਸ ਉਪਲਬਧ ਕਰਵਾਉਣ ਲਈ 30 ਪ੍ਰਤੀਸ਼ਤ, ਜਦਕਿ ਰਜਿਸਟਰਡ ਅਧਿਕਾਰੀਆਂ ਵਿੱਚੋਂ ਪਿਛਲੇ ਮਹੀਨੇ ਘੱਟੋ-ਘੱਟ ਇੱਕ ਘੰਟੇ ਦੀ ਸਿਖਲਾਈ ਪੂਰੀ ਕਰਨ ਵਾਲੇ ਅਧਿਕਾਰੀਆਂ ਲਈ 40 ਪ੍ਰਤੀਸ਼ਤ ਵੇਟੇਜ ਨਿਰਧਾਰਿਤ ਕੀਤੀ ਗਈ ਹੈ।
ਜਿਨ੍ਹਾਂ ਰਾਜਾਂ ਦੇ ਘੱਟੋ-ਘੱਟ 25 ਪ੍ਰਤੀਸ਼ਤ ਵਿਭਾਗਾਂ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਮਰੱਥਾ ਨਿਰਮਾਣ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ, ਉਹ ਪਹਿਲੇ ਮਾਪਦੰਡ ਦੇ ਤਹਿਤ ਪੂਰੇ 30 ਅੰਕ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ, 10 ਜਾਂ ਇਸ ਤੋਂ ਵੱਧ ਲਾਈਵ ਕੋਰਸ ਉਪਲਬਧ ਕਰਵਾਉਣ ਵਾਲੇ ਰਾਜ ਦੂਜੇ ਮਾਪਦੰਡ ਦੇ ਤਹਿਤ ਪੂਰੇ 30 ਅੰਕ ਪ੍ਰਾਪਤ ਕਰ ਸਕਦੇ ਹਨ।
ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਰੇ ਫਰੰਟਲਾਈਨ (ਅਗਰਿਮ ਪੰਕਤੀ ਦੇ) ਕਰਮਚਾਰੀਆਂ ਨੂੰ ਆਈਜੀਓਟੀ ਕਰਮਯੋਗੀ ਮੰਚ 'ਤੇ ਜੋੜਨ ਅਤੇ ਕਰਮਚਾਰੀਆਂ ਦੀ ਕੁੱਲ ਗਿਣਤੀ ਦੀ ਪੁਸ਼ਟੀ ਕਰਨ ਦੀ ਬੇਨਤੀ ਕੀਤੀ ਹੈ। ਨਾਲ ਹੀ, ਕਰਮਚਾਰੀਆਂ ਨੂੰ ਹਰ ਮਹੀਨੇ ਘੱਟੋ-ਘੱਟ ਇੱਕ ਘੰਟੇ ਦੀ ਸਿਖਲਾਈ ਪੂਰੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਆਈਜੀਓਟੀ ਕਰਮਯੋਗੀ ਮੰਚ 'ਤੇ ਸਰਕਾਰੀ ਅਧਿਕਾਰੀਆਂ ਲਈ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਕਲਾਊਡ ਕੰਪਿਊਟਿੰਗ, ਪ੍ਰੋਜੈਕਟ ਮੈਨੇਜਮੈਂਟ, ਨਿਜੀ ਵਿਕਾਸ ਅਤੇ ਡਾਟਾ ਐਨਾਲਿਟਿਕਸ ਵਰਗੇ ਵਿਸ਼ਿਆਂ 'ਤੇ 700 ਤੋਂ ਵੱਧ ਉੱਨਤ ਕੋਰਸ ਮੁਫ਼ਤ ਉਪਲਬਧ ਕਰਵਾਏ ਗਏ ਹਨ। ਸਾਈਬਰ ਸੁਰੱਖਿਆ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਡੈਡੀਕੇਟਿਡ ਲਰਨਿੰਗ ਪਾਥਵੇਅ ਵੀ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਿਖਲਾਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੁਲਾਂਕਣ ਦੀ ਵਿਵਸਥਾ ਹੈ। ਕਰਮਚਾਰੀਆਂ ਨੂੰ 'ਪਬਲਿਕ ਸਰਵਿਸ ਵਿੱਚ ਸਾਈਬਰ ਸੁਰੱਖਿਆ ਦੀ ਬੁਨਿਆਦ' ਲਰਨਿੰਗ ਪਾਥਵੇਅ ਪੂਰਾ ਕਰਕੇ 'ਸਾਈਬਰ ਸੁਰੱਖਿਆ ਨਿਪੁੰਨ' ਬੈਜ ਹਾਸਲ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ।
ਸਲਸਵਿਹ/2026
*****