CM Press Release
azadi ka amrit mahotsav

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ “ਸਟਾਰਟਅੱਪ ਹਰਿਆਣਾ ਸੇਵਾ ਸੰਕਲਪ - ਵਿਚਾਰ ਤੋਂ ਵਿਸਤਾਰ ਤੱਕ” ਦਾ ਕੀਤਾ ਆਗਾਜ਼

Posted On: 02 Oct 2026 6:38PM

ਚੰਡੀਗੜ੍ਹ, 2 ਅਕਤੂਬਰ - ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਪਾਰ ਵਿਭਾਗ ਨੇ ਅੱਜ “ਸਟਾਰਟਅੱਪ ਹਰਿਆਣਾ ਸੇਵਾ ਸੰਕਲਪ – ਵਿਚਾਰ ਤੋਂ ਵਿਸਤਾਰ ਤੱਕ” ਦੀ ਸ਼ੁਰੂਆਤ ਕੀਤੀ ਹੈ। ਇਹ ਤਿੰਨ ਮਹੀਨੇ ਦਾ ਰਾਜ ਵਿਆਪੀ ਉੱਦਮਤਾ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਹਰਿਆਣਾ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਉੱਦਮੀ ਪ੍ਰਤਿਭਾਵਾਂ ਨੂੰ ਲੱਭਣਾ, ਉਨ੍ਹਾਂ ਨੂੰ ਨਿਖਾਰਨਾ ਅਤੇ ਅੱਗੇ ਵਧਾਉਣਾ ਹੈ।

ਇਸ ਪ੍ਰੋਗਰਾਮ ਦਾ ਆਗਾਜ਼ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤਾ। 

ਇਹ ਪ੍ਰੋਗਰਾਮ ਵਿਆਪਕ ਸੇਵਾ ਸੰਕਲਪ ਮੁਹਿੰਮ ਦਾ ਹਿੱਸਾ ਹੈ, ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 25 ਸਾਲਾਂ ਦੇ ਜਨਸੇਵਾ ਕਾਰਜਕਾਲ ਨੂੰ ਸਮਰਪਿਤ ਹੈ। ਦੇਸ਼ ਦੀ ਸੇਵਾ ਦੇ ਇਨ੍ਹਾਂ 25 ਸਾਲਾਂ ਤੋਂ ਪ੍ਰੇਰਣਾ ਲੈਂਦਿਆਂ ਸਟਾਰਟਅੱਪ ਹਰਿਆਣਾ ਸੇਵਾ ਸੰਕਲਪ ਨਾਗਰਿਕਾਂ ਨੂੰ ਸਰਵਉੱਚ ਰੱਖਣ ਦੀ ਉਸੇ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਇਹ ਹਰਿਆਣਾ ਦੇ ਨੌਜਵਾਨ ਨਵਾਚਾਰਕਾਂ ਅਤੇ ਉੱਦਮੀਆਂ ਨੂੰ ਅਜਿਹੇ ਸਮਾਧਾਨ ਤਿਆਰ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਲੋਕਾਂ ਦਾ ਜੀਵਨ ਬਿਹਤਰ ਬਣਾਉਣ, ਸਰਕਾਰੀ ਸੇਵਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਅਤੇ ਵਿਕਾਸ ਦਾ ਲਾਭ ਸਮਾਜ ਦੀ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚਾਉਣ।

ਇਸ ਪ੍ਰੋਗਰਾਮ ਵਿੱਚ ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਮਿਤ ਕੁਮਾਰ ਅੱਗਰਵਾਲ (ਆਈ.ਏ.ਐਸ.), ਮਹਾਨਰਿਦੇਸ਼ਕ ਡਾ. ਯਸ਼ ਗਰਗ (ਆਈ.ਏ.ਐਸ.) ਤੋਂ ਇਲਾਵਾ ਰਾਜ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਅਤੇ ਉਦਯੋਗ, ਸਟਾਰਟਅੱਪ, ਸਿੱਖਿਆ ਜਗਤ, ਇਨਕਿਊਬੇਟਰ, ਨਿਵੇਸ਼ ਜਗਤ ਅਤੇ ਉੱਦਮੀਆਂ ਦੇ ਪਤਵੰਤੇ ਪ੍ਰਤੀਨਿਧ ਵੀ ਮੌਜੂਦ ਰਹੇ।

“ਵਿਚਾਰ ਤੋਂ ਨਿਵੇਸ਼ਕ ਤੱਕ” ਦੀ ਏਕੀਕ੍ਰਿਤ ਯਾਤਰਾ ਵਜੋਂ ਤਿਆਰ ਕੀਤਾ ਗਿਆ ਇਹ ਪ੍ਰੋਗਰਾਮ ਜ਼ਮੀਨੀ ਪੱਧਰ ਦੀ ਉੱਦਮਤਾ ਨੂੰ ਜਗਾਉਣਾ ਚਾਹੁੰਦਾ ਹੈ। ਇਸ ਤਹਿਤ ਇੱਕ ਰਾਜ ਵਿਆਪੀ ਪਾਈਪਲਾਈਨ ਬਣਾਈ ਜਾਵੇਗੀ, ਜੋ ਹੁਸ਼ਿਆਰ ਵਿਚਾਰਾਂ ਨੂੰ ਲੱਭੇਗੀ, ਉੱਦਮਤਾ ਦੇ ਹੁਨਰ ਵਿਕਸਤ ਕਰੇਗੀ ਅਤੇ ਸਟਾਰਟਅੱਪਸ ਤੇ ਚਾਹਵਾਨ ਉੱਦਮੀਆਂ ਨੂੰ ਮੈਂਟਰਸ਼ਿਪ (ਸੇਧ), ਗ੍ਰਾਂਟ, ਨਿਵੇਸ਼ਕਾਂ, ਰਾਜ ਸਰਕਾਰ ਦੀ ਸਹਾਇਤਾ ਅਤੇ ਸਟਾਰਟਅੱਪ ਹਰਿਆਣਾ ਦੇ ਵਿਆਪਕ ਈਕੋਸਿਸਟਮ ਨਾਲ ਜੋੜੇਗੀ।

ਤਿੰਨ ਮਹੀਨੇ ਦਾ ਇਹ ਪ੍ਰੋਗਰਾਮ ਹਰਿਆਣਾ ਦੇ ਸਾਰੇ 23 ਜ਼ਿਲ੍ਹਿਆਂ ਨੂੰ ਕਵਰ ਕਰੇਗਾ। ਇਸ ਦਾ ਟੀਚਾ 3 ਲੱਖ ਤੋਂ ਵੱਧ ਚਾਹਵਾਨ ਉੱਦਮੀਆਂ ਅਤੇ ਸਟਾਰਟਅੱਪਸ ਨੂੰ ਜੋੜਨਾ, 50 ਉੱਚ ਸੰਭਾਵਨਾ ਵਾਲੇ ਫਾਈਨਲਿਸਟ ਤਿਆਰ ਕਰਨਾ ਅਤੇ ਚੋਟੀ ਦੇ 10 ਨੂੰ ਸਨਮਾਨਿਤ ਤੇ ਪੁਰਸਕਾਰਤ ਕਰਨਾ ਹੈ।

ਇਸ ਪਹਿਲ ਦਾ ਇੱਕ ਮੁੱਖ ਉਦੇਸ਼ ਉੱਦਮਤਾ ਨੂੰ ਗੁਰੂਗ੍ਰਾਮ ਅਤੇ ਫਰੀਦਾਬਾਦ ਵਰਗੇ ਸਥਾਪਿਤ ਸਟਾਰਟਅੱਪ ਕੇਂਦਰਾਂ ਤੋਂ ਅੱਗੇ ਲੈ ਜਾਣਾ ਅਤੇ ਦੱਖਣੀ, ਪੱਛਮੀ ਅਤੇ ਹਰਿਆਣਾ ਦੇ ਹੋਰ ਹਿੱਸਿਆਂ ਵਿੱਚ ਸਟਾਰਟਅੱਪ ਅੰਦੋਲਨ ਨੂੰ ਮਜ਼ਬੂਤ ਕਰਨਾ ਹੈ। ਜ਼ਿਲ੍ਹਾ ਪੱਧਰ 'ਤੇ ਜਾਗਰੂਕਤਾ, ਸੁਨਿਯੋਜਿਤ ਸਮਰੱਥਾ ਨਿਰਮਾਣ ਅਤੇ ਮੈਂਟਰਾਂ ਤੇ ਨਿਵੇਸ਼ਕਾਂ ਤੱਕ ਪਹੁੰਚ ਦੇ ਮਾਧਿਅਮ ਨਾਲ ਪ੍ਰੋਗਰਾਮ ਰਾਜ ਵਿੱਚ ਵਧੇਰੇ ਸਮਾਵੇਸ਼ੀ ਅਤੇ ਭੂਗੋਲਿਕ ਤੌਰ 'ਤੇ ਸੰਤੁਲਿਤ ਉੱਦਮਤਾ ਈਕੋਸਿਸਟਮ ਬਣਾਉਣਾ ਚਾਹੁੰਦਾ ਹੈ।

ਇਹ ਪ੍ਰੋਗਰਾਮ ਤਿੰਨ ਮੁੱਖ ਥੰਮ੍ਹਾਂ 'ਤੇ ਆਧਾਰਿਤ ਹੈ -  ਲੱਭੋ ਅਤੇ ਜੋੜੋ; ਨਿਰਮਾਣ, ਮਾਰਗਦਰਸ਼ਨ ਅਤੇ ਗਤੀ; ਅਤੇ ਪ੍ਰਦਰਸ਼ਨ, ਸੰਪਰਕ ਤੇ ਸਨਮਾਨ। ਇਨ੍ਹਾਂ ਨੂੰ ਛੇ ਪੜਾਵਾਂ ਦੀ ਉੱਦਮਤਾ ਯਾਤਰਾ ਰਾਹੀਂ ਲਾਗੂ ਕੀਤਾ ਜਾਵੇਗਾ:- ਰਾਜ ਵਿਆਪੀ ਆਗਾਜ਼ ਤੇ ਪ੍ਰਚਾਰ, ਜ਼ਿਲ੍ਹਾ ਆਈਡੀਆਥੌਨ, ਮਾਸਟਰਕਲਾਸ, ਮੈਂਟਰਸ਼ਿਪ ਤੇ ਟੀਅਰਿੰਗ, ਮੰਡਲ ਪੱਧਰੀ ਸੈਮੀ-ਫਾਈਨਲ ਅਤੇ ਗ੍ਰੈਂਡ ਫਿਨਾਲੇ।

ਰਾਜ ਵਿਆਪੀ ਆਗਾਜ਼ ਤੋਂ ਬਾਅਦ ਸਾਰੇ 23 ਜ਼ਿਲ੍ਹਿਆਂ ਵਿੱਚ ਇੱਕ ਦਿਨ ਦੇ ਜ਼ਿਲ੍ਹਾ ਆਈਡੀਆਥੌਨ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਵਿੱਚ ਚਾਹਵਾਨ ਉੱਦਮੀਆਂ ਅਤੇ ਸਟਾਰਟਅੱਪਸ ਨੂੰ 60 ਸਕਿੰਟ ਦੀ ਪਿੱਚ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਨ੍ਹਾਂ ਜ਼ਿਲ੍ਹਾ ਪੱਧਰੀ ਆਈਡੀਆਥੌਨ ਵਿੱਚ ਲਗਭਗ 3,450 ਭਾਗੀਦਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਇਨ੍ਹਾਂ ਵਿੱਚੋਂ ਲਗਭਗ 1,150 ਭਾਗੀਦਾਰ ਸੱਤ ਮੌਡਿਊਲਾਂ ਵਾਲੇ ਮਾਸਟਰਕਲਾਸ ਪ੍ਰੋਗਰਾਮ ਵਿੱਚ ਅੱਗੇ ਵਧਣਗੇ। ਇਸ ਵਿੱਚ ਉੱਦਮਤਾ ਯਾਤਰਾ ਦੇ ਅਹਿਮ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਵੇਂ ਫਾਊਂਡਰ ਦੀ ਸਪੱਸ਼ਟਤਾ ਤੋਂ ਲੈ ਕੇ ਵਿੱਤੀ ਪ੍ਰਬੰਧਨ ਤੱਕ, ਅਤੇ ਅੰਤ ਵਿੱਚ ਮੌਕ ਪਿੱਚ ਵੀ ਹੋਵੇਗੀ।

ਇਸ ਤੋਂ ਬਾਅਦ ਲਗਭਗ 350 ਟੀਮਾਂ ਨੂੰ ਇੱਕ-ਤੋਂ-ਇੱਕ ਮੈਂਟਰਸ਼ਿਪ ਮੇਂਟਰਸ਼ਿਪ ਮਿਲੇਗੀ ਅਤੇ ਉਨ੍ਹਾਂ ਦੇ ਪੜਾਅ ਤੇ ਲੋੜ ਦੇ ਆਧਾਰ 'ਤੇ ਉਨ੍ਹਾਂ ਨੂੰ ਦੋ ਟਰੈਕਾਂ ਵਿੱਚ ਵੰਡਿਆ ਜਾਵੇਗਾ। ਇਹ ਟੀਮਾਂ ਹਰਿਆਣਾ ਦੇ ਚਾਰ ਮੰਡਲਾਂ ਵਿੱਚ ਪਿੱਚਥੌਨ ਵਿੱਚ ਮੁਕਾਬਲਾ ਕਰਨਗੀਆਂ, ਜਿਨ੍ਹਾਂ ਵਿੱਚੋਂ ਚੋਟੀ ਦੇ 50 ਫਾਈਨਲਿਸਟ ਅੱਗੇ ਵਧਣਗੇ। ਪੂਰੀ ਪ੍ਰਕਿਰਿਆ ਇਸ ਤਰ੍ਹਾਂ ਬਣਾਈ ਗਈ ਹੈ ਕਿ ਭਾਗੀਦਾਰ ਜਾਗਰੂਕਤਾ, ਵਿਚਾਰ ਨਿਰਮਾਣ, ਸਮਰੱਥਾ ਵਿਕਾਸ, ਮੈਂਟਰਸ਼ਿਪ ਅਤੇ ਮੁਕਾਬਲੇ ਵਿੱਚੋਂ ਲੰਘਦੇ ਹੋਏ ਅੰਤ ਵਿੱਚ ਫੰਡਿੰਗ ਅਤੇ ਈਕੋਸਿਸਟਮ ਤੱਕ ਪਹੁੰਚ ਪ੍ਰਾਪਤ ਕਰਨ।

ਕਿਉਂਕਿ ਗਰੋਥ-ਸਟੇਜ ਸਟਾਰਟਅੱਪਸ ਅਤੇ ਸ਼ੁਰੂਆਤੀ ਪੱਧਰ ਦੇ ਜ਼ਮੀਨੀ ਨਵਾਚਾਰਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ, ਇਸ ਲਈ ਪ੍ਰੋਗਰਾਮ ਦਾ ਸਮਾਪਨ ਦੋ ਵੱਖ-ਵੱਖ ਟਰੈਕਾਂ ਨਾਲ ਹੋਵੇਗਾ, ਜਿਨ੍ਹਾਂ ਵਿੱਚ ਹਰੇਕ ਵਿੱਚ 25 ਫਾਈਨਲਿਸਟ ਹੋਣਗੇ। ਟਰੈਕ 1 ਵਿੱਚ ਰਜਿਸਟਰਡ ਗਰੋਥ-ਸਟੇਜ ਸਟਾਰਟਅੱਪਸ ਹੋਣਗੇ ਜੋ ਨਿਵੇਸ਼ਕ ਮਾਰਗ 'ਤੇ ਹਨ, ਜਦੋਂ ਕਿ ਟਰੈਕ 2 ਵਿੱਚ ਚਾਹਵਾਨ ਉੱਦਮੀ, ਵਿਦਿਆਰਥੀ ਅਤੇ ਜ਼ਮੀਨੀ ਨਵਾਚਾਰਕ ਹੋਣਗੇ ਜੋ ਗ੍ਰਾਂਟ ਮਾਰਗ 'ਤੇ ਹਨ।

ਪੁਰਸਕਾਰ ਢਾਂਚੇ ਤਹਿਤ ਟਰੈਕ 1 ਦੇ ਚੋਟੀ ਦੇ ਪੰਜ ਸਟਾਰਟਅੱਪਸ ਨੂੰ ਕ੍ਰਮਵਾਰ ₹15 ਲੱਖ, ₹12 ਲੱਖ, ₹10 ਲੱਖ, ₹7.5 ਲੱਖ ਅਤੇ ₹5 ਲੱਖ ਦੇ ਪੁਰਸਕਾਰ ਮਿਲਣਗੇ। ਟਰੈਕ 2 ਦੇ ਚੋਟੀ ਦੇ ਪੰਜ ਚਾਹਵਾਨ ਉੱਦਮੀਆਂ ਨੂੰ ਕ੍ਰਮਵਾਰ ₹5 ਲੱਖ, ₹4 ਲੱਖ, ₹3 ਲੱਖ, ₹2 ਲੱਖ ਅਤੇ ₹1 ਲੱਖ ਦੇ ਪੁਰਸਕਾਰ ਦਿੱਤੇ ਜਾਣਗੇ।

ਪ੍ਰੋਗਰਾਮ ਵਿੱਚ ਰਾਜ ਸਟਾਰਟਅੱਪ ਸੀਡ ਗ੍ਰਾਂਟ ਲਈ ਸਿੱਧੇ ਵਿਚਾਰ, ਨਾਲ ਹੀ ਕਲਾਉਡ ਕ੍ਰੈਡਿਟ, ਇਨਕਿਊਬੇਸ਼ਨ ਸਹਾਇਤਾ ਅਤੇ ਇੰਡਸਟਰੀ ਕਨੈਕਟ ਦੀ ਵੀ ਵਿਵਸਥਾ ਹੈ। ਸਾਰੇ 50 ਫਾਈਨਲਿਸਟਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ, ਜਦੋਂ ਕਿ ਚੁਣੇ ਹੋਏ ਸਟਾਰਟਅੱਪਸ ਨੂੰ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਪੇਸ਼ਕਾਰੀ ਦੇਣ ਦਾ ਮੌਕਾ ਮਿਲੇਗਾ।

ਆਗਾਜ਼ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਦੇਸ਼ ਵਿੱਚ ਦੋ ਨਵੇਂ ਇਨਕਿਊਬੇਟਰ ਸਥਾਪਿਤ ਕਰਨ ਲਈ ਜੇ.ਸੀ. ਬੋਸ ਯੂਨੀਵਰਸਿਟੀ ਅਤੇ ਸਟਾਰਟਅੱਪ ਐਕਸਲੇਟਰ ਚੈਂਬਰ ਆਫ਼ ਕਾਮਰਸ ਨੂੰ ਲੈਟਰ ਆਫ਼ ਇੰਟੈਂਟ (ਐੱਲ.ਓ.ਆਈ.) ਸੌਂਪੇ। ਇਹ ਇਨਕਿਊਬੇਟਰ ਕ੍ਰਮਵਾਰ ਫਰੀਦਾਬਾਦ ਅਤੇ ਪੰਚਕੂਲਾ ਵਿੱਚ ਸਥਾਪਿਤ ਕੀਤੇ ਜਾਣਗੇ। ਰਾਜ ਦੇ ਸਟਾਰਟਅੱਪ ਅਤੇ ਨਵਾਚਾਰ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਦੋ ਈਕੋਸਿਸਟਮ ਪਾਰਟਨਰਾਂ, ਜ਼ੋਹੋ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਅਤੇ ਪੇਟੀਐੱਮ ਪੇਮੈਂਟਸ ਨਾਲ ਵੀ ਐੱਲ.ਓ.ਆਈ. 'ਤੇ ਦਸਤਖ਼ਤ ਕੀਤੇ ਗਏ।

ਇਸ ਮੌਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਰਾਜ ਸਟਾਰਟਅੱਪ ਨੀਤੀ, 2022 ਤਹਿਤ ਸੀਡ ਫੰਡਿੰਗ ਪ੍ਰਾਪਤ ਕਰਨ ਵਾਲੇ 11 ਸਟਾਰਟਅੱਪਸ ਨੂੰ ਚੈੱਕ ਵੀ ਵੰਡੇ। ਇਹ ਹੁਸ਼ਿਆਰ ਸਟਾਰਟਅੱਪਸ ਅਤੇ ਉੱਦਮੀਆਂ ਨੂੰ ਵਿੱਤੀ ਤੇ ਈਕੋਸਿਸਟਮ ਸਹਿਯੋਗ ਦੇਣ ਦੀ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਪਹਿਲ ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਸਟਾਰਟਅੱਪ ਹਰਿਆਣਾ ਈਕੋਸਿਸਟਮ ਵਿੱਚ ਨਿਰੰਤਰ ਅੱਗੇ ਵਧਣ ਵਾਲੀ ਇੱਕ ਕੜੀ ਵਜੋਂ ਤਿਆਰ ਕੀਤੀ ਗਈ ਹੈ, ਜਿਸ ਨਾਲ ਹੁਸ਼ਿਆਰ ਉੱਦਮੀ ਸਰਕਾਰੀ ਸਹਾਇਤਾ, ਗ੍ਰਾਂਟ, ਇਨਕਿਊਬੇਸ਼ਨ, ਨਿਵੇਸ਼ਕਾਂ ਨਾਲ ਸੰਪਰਕ ਅਤੇ ਲੰਬੇ ਸਮੇਂ ਦੇ ਵਿਕਾਸ ਦੇ ਮੌਕੇ ਪਾ ਸਕਣ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਰਾਜ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉੱਦਮਤਾ ਦੀ ਸਮਰੱਥਾ ਦੀ ਪਛਾਣ ਅਤੇ ਸਹਿਯੋਗ ਭੂਗੋਲਿਕ ਸਥਿਤੀ ਤੋਂ ਪਰੇ ਹੋਵੇ, ਅਤੇ ਹਰਿਆਣਾ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਕਸਬਿਆਂ ਅਤੇ ਜ਼ਿਲ੍ਹਿਆਂ ਤੋਂ ਉੱਭਰਨ ਵਾਲੇ ਵਿਚਾਰਾਂ ਨੂੰ ਅੱਗੇ ਵਧਣ ਅਤੇ ਵਿਸਤਾਰ ਪਾਉਣ ਦਾ ਭਰੋਸੇਮੰਦ ਰਸਤਾ ਮਿਲੇ।

“ਆਪ ਦਾ ਜ਼ਿਲ੍ਹਾ। ਆਪ ਦਾ ਆਈਡੀਆ। ਆਪ ਦਾ ਮੰਚ।” ਦੇ ਸੱਦੇ ਨਾਲ, ਸਟਾਰਟਅੱਪ ਹਰਿਆਣਾ ਸੇਵਾ ਸੰਕਲਪ – ਵਿਚਾਰ ਤੋਂ ਵਿਸਤਾਰ ਤੱਕ ਦਾ ਉਦੇਸ਼ ਹਰਿਆਣਾ ਦੇ ਨੌਜਵਾਨਾਂ, ਨਵਾਚਾਰਕਾਂ, ਸਟਾਰਟਅੱਪਸ ਅਤੇ ਚਾਹਵਾਨ ਉੱਦਮੀਆਂ ਨੂੰ ਅੱਗੇ ਲਿਆਉਣਾ ਅਤੇ ਵਿਚਾਰਾਂ ਨੂੰ ਵੱਡੇ ਉੱਦਮਾਂ ਵਿੱਚ ਬਦਲਣ ਦਾ ਸੁਵਿਧਾਜਨਕ ਰਸਤਾ ਦੇਣਾ ਹੈ, ਨਾਲ ਹੀ ਰਾਜ ਦੇ ਨਵਾਚਾਰ ਅਤੇ ਉੱਦਮਤਾ ਈਕੋਸਿਸਟਮ ਨੂੰ ਹੋਰ ਸਸ਼ਕਤ ਬਣਾਉਣਾ ਹੈ।

ਸਲਸਵਿਹ/2026



 

*****

 


(Release ID: 8265)